ਕਾਲੇ ਤੇ ਚਮਕੀਲੇ ਰੰਗ ਵਾਲੇ ਕੜਕਨਾਥ ਮੁਰਗੇ ਦਾ ਅਸਲੀ ਸੱਚ

ਕਾਲੇ ਤੇ ਚਮਕੀਲੇ ਰੰਗ ਵਾਲੇ ਕੜਕਨਾਥ ਮੁਰਗੇ ਦਾ ਅਸਲੀ ਸੱਚ

ਪਿਛਲੇ ਕੁੱਝ ਸਮੇਂ ਤੋਂ ਕੜਕਨਾਥ ਨਸਲ ਦਾ ਮੁਰਗਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਹੁਤ ਸਾਰੇ ਲੋਕ ਮੁਰਗੇ ਦੀ ਇਸ ਨਸਲ ਨੂੰ ਪਾਲ ਰਹੇ ਹਨ ਪਰ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਕੜਕਨਾਥ ਨਾਮ ਦੀ ਨਸਲ ਕੀ ਸ਼ੈਅ ਹੈ? ਕੜਕਨਾਥ ਮੱਧ ਪ੍ਰਦੇਸ਼ ਦੀ ਨਸਲ ਹੈ। ਇਸ ਨਸਲ ਦੀ ਮਾਲਕੀ ਲਈ ਛੱਤੀਸਗੜ ਤੇ ਮੱਧ ਪ੍ਰਦੇਸ਼ ਦੋਨਾਂ ਰਾਜਾਂ ਵਿੱਚ ਕੇਸ ਚੱਲਦਾ ਰਿਹਾ ਪਰ ਮੱਧਪ੍ਰਦੇਸ਼ ਕੇਸ ਜਿੱਤ ਗਿਆ, ਜਿਸ ਕਾਰਨ ਇਹ ਹੁਣ ਮੱਧ ਪ੍ਰਦੇਸ਼ ਦੀ ਪਿਉਰ ਨਸਲ ਹੈ। ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਇਸ ਦਾ ਖੂਨ ਵੀ ਕਾਲਾ ਤੇ ਅੰਡੇ ਵੀ ਕਾਲੇ ਹਨ ਪਰ ਅਸਲ ਵਿੱਚ ਇਹ ਸੱਚ ਨਹੀਂ ਹੈ। ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ। ਅੰਡੇ ਦੇਸੀ ਅੰਡਿਆ ਦੀ ਤਰ੍ਹਾਂ ਹੁੰਦੇ ਹਨ ਤੇ ਖੂਨ ਲਾਲ ਨਾਲੋਂ ਥੋੜ੍ਹਾ ਗੂੜਾ ਲਾਲ ਹੁੰਦਾ ਹੈ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਸ ਨੂੰ ਮੀਟ ਲਈ ਸਾਫ਼ ਕਰਨਾ ਔਖਾ ਹੈ ਤੇ ਕੋਈ ਝਟਕਈ ਅਸਾਨੀ ਨਾਲ ਨਹੀਂ ਕੱਟ ਸਕਦਾ ਅਤੇ ਵਾਲ ਲਾਹੁਣ ਲਈ ਇਸ ਨੂੰ ਜਿਊਂਦੇ ਨੂੰ ਉਬਲਦੇ ਪਾਣੀ ਵਿੱਚ ਸੁੱਟਣਾ ਪੈਂਦਾ ਹੈ ਪਰ ਇਸ ਗੱਲ ਵਿੱਚ ਕੋਈ ਸੱਚਾਈ ਨਹੀਂ ਹੈ। ਇਸਦੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਫੈਟ ਬਿਲਕੁੱਲ ਘੱਟ ਹੁੰਦੀ ਹੈ। ਸੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦੇਮੰਦ ਹਨ। ਇਸ ਦੇ ਚਿਕਨ ਦਾ 800 ਰੁਪਏ ਕਿਲੋ ਤੱਕ ਰੇਟ ਹੈ ਤੇ ਛੋਟੇ ਬੱਚੇ ਜੇਕਰ ਮੱਧ ਪ੍ਰਦੇਸ਼ ਤੋਂ ਮਗਵਾਉਂਦੇ ਹੋ ਤਾਂ ਪ੍ਰਤੀ ਬੱਚਾ 90-100 ਰੁਪਏ ਤੁਹਾਨੂੰ ਮਿਲੇਗਾ। ਇਸ ਦਾ ਅੰਡਾ 45-50 ਰੁਪਏ ਪ੍ਰਤੀ ਅੰਡਾ ਸੇਲ ਹੋ ਜਾਂਦਾ ਹੈ। 3 ਮਹੀਨੇ ਤੱਕ ਇੱਕ ਬੱਚੇ ਦੇ ਪਾਲਣ ਤੇ ਖਰਚਾ 150 ਰੁਪਏ ਹੁੰਦਾ ਹੈ ਤੇ ਜਦੋਂ ਚੂਚੇ ਵੱਡੇ ਹੋ ਜਾਂਦੇ ਹਨ ਤਾਂ 1500 ਰੁਪਏ ਆਮਦਨ ਹੋ ਜਾਂਦੀ ਹੈ। ਇਸ ਨੂੰ ਫੀਡ ਨਾਰਮਲ ਬਰੈਲਰ ਵਾਲੀ ਦੇ ਸਕਦੇ ਹੋ ਜਾਂ ਇਸ ਦੇ ਨਾਲ ਪਾਲਕ ਵੀ ਖਵਾ ਸਕਦੇ ਹੋ ਜਿਸ ਵਿੱਚ ਆਇਰਨ ਹੁੰਦਾ ਹੈ ਜੋ ਇਸ ਲਈ ਫਾਇਦੇਮੰਦ ਹੁੰਦਾ ਹੈ।

ਕੀ ਹੈ ਕੌਂਟਰੈੱਕਟ ਕੰਪਨੀਆਂ ਦਾ ਸੱਚ

ਮੱਧ ਪ੍ਰਦੇਸ਼ ਵਿੱਚ ਬਹੁਤ ਸਾਰੇ ਕੜਕਨਾਥ ਮੁਰਗੇ ਦੇ ਫਾਰਮ ਹਨ ਤੇ ਇਸ ਲਈ ਬਹੁਤ ਸਾਰੀਆਂ ਕੰਪਨੀਆਂ ਕੌਂਟਰੈੱਕਟ ਕਰਦੀਆਂ ਹਨ ਤੇ ਹੁਣ ਇਹ ਕੰਪਨੀਆਂ ਪੰਜਾਬ ਵੱਲ ਵੀ ਆਪਣਾ ਕੰਮ ਵਧਾ ਰਹੀਆਂ ਹਨ। ਸਭ ਤੋਂ ਪਹਿਲੀ ਸੋਚਣ ਵਾਲੀ ਗੱਲ ਹੈ ਕਿ ਜੇਕਰ ਇਹ ਕੰਪਨੀਆਂ ਸਾਨੂੰ 35 ਰੁਪਏ ਦਾ ਅੰਡਾ ਦੇ ਰਹੀਆਂ ਹਨ ਤਾਂ ਆਪਣੇ ਤੋਂ 50 ਰੁਪਏ ਪ੍ਰਤੀ ਅੰਡਾ ਕਿਵੇਂ ਖਰੀਦਣਗੀਆਂ? ਬਾਕੀ ਬੱਚੇ ਖਰੀਦਣ ਤੋਂ ਪਹਿਲਾਂ ਪੂਰੀ ਜਾਣਕਾਰੀ ਲੈ ਕੇ ਖਰੀਦੋ ਕਿਉਂਕਿ ਕਈ ਲੋਕਾਂ ਨਾਲ ਇਹ ਧੋਖਾ ਹੋ ਰਿਹਾ ਹੈ ਕਿ ਕਈ ਫਾਰਮਾਂ ਵਾਲੇ ਕਾਲੀ ਦੇਸੀ ਕਾਲੀ ਬਰੈਲਰ ਮੁਰਗੀ ਲੈ ਕੇ ਉਸ ਨਾਲ ਕੜਕਨਾਥ ਦਾ ਕਰੋਸ ਕਰਵਾ ਲੈਂਦੇ ਹਨ। ਜਿਸ ਦਾ ਪਤਾ ਦੋ ਮਹੀਨੇ ਬਾਅਦ ਲੱਗਦਾ ਹੈ ਜਦੋਂ ਬੱਚਿਆਂ ਦੀ ਕਲਗੀ ਆ ਜਾਂਦੀ ਹੈ। ਕਰਾੱਸ ਨਸਲ ਦੇ ਬੱਚਿਆਂ ਦੀ ਕਲਗੀ ਲਾਲ ਹੁੰਦੀ ਹੈ ਉਹ ਪਿਓਰ ਕੜਕਨਾਥ ਨਹੀਂ ਹੁੰਦੇ। ਇਸ ਲਈ ਇਹ ਜ਼ਰੂਰ ਚੈੱਕ ਕਰ ਲਓ।

ਮੰਡੀਕਰਨ

ਵੱਡੇ ਪੱਧਰ ‘ਤੇ ਅਜੇ ਤੱਕ ਇਸਦੀ ਮਾਰਕੀਟਿੰਗ ਨਹੀਂ ਹੈ ਕਿਉਂਕਿ ਕਾਲੇ ਮੀਟ ਨੂੰ ਖਾਣਾ ਲੋਕ ਪਸੰਦ ਘੱਟ ਕਰਦੇ ਹਨ। ਪਰ ਛੋਟੇ ਪੱਧਰ ‘ਤੇ ਕੁੱਝ ਫਾਰਮਾਂ ਵਾਲੇ ਮੱਧਪ੍ਰਦੇਸ਼ ਤੋਂ ਬੱਚੇ ਤੇ ਅੰਡੇ ਮੰਗਵਾ ਕੇ ਸੋਸ਼ਲ ਮੀਡੀਆ ਦੀ ਮਦਦ ਨਾਲ ਮੁਨਾਫ਼ਾ ਕਮਾ ਰਹੇ ਹਨ ਪਰ ਹੌਲੀ-ਹੌਲੀ ਇਸ ਦੀ ਮਾਰਕੀਟਿੰਗ ਪੰਜਾਬ ਵਿੱਚ ਸ਼ੁਰੂ ਹੋ ਰਹੀ ਹੈ। ਜੇਕਰ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਪੋਲਟਰੀ ਫਾਰਮ ਚਲਾ ਰਹੇ ਹੋ ਤੇ ਤੁਹਾਡੇ ਆਲੇ ਦੁਆਲੇ ਤੁਹਾਡੇ ਲਿੰਕ ਲੋਕਾਂ ਨਾਲ ਵਧੀਆ ਹਨ ਤਾਂ ਤੁਸੀਂ ਅਸਾਨੀ ਨਾਲ ਇਸ ਕਿੱਤੇ ਵਿੱਚ ਕਾਮਯਾਬ ਹੋ ਸਕਦੇ ਹੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ