floriculture

ਗਰਮ ਅਤੇ ਬਰਸਾਤ ਰੁੱਤ ਦੇ ਫੁੱਲਾਂ ਦੀ ਵਿਉਂਤਬੰਦੀ ਸਬੰਧੀ ਕੁੱਝ ਸੁਝਾਅ

ਬਦਲਦੇ ਮੌਸਮਾਂ ਦੇ ਮਿਜ਼ਾਜ ਸਦਕਾ ਜਦ ਗਰਮੀ ਦਾ ਮੌਸਮ ਦਸਤਕ ਦਿੰਦਾ ਹੈ ਤਾਂ ਫੁੱਲਾਂ ਦੇ ਸ਼ੋਕੀਨ ਗਰਮ ਰੁੱਤ ਦੇ ਫੁੱਲਾਂ ਬਾਰੇ ਸੋਚਣ-ਵਿਚਾਰਣ ਉਪਰੰਤ ਸਬੰਧਿਤ ਕਾਰਜ ਕਰਨੇ ਸ਼ੁਰੂ ਕਰ ਦਿੰਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਰਦ ਰੁੱਤ ਵਿੱਚ ਹੋਣ ਵਾਲੇ ਮੌਸਮੀ ਫੁੱਲਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ ਅਤੇ ਅਕਸਰ ਲੋਕਾਂ ਵਿੱਚ ਗਰਮ ਰੁੱਤ ਅਤੇ ਬਰਸਾਤ ਰੁੱਤ ਦੇ ਫੁੱਲਾਂ ਪ੍ਰਤੀ ਧਿਆਨ ਤੇ ਰੁਝਾਨ ਅਕਸਰ ਘੱਟ ਵੇਖਣ ਨੂੰ ਮਿਲਦਾ ਹੈ। ਗਰਮੀ ਦੇ ਦਿਨਾਂ ਵਿੱਚ ਲੋਕਾਂ ਦੀਆਂ ਬਗ਼ੀਚੀਆਂ ਫੁੱਲਾਂ ਤੋਂ ਵਾਂਝੀਆਂ ਨਜ਼ਰ ਆਉਂਦੀਆਂ ਹਨ ਜਿਹਨਾਂ ਨੂੰ ਅਸੀਂ ਬਹੁਰੰਗਾਂ ਵਿੱਚ ਆਸਾਨੀ ਨਾਲ ਭਰ ਸਕਦੇ ਹਾਂ। ਗਰਮ ਰੁੱਤ ਦੇ ਫੁੱਲਾਂ ਦੀ ਗਿਣਤੀ ਬੇਸ਼ੱਕ ਘੱਟ ਹੀ ਹੈ, ਪਰੰਤੂ ਫਿਰ ਵੀ ਇਹ ਆਪਣੇ ਹੁਸੀਨ ਰੰਗ ਨਾਲ ਸਾਡੀਆਂ ਬਗ਼ੀਚੀਆਂ ਨੂੰ ਸਜਾਉਣ ਦੀ ਸਮਰੱਥਾ ਰੱਖਦੇ ਹਨ ਸਭ ਤੋਂ ਪਹਿਲਾਂ ਤਾਂ ਸਾਨੂੰ ਫੁੱਲਾਂ ਦੇ ਸ਼ੋਕੀਨ ਹੋਣ ਦੇ ਨਾਤੇ ਇਹ ਗੱਲ ਭਲੀ-ਭਾਂਤੀ ਜਾਣਨੀ ਚਾਹੀਦੀ ਹੈ ਕਿ ਸਰਦ, ਗਰਮ ਅਤੇ ਬਰਸਾਤ ਰੁੱਤ ਵਿੱਚ ਹੋਣ ਵਾਲੇ ਮੌਸਮੀ ਫੁੱਲ ਕਿਹੜੇ-ਕਿਹੜੇ ਹਨ? ਉਨ੍ਹਾਂ ਦੀ ਪਨੀਰੀ ਕਿਹੜੇ ਮਹੀਨੇ ਲਾਉਣੀ ਚਾਹੀਦੀ ਹੈ ਅਤੇ ਉਸ ਨੂੰ ਲਾਉਣ ਦੇ ਢੰਗ-ਤਰੀਕੇ ਕੀ ਹਨ? ਨਹੀਂ ਤਾਂ ਅਕਸਰ ਲੋਕਾਂ ਨੂੰ ਫੁੱਲਾਂ ਦੀ ਯਾਦ ਤਦ ਆਉਂਦੀ ਹੈ ਜਦ ਆਉਂਦੀ ਹੈ ਜਦ ਉਹ ਹੋਰਨਾਂ ਦੇ ਘਰਾਂ ਦੀਆਂ ਬਗ਼ੀਚੀਆਂ ਵਿੱਚ ਖਿੜ ਚੁੱਕੇ ਫੁੱਲਾਂ ਨੂੰ ਵੇਖਦੇ ਹਨ। ਕਹਿਣ ਤੋਂ ਭਾਵ ਸਾਨੂੰ ਸਹੀ ਸਮੇਂ ‘ਤੇ ਬੀਜ ਪ੍ਰਾਪਤੀ ਕਰਕੇ ਅਗਲੇਰੀ ਵਿਉਂਤਬੰਦੀ ਸ਼ੁਰੂ ਕਰ ਦੇਣੀ ਚਾਹੀਦੀ ਹੈ।

ਗਰਮ ਰੁੱਤ ਦੇ ਫੁੱਲਾਂ ਦੀ ਪਨੀਰੀ ਤਿਆਰ ਕਾਰਨ ਲਈ ਬਿਜਾਈ ਫਰਵਰੀ ਮਹੀਨੇ ਤੋਂ ਸ਼ੁਰੂ ਕਰਕੇ ਅਸੀਂ ਮਾਰਚ ਮਹੀਨੇ ਤੋਂ ਸ਼ੁਰੂ ਕਰਕੇ ਅਸੀਂ ਮਾਰਚ ਮਹੀਨੇ ਤੱਕ ਲੈ ਸਕਦੇ ਹਾਂ। ਮੌਸਮ ਹਾਲਾਤ ਅਨੁਸਾਰ ਅਪ੍ਰੈਲ ਦੇ ਸ਼ੁਰੂਆਤੀ ਦਿਨਾਂ ਵਿੱਚ ਬਿਜਾਈ ਕੀਤੀ ਜਾ ਸਕਦੀ ਹੈ। ਬਿਜਾਈ ਕਾਰਨ ਤੋਂ ਪਹਿਲਾਂ ਕਿਆਰੀਆਂ ਜਾਂ ਗਮਲੇ ਆਦਿ ਚੰਗੀ ਤਰ੍ਹਾਂ ਤਿਆਰ ਕਰ ਲੈਣੇ ਚਾਹੀਦੇ ਹਨ ਅਤੇ ਉਹਨਾਂ ਵਿੱਚ ਮਿੱਟੀ, ਰੂੜੀ ਦੀ ਖਾਦ (ਗਲੀ ਹੋਈ) ਪੱਤਿਆਂ ਦੀ ਖਾਦ ਆਦਿ ਦਾ ਮਿਸ਼ਰਣ ਮਿਲਾ ਦੇਣਾ ਚਾਹੀਦਾ ਹੈ। ਪੂਰਣ ਰੂਪ ਵਿੱਚ ਤਿਆਰ ਬੈੱਡ ਜਾਂ ਕਿਆਰੀਆਂ ਉੱਪਰ ਬੀਜ ਖਿਲਾਰਨ ਉਪਰੰਤ ਉਹਨਾਂ ਨੂੰ ਢੱਕਣਾ ਨਹੀਂ ਭੁੱਲਣਾ ਚਾਹੀਦਾ ਹੈ। ਪਾਣੀ ਜਾਂ ਕਿਸੇ ਹੋਰ ਵਜ੍ਹਾ ਨਾਲ ਨੰਗੇ ਹੋਏ ਬੀਜਾਂ ਨੂੰ ਖਾਦਾਂ ਵਾਲੇ ਮਿਸ਼ਰਣ ਨਾਲ ਢੱਕ ਦੇਣਾ ਚਾਹੀਦਾ ਹੈ। ਕੋਸ਼ਿਸ਼ ਕਰੋ ਕਿ ਹਮੇਸ਼ਾਂ ਕਿਆਰੀਆਂ ਵਿੱਚ ਸਿੱਲ੍ਹ ਬਣੀ ਰਹੇ। ਸਿੱਲ੍ਹ ਬਣਾਉਣ ਖਾਤਰ ਪਹਿਲੇ ਦਿਨਾਂ ਵਿੱਚ ਬੈੱਡ ਉੱਪਰ ਅਖ਼ਬਾਰ ਵੀ ਵਿਛਾਇਆ ਜਾ ਸਕਦਾ ਹੈ। ਅੰਦਾਜ਼ਨ ਇੱਕ-ਡੇਢ ਮਹੀਨੇ ਵਿੱਚ ਪਨੀਰੀ ਤਿਆਰ ਹੋ ਜਾਂਦੀ ਹੈ ,ਜਿਸ ਨੂੰ ਬਾਅਦ ਵਿੱਚ ਅਸੀਂ ਢੁੱਕਵੇਂ ਸਥਾਨਾਂ ‘ਤੇ ਕਿਆਰੀਆਂ ਜਾਂ ਗਮਲਿਆਂ ਵਿੱਚ ਲੈ ਦਿੰਦੇ ਹਾਂ।

ਕਿਆਰੀਆਂ ਦੀ ਤਿਆਰੀ ਦੋ ਕੁ ਹਫ਼ਤੇ ਪਹਿਲਾਂ ਕਰ ਦੇਣੀ ਚਾਹੀਦੀ ਹੈ , ਜਿਸ ਤਹਿਤ ਉਹਨਾਂ ਨੂੰ ਡੂੰਘਾ ਪੁੱਟ ਕੇ ਧੁੱਪ ਲਵਾਉਣ ਉਪਰੰਤ ਉਸ ਵਿੱਚ ਗਲੀ ਹੋਈ ਰੂੜੀ ਦੀ ਖਾਦ ਜਾਂ ਹੋਰ ਲੋੜੀਂਦੀਆਂ ਖਾਦਾਂ ਜ਼ਮੀਨ ਦੀ ਉਪਰਲੀ ਤਹਿ ਵਿੱਚ ਮਿਲਾ ਦੇਣੀਆਂ ਚਾਹੀਦੀਆਂ ਹਨ। ਪੌਦੇ ਲਾਉਣ ਤੋਂ ਪਹਿਲਾਂ ਹਲਕਾ ਪਾਣੀ ਦੇਣਾ ਚਾਹੀਦਾ ਹੈ ਤਾਂ ਜੋ ਪੌਦੇ ਜੜ੍ਹ ਜਲਦੀ ਫੜ੍ਹ ਜਾਣ। ਪਨੀਰੀ ਹਮੇਸ਼ਾਂ ਦੁਪਹਿਰ ਤੋਂ ਬਾਅਦ ਲਾਉਣੀ ਚਾਹੀਦੀ ਹੈ ਅਤੇ ਪੌਦੇ ਲਾਉਣ ਤੋਂ ਤੁਰੰਤ ਬਾਅਦ ਪਾਣੀ ਦੇਣਾ ਚਾਹੀਦਾ। ਗਮਲੇ ਵਿੱਚ ਫੁੱਲ ਲਾਉਣ ਦੀ ਖਾਤਰ ਮਿੱਟੀ ਤਕਰੀਬਨ ਦੋ ਹਿੱਸੇ, ਇੱਕ ਹਿੱਸਾ ਰੂੜੀ ਦੀ ਗਲੀ ਹੋਈ ਖਾਦ ਅਤੇ ਹੋ ਸਕੇ ਤਾਂ ਇੱਕ ਹਿੱਸਾ ਗਲੀ ਹੋਈ ਪੱਤਿਆਂ ਆਦਿ ਦੀ ਖਾਦ ਪਾਉਣੀ ਚਾਹੀਦੀ ਹੈ। ਗਮਲਿਆਂ ਵਿੱਚ ਪਾਣੀ ਦੇ ਨਿਕਾਸ ਵਾਲੀ ਮੋਰੀ ਨੂੰ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਚਾਹੀਦਾ ਹੈ।

ਗਰਮ ਰੁੱਤ ਵਿੱਚ ਹੋਣ ਵਾਲੇ ਫੁੱਲਾਂ ਦੀ ਗੱਲ ਕਰੀਏ ਤਾਂ ਕੋਲੀਅਸ, ਕੋਚੀਆ, ਸੂਰਜਮੁਖੀ, ਜੀਨੀਆ, ਪੋਰਚੁਲੋਕਾ (ਦੁਪਹਿਰ ਖਿੜੀ), ਗੇਲਾਰਡੀਆ, ਗਫਰੀਨਾ ਆਦਿ ਮੁੱਖ ਰੂਪ ਵਿੱਚ ਹਨ। ਗਰਮ ਰੁੱਤ ਦੇ ਫੁੱਲ ਜਦ ਬਗ਼ੀਚੀਆਂ ਵਿੱਚ ਖਿੜ੍ਹੇ ਹੁੰਦੇ ਹਨ ਤਾਂ ਨਾਲ ਹੀ ਬਰਸਾਤ ਰੁੱਤ ਵਾਲੇ ਫੁੱਲਾਂ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ। ਬਰਸਾਤ ਰੁੱਤ ਵਾਲੇ ਫੁੱਲਾਂ ਬਿਜਾਈ ਦਾ ਸਮਾਂ ਜੂਨ ਮਹੀਨੇ ਦਾ ਪਹਿਲਾਂ ਹਫ਼ਤਾ ਹੁੰਦਾ ਹੈ ਅਤੇ ਜੁਲਾਈ ਮਹੀਨੇ ਪਨੀਰੀ ਢੁੱਕਵੇਂ ਸਥਾਨਾਂ ‘ਤੇ ਲਾਈ ਜਾਂਦੀ ਹੈ। ਬਰਸਾਤ ਰੁੱਤ ਵਿੱਚ ਲੱਗਣ ਵਾਲੇ ਫੁੱਲ ਵੀ ਗਰਮੀ ਦੀ ਰੁੱਤ ਵਾਂਗ ਗਿਣਤੀ ਵਿੱਚ ਘੱਟ ਹੀ ਹੁੰਦੇ ਹਨ ,ਜਿਹਨਾਂ ਵਿੱਚ ਮੁੱਖ ਤੌਰ ‘ਤੇ ਬਾਲਸਮ, ਕੁਕੜ ਕਲਗੀ, ਗੇਲਾਰਡੀਆ, ਅਮਰੈਂਨਥਸ ਹੁੰਦੇ ਹਨ। ਜੇਕਰ ਤੁਸੀ ਕਿਸੇ ਵਜ੍ਹਾ ਕਾਰਨ ਬੀਜ ਬੀਜ ਕੇ ਪਨੀਰੀ ਨਹੀਂ ਤਿਆਰ ਕਰ ਸਕੋ ਤਾਂ ਨਰਸਰੀਆਂ ਤੋਂ ਤਿਆਰ ਕੀਤੀਆਂ ਪਨੀਰੀਆਂ ਖਰੀਦੀਆਂ ਜਾ ਸਕਦੀਆਂ ਹਨ। ਪਨੀਰੀਆਂ ਜਾਂ ਬੀਜ ਹਮੇਸ਼ਾਂ ਕਿਸੇ ਚੰਗੀ ਨਰਸਰੀ ਤੋਂ ਖਰੀਦਣੀਆਂ ਚਾਹੀਦੀਆਂ ਹਨ। ਬਗ਼ੀਚੀ ਵਿੱਚ ਪੂਰੇ ਸਾਲ ਫੁੱਲਾਂ ਦੀ ਪ੍ਰਾਪਤੀ ਕਾਰਨ ਲਈ ਵਿਉਂਤਬੰਦੀ ਦੀ ਬਹੁਤ ਅਹਿਮੀਅਤ ਹੁੰਦੀ ਹੈ। ਸਿਰਫ਼ ਮੌਸਮੀ ਫੁੱਲ ਲਾਉਣ ਦੀ ਗੱਲ ਹੀ ਨਹੀਂ ਸਗੋਂ ਪੂਰੀ ਬਗ਼ੀਚੀ ਨੂੰ ਵਿਉਂਤਬੰਦੀ ਅਨੁਸਾਰ ਬਣਾਉਣਾ ਅਤੇ ਸੰਭਾਲਣਾ ਚਾਹੀਦਾ ਹੈ।

ਬਲਵਿੰਦਰ ਸਿੰਘ ਲੱਖੇਵਾਲੀ
ਸੰਪਰਕ : 98142-39041

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ