ਕਈ ਵਾਰ ਸੂਣ ਦੀ ਪ੍ਰਕਿਰਿਆ ਸਮੇਂ ਵਛੜਾ ਕਿਸੇ ਅੰਦਰੂਨੀ ਸੱਟ ਜਾਂ ਆੱਕਸੀਜਨ ਦੀ ਕਮੀ ਦਾ ਸ਼ਿਕਾਰ ਹੋ ਸਕਦਾ ਹੈ। ਜਨਮ ਤੋਂ ਕੁੱਝ ਸਮੇਂ ਬਾਅਦ ਵਛੜੇ ਨੂੰ ਗਰਭ ਤੋਂ ਬਾਹਰ ਦੇ ਜੀਵਨ ਲਈ ਖੁਦ ਨੂੰ ਅਨੁਕੂਲ ਬਣਾਉਂਦਾ ਪੈਂਦਾ ਹੈ।
ਇਸ ਅਨੁਕੂਲਨ ਪ੍ਰਕਿਰਿਆ ਦੇ ਦੌਰਾਨ ਵਛੜੇ ਨੂੰ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਜਿਵੇਂ ਕਿ:
• ਸਧਾਰਨ ਵਿਵਹਾਰ ਵਿੱਚ ਸੁਸਤੀ
• ਸਰੀਰਕ ਤਾਪਮਾਨ ਵਿੱਚ ਗਿਰਾਵਟ
• ਸਾਹ-ਗਤੀ ਦਾ ਅਨਿਯਮਿਤ ਹੋਣਾ
• ਕਮਜ਼ੋਰੀ
• ਨਿਸ਼ਕਿਰਿਅਤਾ
ਅਸਧਾਰਨ ਸਥਿਤੀ ਵਿੱਚ ਜਨਮ ਦੇ 15-20 ਮਿੰਟ ਬਾਅਦ ਵਛੜਾ ਬਿਮਾਰ ਹੋਣ ਦੇ ਲੱਛਣ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਜੇਕਰ ਪ੍ਰਬੰਧਨ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਇਨ੍ਹਾਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ, ਨਵੇਂ ਜਨਮੇਂ ਵਛੜੇ ਦੀ ਸਿਹਤ ਸੰਬੰਧੀ ਸਮੱਸਿਆਵਾਂ ਅਤੇ ਇਨ੍ਹਾਂ ਦੀ ਰੋਕਥਾਮ ਕਿਵੇਂ ਕੀਤੀ ਜਾਵੇ। ਆਓ ਜਾਣਦੇ ਹਾਂ:
ਆਮ ਤੌਰ ‘ਤੇ ਨਵੇਂ ਜਨਮੇਂ ਵਛੜਿਆਂ ਵਿੱਚ ਪਾਈਆਂ ਜਾਣ ਵਾਲੀਆਂ ਸਿਹਤ ਸੰਬੰਧੀ ਸਮੱਸਿਆਵਾਂ:
• ਨਿਸ਼ਕਿਰਿਆ ਜਾਂ ਸੁਸਤੀ – ਕਈ ਵਾਰ ਕਾਫੀ ਦੇਰ ਤੱਕ ਖੜ੍ਹੇ ਰਹਿਣਾ ਅਤੇ ਦੁੱਧ ਨਾ ਪੀਣਾ ਇਸਦੇ ਲੱਛਣ ਹਨ। ਸਧਾਰਨ ਗਤੀਵਿਧੀਆਂ ਅਤੇ ਫੁਰਤੀਲੇ-ਪਨ ਨਾਲ ਸਰੀਰ ਵਿੱਚ ਗਰਮੀ ਪੈਦਾ ਹੁੰਦੀ ਹੈ, ਜੋ ਬਿਮਾਰੀਆਂ ਤੋਂ ਬਚਣ ਲਈ ਰੋਗ ਪ੍ਰਤੀਰੋਧਕ ਸਮਰੱਥਾ ਪ੍ਰਦਾਨ ਕਰਦੀ ਹੈ।
• ਸਰੀਰਕ ਤਾਪਮਾਨ ਵਿੱਚ ਗਿਰਾਵਟ – ਜਨਮ ਤੋਂ ਤੁਰੰਤ ਬਾਅਦ ਵਛੜੇ ਦਾ ਸਰੀਰਕ ਤਾਪਮਾਨ ਮਾਦਾ ਦੇ ਗੁਦਾ ਤਾਪਮਾਨ ਤੋਂ ਲਗਭਗ ਇੱਕ ਜਾਂ ਦੋ ਫਾਰਨਹੀਟ ਜ਼ਿਆਦਾ ਹੋ ਜਾਂਦਾ ਹੈ, ਜੋ 15-20 ਮਿੰਟ ਵਿੱਚ 102° ਤੱਕ ਆ ਜਾਂਦਾ ਹੈ। ਜੇਕਰ ਇਹ ਤਾਪਮਾਨ ਲਗਾਤਾਰ ਡਿੱਗ ਰਿਹਾ ਹੋਵੇ ਤਾਂ ਇਹ ਇੱਕ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ।
• ਖੂਨ ਵਿੱਚ ਆਕਸੀਜਨ ਦੀ ਕਮੀ – ਸਾਹ ਪ੍ਰਣਾਲੀ ਦੇ ਠੀਕ ਢੰਗ ਨਾਲ ਕੰਮ ਨਾ ਕਰਨ ਦੇ ਕਾਰਨ ਇਹ ਸਮੱਸਿਆ ਪੈਦਾ ਹੋ ਸਕਦੀ ਹੈ। ਇਹ ਸਮੱਸਿਆ ਕਈ ਤਰ੍ਹਾਂ ਦੀਆਂ ਹੋਰ ਸਮੱਸਿਆਵਾਂ ਨੂੰ ਵੀ ਜਨਮ ਦਿੰਦੀ ਹੈ।
• ਖੂਨ ਦੀ ਅਮਲਤਾ – ਜਨਮ ਸਮੇਂ ਖੂਨ ਵਿੱਚ ਆਕਸੀਜਨ ਦੀ ਕਮੀ ਹੁੰਦੀ ਹੈ, ਜਿਸ ਨਾਲ ਖੂਨ ਹਲਕਾ ਜਿਹਾ ਤੇਜਾਬੀ ਹੁੰਦਾ ਹੈ। ਜਿਵੇਂ-ਜਿਵੇਂ ਵਛੜਾ ਸਾਹ ਲੈਣਾ ਸ਼ੁਰੂ ਕਰਦਾ ਹੈ, ਇਹ ਸਮੱਸਿਆ ਦੂਰ ਹੋ ਜਾਂਦੀ ਹੈ। ਪਰ ਜੇਕਰ ਬੱਚਾ ਸਹੀ ਨਾਲ ਸਾਹ ਨਹੀਂ ਲੈ ਰਿਹਾ ਤਾਂ ਇਹ ਸਮੱਸਿਆ ਹੋਰ ਵੀ ਵੱਧ ਸਕਦੀ ਹੈ।
• ਖੂਨ ਵਿੱਚ ਗੁਲੂਕੋਜ਼ ਦੀ ਕਮੀ – ਵਛੜੇ ਇਸ ਸਮੱਸਿਆ ਦੇ ਸ਼ਿਕਾਰ ਜ਼ਿਆਦਾ ਹੁੰਦੇ ਹਨ, ਪਰ ਕੋਲਸਟ੍ਰਮ ਜਾਂ ਬੌਲੀ ਦੀ ਸਹੀ ਖੁਰਾਕ ਤੋਂ ਬਾਅਦ ਇਹ ਸਮੱਸਿਆ ਨਹੀਂ ਹੁੰਦੀ।
• ਬਾਉਲੀ ਦੀ ਘੱਟ ਖਪਤ – ਬੌਲੀ ਵਛੜਿਆਂ ਨੂੰ ਰੋਗਾਂ ਨਾਲ ਲੜਨ ਦੀ ਸਮਰੱਥਾ ਪ੍ਰਦਾਨ ਕਰਦੀ ਹੈ। ਇਸਦੀ ਘੱਟ ਖਪਤ ਜਾਂ ਪਿਲਾਉਣ ਵਿੱਚ ਦੇਰੀ ਨਾਲ ਵਛੜੇ ਦੀ ਰੋਗ ਪ੍ਰਤੀਰੋਧਕ ਸਮਰੱਥਾ ਘੱਟ ਜਾਂਦੀ ਹੈ।
ਵਛੜੇ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪ੍ਰਬੰਧਨ
ਜਨਮ ਤੋਂ ਤੁਰੰਤ ਬਾਅਦ ਬੱਚੇ ਦੀ ਦੇਖਭਾਲ ਬਹੁਤ ਜ਼ਰੂਰੀ ਹੈ। ਉਸ ਲਈ ਹੇਠਾਂ ਲਿਖੀਆਂ ਗੱਲਾਂ ਦਾ ਧਿਆਨ ਰੱਖੋ:
• ਵਛੜੇ ਦਾ ਜਨਮ-ਸਥਾਨ ਸੁੱਕਾ, ਸਾਫ ਅਤੇ ਆਰਾਮਦਾਇਕ ਹੋਣਾ ਚਾਹੀਦਾ ਹੈ। ਵਛੜੇ ਨੂੰ ਵੱਧ ਗਰਮੀ ਜਾਂ ਸਰਦੀ ਤੋਂ ਬਚਾ ਕੇ ਰੱਖੋ।
• ਜਨਮ ਤੋਂ ਤੁਰੰਤ ਬਾਅਦ ਵਛੜੇ ਨੂੰ ਸੰਕਰਮਣ ਦਾ ਖਤਰਾ ਜ਼ਿਆਦਾ ਹੁੰਦਾ ਹੈ, ਇਸ ਲਈ ਦੂਸ਼ਿਤ ਪਦਾਰਥਾਂ ਦੇ ਸੰਪਰਕ ਵਿੱਚ ਨਾ ਆਉਣ ਦਿਓ।
ਜਨਮ ਤੋਂ 1-2 ਘੰਟੇ ਦੇ ਅੰਦਰ ਵਛੜੇ ਨੂੰ ਬੌਲੀ ਜ਼ਰੂਰ ਪਿਲਾਓ। ਇਸ ਕਿਰਿਆ ਲਈ ਜੇਰ ਡਿੱਗਣ ਦਾ ਇੰਤਜ਼ਾਰ ਨਾ ਕਰੋ। 1-2 ਘੰਟੇ ਦੇ ਵਿੱਚ-ਵਿੱਚ ਪਿਲਾਈ ਬੌਲੀ ਉਸਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੀ ਹੈ। ਵਛੜੇ ਨੂੰ ਉਸਦੇ ਵਜ਼ਨ ਦਾ 10% ਦੁੱਧ ਪਿਲਾਉਣਾ ਚਾਹੀਦਾ ਹੈ।
• ਜਨਮ ਦੇ ਠੀਕ ਬਾਅਦ ਵਛੜੇ ਦੇ ਨੱਕ-ਮੂੰਹ ਅਤੇ ਸਰੀਰ ਦੇ ਉੱਪਰ ਦੀ ਜੇਰ/ਝਿੱਲੀ ਨੂੰ ਹਟਾ ਦਿਓ।
• ਆਮ ਤੌਰ ‘ਤੇ ਗਾਂ ਵਛੜੇ ਨੂੰ ਜਨਮ ਦੇਣ ਤੋਂ ਤੁਰੰਤ ਬਾਅਦ ਹੀ ਜੀਭ ਨਾਲ ਚੱਟਣਾ ਸ਼ੁਰੂ ਕਰ ਦਿੰਦੀ ਹੈ। ਇਸ ਨਾਲ ਵਛੜੇ ਦੇ ਸਰੀਰ ਨੂੰ ਸੁੱਕਣ ਵਿੱਚ ਅਸਾਨੀ ਹੁੰਦੀ ਹੈ, ਜਿਸ ਨਾਲ ਬੱਚੇ ਦਾ ਤਾਪਮਾਨ ਨਹੀਂ ਡਿੱਗਦਾ, ਚਮੜੀ ਸਾਫ਼ ਹੋ ਜਾਂਦੀ ਹੈ ਅਤੇ ਸਾਹ-ਪ੍ਰਣਾਲੀ ਅਤੇ ਖੂਨ-ਸੰਚਾਰ ਸੁਚਾਰੂ ਹੁੰਦਾ ਹੈ।
• ਜੇਕਰ ਗਾਂ ਵਛੜੇ ਨੂੰ ਨਾ ਚੱਟੇ ਤਾਂ ਵਛੜੇ ਦੇ ਸਰੀਰ ਨੂੰ ਸੁੱਕੇ ਕੱਪੜੇ ਨਾਲ ਸਾਫ਼ ਕਰਕੇ ਸੁਕਾਓ। ਹੱਥ ਨਾਲ ਛਾਤੀ ਨੂੰ ਦਬਾ ਕੇ ਅਤੇ ਛੱਡ ਕੇ ਬਣਾਉਟੀ ਸਾਹ ਪ੍ਰਦਾਨ ਕਰੋ। ਜੇਕਰ ਸਾਹ ਲੈਣ ਵਿੱਚ ਸਮੱਸਿਆ ਆ ਰਹੀ ਹੋਵੇ ਤਾਂ ਛਾਤੀ ਮਲੋ ਅਤੇ ਬੱਚੇ ਦੀਆਂ ਪਿਛਲੀਆਂ ਲੱਤਾਂ ਫੜ੍ਹ ਕੇ ਉਸਨੂੰ ਉਲਟਾ ਲਟਕਾਓ।
• ਬੱਚੇ ਦੀ ਨਾਭੀ ਨੂੰ ਸਰੀਰ ਤੋਂ 3-4 ਉਂਗਲੀਆਂ ਹੇਠਾਂ(2-5 ਸੈ.ਮੀ.) ਦੇ ਕੋਲ-ਕੋਲ ਦੋ ਸਥਾਨਾਂ ਤੋਂ ਸਾਵਧਾਨੀ ਨਾਲ ਮਜ਼ਬੂਤ ਧਾਗੇ ਨਾਲ ਬੰਨ੍ਹੋ। ਫਿਰ ਨਵੇਂ ਬਲੇਡ ਜਾਂ ਸਾਫ਼ ਕੈਂਚੀ ਨਾਲ ਦੋਨੋਂ ਬੰਨੀਆਂ ਹੋਈਆਂ ਜਗ੍ਹਾ ਦੇ ਵਿਚਕਾਰ ਤੋਂ ਨਾਭੀ ਨੂੰ ਕੱਟ ਦਿਓ। ਇਸ ਤੋਂ ਬਾਅਦ ਕੱਟੀ ਹੋਈ ਨਾਭੀ ‘ਤੇ ਟਿੰਚਰ ਆਇਓਡੀਨ ਜਾਂ ਬੋਰਿਕ ਐਸਿਡ ਜਾਂ ਕੋਈ ਐਂਟੀਬਾਇਓਟਿਕ ਲਗਾ ਦਿਓ।
• ਵਾੜੇ ਦੇ ਗਿੱਲੇ ਵਿਛੌਣੇ ਨੂੰ ਹਟਾ ਕੇ ਜਗ੍ਹਾ ਨੂੰ ਬਿਲਕੁਲ ਸਾਫ਼ ਅਤੇ ਸੁੱਕਾ ਰੱਖਣਾ ਚਾਹੀਦਾ ਹੈ।
• ਵਛੜੇ ਦੇ ਵਜ਼ਨ ਦਾ ਬਿਓਰਾ(ਡਿਟੇਲ) ਰੱਖਣਾ ਚਾਹੀਦਾ ਹੈ।
• ਗਾਂ ਦੇ ਥਣ ਅਤੇ ਲੇਵੇ ਨੂੰ ਕਲੋਰੀਨ ਦੇ ਘੋਲ ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਸੁਕਾਓ।
• ਵਛੜੇ ਨੂੰ ਮਾਂ ਦਾ ਪਹਿਲਾਂ ਦੁੱਧ ਭਾਵ ਬਾਉਲੀ ਜਿੰਨੀ ਜਲਦੀ ਹੋ ਸਕੇ ਪਿਲਾਓ। ਵਛੜਾ ਇੱਕ ਘੰਟੇ ਵਿੱਚ ਖੜ੍ਹੇ ਹੋ ਕੇ ਦੁੱਧ ਪੀਣ ਦੀ ਕੋਸ਼ਿਸ਼ ਕਰਨ ਲੱਗਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ