ਜੈਵਿਕ ਖੇਤੀ

ਜੈਵਿਕ ਖੇਤੀ ਕਿਵੇਂ ਹੈ ਕਿਸਾਨਾਂ ਲਈ ਲਾਹੇਵੰਦ ?

ਉੱਤਰੀ ਭਾਰਤ ਅਤੇ ਖਾਸ ਕਰਕੇ ਪੰਜਾਬ ਵਿਚ ਸੱਠਵੇ ਦਹਾਕੇ ਵਿਚ ਆਏ ਕਣਕ ਅਤੇ ਝੋਨੇ ਦੇ ਨਵੇਂ ਬੀਜਾਂ ਅਤੇ ਰਸਾਇਣਿਕ ਖਾਦਾਂ ਅਤੇ ਸਿੰਚਾਈ ਸਾਧਨਾਂ ਦੇ ਵਿਕਾਸ ਕਾਰਨ ਫ਼ਸਲਾਂ ਦੇ ਝਾੜ ਨਾਲ ਹੋਏ ਹੈਰਾਨੀਜਨਕ ਵਾਧੇ ਨੂੰ ਹਰੀ ਕ੍ਰਾਂਤੀ ਦੇ ਨਾਂ ਨਾਲ ਸਨਮਾਨਿਆ ਗਿਆ| ਹਰੀ ਕ੍ਰਾਂਤੀ ਦੇ ਨਾਲ ਜਿਥੇ ਅਨਾਜ਼ ਵਿਚ ਵਾਧਾ ਹੋਇਆ ਓਥੇ ਨਾਲ ਹੀ ਕਈ ਮੁਸ਼ਕਲਾਂ ਨੇ ਜਨਮ ਲਿਆ| ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕ ਦੀ ਲੋੜ ਤੋਂ ਵੱਧ ਵਰਤੋਂ ,ਦੇਸੀ ਖਾਦਾਂ ਦੀ ਵਰਤੋਂ ਪ੍ਰਤੀ ਅਣਗਹਿਲੀ ਅਤੇ ਝੋਨੇ ਅਤੇ ਕਣਕ ਦੀ ਪਰਾਲੀ ਨੂੰ ਸਾੜਨਾ ਆਦਿ ਨੇ ਸਾਡੇ ਵਾਤਾਵਰਨ ਅਤੇ ਜ਼ਮੀਨ ਦੀ ਸਿਹਤ ਤੇ ਮਾੜਾ ਪ੍ਰਭਾਵ ਪਾਇਆ |ਬੇਲੋੜੀਆਂ ਅਤੇ ਬੇ ਵਕਤੀ ਵਰਤੀਆਂ ਖਾਦਾਂ ਨੇ ਵਾਧੂ ਖਰਚੇ ਦੇ ਨਾਲ ਵਾਤਾਵਰਨ ਤੇ ਵੀ ਮਾੜਾ ਪ੍ਰਭਾਵ ਪਾਇਆ | ਆਧੁਨਿਕ ਖੇਤੀ ਦੇ ਵਾਤਾਵਰਨ ਤੇ ਬੁਰੇ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਅਤੇ ਜੈਵਿਕ ਭੋਜਨ ਦੀ ਮੰਗ ਨੇ ਜੈਵਿਕ ਖੇਤੀ ਦੀ ਲਹਿਰ ਨੂੰ ਜਨਮ ਦਿੱਤਾ|

 

ਜੈਵਿਕ ਖੇਤੀ ਕੀ ਹੈ ?

ਜੈਵਿਕ ਖੇਤੀ ਇਕ ਅਜੇਹੀ ਤਕਨੀਕ ਹੈ ਜਿਸਦੇ ਵਿੱਚ ਖੇਤ ਵਿਚ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ ਬਲਕਿ ਜੋ ਸਾਡੇ ਖੇਤਾਂ ਦੀ ਰਹਿੰਦ ਖੁੰਦ ਨੂੰ ਵਰਤ ਕੇ ਖੇਤੀ ਕਰ ਸਕਦੇ ਹਾਂ| ਜੈਵਿਕ ਖੇਤੀ ਵਿਚ ਪਸ਼ੂਆਂ ਦੇ ਗੋਬਰ ਅਤੇ ਪਿਸ਼ਾਬ ਅਧਾਰਿਤ ਖਾਦ (ਰੂੜੀ ਦੀ ਖਾਦ,ਨਾਡੇਪ ਖਾਦ ਅਤੇ ਗੰਡੋਆ ਖਾਦ ਆਦਿ ) ਅਤੇ ਤਰਲ ਖਾਦਾਂ (ਵਰਮੀਵਾਸ਼ )ਦੀ ਵਰਤੋਂ ਨਾਲ ਜਮੀਨ ਅਤੇ ਫ਼ਸਲਾਂ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ|ਜਮੀਨ ਦੀ ਸਿਹਤ ਨੂੰ ਬਣਾਈ ਰੱਖਣ ਬਲਕਿ ਤੰਦਰੁਸਤ ਰੱਖਣ ਲਈ ਰਸਾਇਣਿਕ ਖਾਦਾਂ ਨੂੰ ਛੱਡ ਕੇ ਹਰ ਤਰਾਂ ਦੇ ਖੇਤੀ ਸਰੋਤਾਂ ਅਤੇ ਕਾਸ਼ਤਕਾਰੀ ਢੰਗਾਂ ਨੂੰ ਸੰਗਠਿਤ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ|ਪੌਦੇ ਜਮੀਨ ਵਿੱਚੋ ਹੀ ਨਾਈਟਰੋਜਨ,ਫਾਸਫੋਰਸ ਅਤੇ ਪੋਟਾਸ਼ ਤੱਤ ਨੂੰ ਰਸਾਇਣਿਕ ਤੱਤ ਵਜੋਂ ਹੀ ਲੈਂਦੇ ਹਨ|

 

ਜੈਵਿਕ ਖੇਤੀ ਵਿਚ ਵਰਤੇ ਜਾਣ ਵਾਲੇ ਢੰਗ :-

ਫ਼ਸਲ ਨੂੰ ਖੁਰਾਕੀ ਤੱਤਾਂ ਦੀ ਬਹੁਤ ਲੋੜ ਹੁੰਦੀ ਹੈ ਜਿਵੇ ਮਨੁੱਖ ਨੂੰ ਰੋਟੀ ਦੀ| ਫ਼ਸਲ ਵਿਚ ਇਹਨਾਂ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਹੇਠਾਂ ਦਿਤੇ ਪਦਾਰਥ ਵਰਤੇ ਜਾਂਦੇ ਹਨ:

  • ਵਰਮੀਕੰਪੋਸਟ ਜਾ ਵਰਮੀਵਾਸ਼ :- ਇਹ ਗੰਡੋਆ ਤੋਂ ਤਿਆਰ ਕੀਤੀ ਜਾਂਦੀ ਹੈ ਜਿਸਨੂੰ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਖੇਤ ਵਿਚ ਪਾਇਆ ਜਾਂਦਾ ਹੈ|
  • ਮਟਕਾ ਖਾਦ :- ਇਸਨੂੰ ਬਣਾਉਣ ਦੇ ਲਈ 15 ਕਿਲੋ ਗਾਂ ਦਾ ਗੋਬਰ ਅਤੇ 15 ਲੀਟਰ ਪਿਸ਼ਾਬ, 15 ਲੀਟਰ ਪਾਣੀ ਅਤੇ 250 ਗ੍ਰਾਮ ਗੁੜ ਨੂੰ ਇਕ ਘੜੇ ਵਿਚ ਰਲਾ ਕੇ ਅਤੇ ਇਸਨੂੰ ਕੱਪੜੇ ਜਾ ਬੋਰੀ ਨਾਲ ਢੱਕ ਦਿਓ|ਇਸ ਨੂੰ 4-5 ਲਈ ਰੱਖ ਦਿਓ|ਇਸ ਵਿਚ 200 ਲੀਟਰ ਪਾਣੀ ਮਿਲਾ ਕੇ ਇਕ ਏਕੜ ਫ਼ਸਲ ਤੇ ਦੋ ਤੋਂ ਤਿੰਨ ਛਿੜਕਾਅ ਕੀਤੇ ਜਾਂਦੇ ਹਨ|
  • ਜੀਵ ਅੰਮ੍ਰਿਤ :- ਇਸਨੂੰ ਤਿਆਰ ਕਰਨ ਦੇ ਲਈ ਪਲਾਸਟਿਕ ਦੇ ਡ੍ਰਮ ਵਿਚ 200 ਲੀਟਰ ਪਾਣੀ ਵਿਚ 10 ਕਿਲੋ ਦੇਸੀ ਗਾਂ ਦਾ ਗੋਬਰ,10 ਲੀਟਰ ਦੇਸੀ ਗਾਂ ਦਾ ਪਿਸ਼ਾਬ ,2 ਕਿਲੋ ਗੁੜ, 2 ਕਿਲੋ ਕਿਸੇ ਵੀ ਦਾਲ ਦਾ ਆਟਾ ਅਤੇ 1/2 ਕਿਲੋ ਮਿੱਟੀ ਮਿਲਾ ਲਉ| ਮਿੱਟੀ ਨਹਿਰ ਦੇ ਕੰਢੇ ਜਾ ਕਿਸੇ ਅਜਿਹੀ ਜਗਾਹ ਤੋਂ ਲੈਣੀ ਹੈ ਜਿਥੇ ਖੇਤੀ ਰਸਾਇਣਾਂ ਦੀ ਵਰਤੋਂ ਨਾ ਹੁੰਦੀ ਰਹੀ ਹੋਏ| ਇਸਨੂੰ 5 -7 ਦਿਨਾਂ ਲਈ ਬੋਰੀ ਨਾਲ ਢੱਕ ਕੇ ਰੱਖ ਦਿਓ|ਇਸ ਘੋਲ ਨੂੰ ਦਿਨ ਵਿਚ ਤਿੰਨ ਵਾਰ ਹਿਲਾਓ| ਇਸਨੂੰ ਇਕ ਏਕੜ ਵਿਚ ਸਿੰਚਾਈ ਦੇ ਪਾਣੀ ਨਾਲ ਵਰਤਿਆ ਜਾਂਦਾ ਹੈ| ਇਸਨੂੰ ਫ਼ਸਲ ਦੇ ਉਪਰ ਵੀ ਵਰਤ ਸਕਦੇ ਹੋ|
  • ਪਾਥੀਆਂ ਦਾ ਪਾਣੀ :- 15 ਕਿਲੋ ਇਕ ਸਾਲ ਪੁਰਾਣੀ ਪਾਥੀਆਂ ਨੂੰ 50 ਲੀਟਰ ਪਾਣੀ ਵਿਚ ਪਾ ਕੇ 4 ਦਿਨਾਂ ਲਈ ਛਾਂ ਵਿਚ ਰੱਖ ਦਿਓ| ਇਸ ਪਾਣੀ ਨੂੰ 2 ਲੀਟਰ ਪ੍ਰਤੀ ਪੰਪ ਫ਼ਸਲ ਉਪਰ ਛਿੜਕਾ ਕੀਤਾ ਜਾਂਦਾ ਹੈ|
  • ਰੂੜੀ ਦੀ ਖਾਦ :- 50 ਕਿਲੋ ਰੂੜੀ ਦੀ ਖਾਦ ਵਿਚ ਇਕ ਕਿਲੋ ਟ੍ਰਾਇਕੋਡਰਮਾ ਮਿਲਾ ਕੇ ਇਸਨੂੰ ਬਿਜਾਈ ਤੋਂ ਪਹਿਲਾਂ ਖੇਤ ਵਿਚ ਪਾਓ| ਇਸਦੇ ਨਾਲ ਫ਼ਸਲ ਨੂੰ ਸਾਰੇ ਜਰੂਰੀ ਤੱਤ ਮਿਲ ਜਾਂਦੇ ਹਨ|


ਇਸੇ ਤਰਾਂ ਜੇਕਰ ਫ਼ਸਲ ਵਿਚ ਕੀਟਾਂ ਦੀ ਰੋਕਥਾਮ ਦੀ ਗੱਲ ਕਰੀਏ ਤਾ ਉਸਦੇ ਲਈ ਹੇਠਾਂ ਦਿਤੇ ਤਰੀਕੇ ਵਰਤੇ ਜਾ ਸਕਦੇ ਹਨ|

  • ਨਿਮ ਅਤੇ ਅੱਕ ਦਾ ਅਰਕ :- ਡ੍ਰਮ ਵਿਚ 200 ਲੀਟਰ ਗਾਂ ਦਾ ਪਿਸ਼ਾਬ ਲਵੋ ਅਤੇ ਇਸਨੂੰ 5 -5 ਕਿਲੋ ਨੀਮ ਅਤੇ ਅੱਕ ਦੇ ਪੱਤੇ ਪਾ ਦਿਓ| ਇਸ ਮਿਸ਼ਰਣ ਨੂੰ ਸਵੇਰੇ ਸ਼ਾਮ ਹਿਲਾਉਂਦੇ ਰਹੋ 10 ਦਿਨਾਂ ਲਈ ਰੱਖੋ| ਇਸ ਮਿਸ਼੍ਰਣ ਦਾ ਪਾਣੀ ਵਿਚ 1:14 ਦੇ ਅਨੁਪਾਤ ਵਿਚ ਫ਼ਸਲਾਂ ਦੇ ਉਪਰ ਛਿੜਕਾਅ ਕੀਤਾ ਜਾਂਦਾ ਹੈ|
  • ਹਿੰਗ :- ਰਸ ਚੂਸਣ ਵਾਲੇ ਕੀੜੇ ਦੀ ਰੋਕਥਾਮ ਦੇ ਲਈ 4 ਲੀਟਰ ਗਾਂ ਦੇ ਪਿਸ਼ਾਬ ਅਤੇ 10 ਗ੍ਰਾਮ ਹਿੰਗ ਨੂੰ 10 ਲੀਟਰ ਪਾਣੀ ਵਿਚ ਘੋਲਕੇ ਛਿੜਕਾਅ ਕਰੋ|


ਉਪਰ ਦਿਤੇ ਸਾਰੇ ਢੰਗਾਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਕਿਸਾਨ ਜੈਵਿਕ ਖਾਦ ਕਰਕੇ ਮਹਿੰਗੀਆਂ ਖਾਦਾਂ ਅਤੇ ਸਪ੍ਰੇਹਾਂ ਦੇ ਖਰਚੇ ਤੋਂ ਬਚ ਸਕਦੇ ਹਨ| ਬਸ ਉਹਨਾਂ ਨੂੰ ਲੋੜ ਹੈ ਥੋੜੀ ਜਿਹੜੀ ਮੇਹਨਤ ਦੀ ਜਿਹੜੀ ਉਹ ਨਹੀਂ ਕਰਦੇ ਛੇਤੀ ਨਤੀਜੇ ਦੇ ਚੱਕਰ ਵਿਚ ਰਸਾਇਣਿਕ ਖਾਦਾਂ ਵਰਤ ਲੈਂਦੇ ਹਨ|

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ