ਕਣਕ ਦੀ ਬਿਜਾਈ ਪੂਰੇ ਜ਼ੋਰ ਨਾਲ ਚੱਲ ਰਹੀ ਹੈ। ਹੁਣ ਉੱਨਤ ਪੀ ਬੀ ਡਬਲਯੂ 550 ਕਿਸਮ ਦੀ ਬਿਜਾਈ ਕਰੋ ਜਾਂ ਫਿਰ ਪੀ ਬੀ ਡਬਲਯੂ 550 ਕਿਸਮ ਬੀਜੋ। ਇਹ ਇੱਕ ਏਕੜ ਵਿੱਚੋਂ 23 ਕੁਇੰਟਲ ਤੋਂ ਵੱਧ ਝਾੜ ਦੇ ਦਿੰਦੀ ਹੈ। ਇਨ੍ਹਾਂ ਕਿਸਮਾਂ ਦਾ 45 ਕਿੱਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਜੇ ਖੇਤ ਵਿੱਚ ਨਦੀਨਾਂ ਦੀ ਸਮੱਸਿਆ ਨਹੀਂ ਹੈ ਅਤੇ ਪੂਰੀ ਵੱਤਰ ਹੈ ਤਾਂ ਬਿਨਾਂ ਖੇਤ ਨੂੰ ਤਿਆਰ ਕੀਤਿਆਂ ‘ਜ਼ੀਰੋ ਟਿਲ ਡ੍ਰਿਲ’ ਨਾਲ ਬਿਜਾਈ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਜੇ ਝੋਨੇ ਦੀ ਕਟਾਈ ਕੰਬਾਈਨ ਨਾਲ ਕਰਵਾਈ ਹੈ ਤਾਂ ਪਰਾਲੀ ਨੂੰ ਬਿਨ੍ਹਾਂ ਅੱਗ ਲਾਇਆਂ ‘ਹੈਪੀ ਸੀਡਰ’ ਨਾਲ ਬਿਜਾਈ ਕੀਤੀ ਜਾ ਸਕਦੀ ਹੈ। ਇਸੇ ਮਹੀਨੇ ਸਾਰੀ ਬਿਜਾਈ ਖ਼ਤਮ ਕਰ ਲੈਣੀ ਚਾਹੀਦੀ ਹੈ।
ਹੁਣ ਬੈਂਗਣਾਂ ਅਤੇ ਟਮਾਟਰਾਂ ਦੀ ਅਗਲੀ ਫ਼ਸਲ ਲਈ ਪਨੀਰੀ ਪੁੱਟ ਕੇ ਖੇਤ ਵਿੱਚ ਲਗਾਈ ਜਾ ਸਕਦੀ ਹੈ। ਪੰਜਾਬ ਨੀਲਮ, ਪੀ ਬੀ ਐਚ ਆਰ-41, ਪੀ ਬੀ ਐਚ ਆਰ-42 ਅਤੇ ਬੀ ਐਚ-2 ਗੋਲ ਬੈਂਗਣਾਂ ਦੀਆਂ ਸਿਫ਼ਾਰਿਸ਼ ਕੀਤੀਆਂ ਗਈਆਂ ਕਿਸਮਾਂ ਹਨ। ਪੀ ਬੀ ਐਚ-4, ਪੀ ਬੀ ਐੱਚ-5, ਪੰਜਾਬ ਰੌਣਕ ਅਤੇ ਪੰਜਾਬ ਸਦਾ ਬਹਾਰ ਲੰਬੇ ਬੈਂਗਣਾਂ ਦੀਆਂ ਕਿਸਮਾਂ ਹਨ। ਪੀ ਬੀ ਐਚ-3 ਤੇ ਪੰਜਾਬ ਨਗੀਨਾ ਬੈਂਗਣੀ ਦੀਆਂ ਕਿਸਮਾਂ ਹਨ। ਸਭ ਤੋਂ ਵੱਧ ਉਪਜ ਦੋਗਲੀ ਕਿਸਮ ਪੀ ਬੀ ਐਚ-4 ਤੋਂ ਕੋਈ 270 ਕੁਇੰਟਲ ਪ੍ਰਤੀ ਏਕੜ ਪ੍ਰਾਪਤ ਹੋ ਜਾਂਦੀ ਹੈ। ਬੂਟੇ ਲਗਾਉਂਦੇ ਸਮੇਂ ਲਾਈਨਾਂ ਵਿਚਕਾਰ 60 ਅਤੇ ਬੂਟਿਆਂ ਵਿਚਕਾਰ 30 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਟਮਾਟਰਾਂ ਅਤੇ ਬੈਂਗਣਾਂ ਦੀ ਅਗਲੀ ਫ਼ਸਲ ਲਈ ਪਨੀਰੀ ਹੁਣ ਬੀਜੀ ਜਾ ਸਕਦੀ ਹੈ। ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਕੇਵਲ 100 ਗ੍ਰਾਮ ਬੀਜ ਅਤੇ ਦੋ ਮਰਲੇ ਧਰਤੀ ਚਾਹੀਦੀ ਹੈ। ਬੈਂਗਣ ਦੀ ਇੱਕ ਏਕੜ ਲਈ ਪਨੀਰੀ 350 ਗ੍ਰਾਮ ਬੀਜ ਤੋਂ ਤਿਆਰ ਕੀਤੀ ਜਾ ਸਕਦੀ ਹੈ। ਟਮਾਟਰਾਂ ਦੀਆਂ ਪੰਜਾਬ ਗੌਰਵ, ਪੰਜਾਬ ਸਰਤਾਜ, ਪੰਜਾਬ ਰੈਡ ਚੈਰੀ ਅਤੇ ਪੰਜਾਬ ਛੁਆਰਾ ਕਿਸਮਾਂ ਦੀ ਬਿਜਾਈ ਦਾ ਯਤਨ ਕਰੋ। ਇਨ੍ਹਾਂ ਤੋਂ 300 ਕੁਇੰਟਲ ਤੋਂ ਵੀ ਵੱਧ ਪ੍ਰਤੀ ਏਕੜ ਟਮਾਟਰ ਪ੍ਰਾਪਤ ਹੋ ਜਾਂਦੇ ਹਨ।
ਦੋਵਾਂ ਫ਼ਸਲਾਂ ਲਈ ਖੇਤ ਤਿਆਰ ਕਰਨ ਤੋਂ ਪਹਿਲਾਂ 11 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਬੂਟੇ ਲਗਾਉਣ ਸਮੇਂ 55 ਕਿੱਲੋ ਯੂਰੀਆ, 155 ਕਿੱਲੋ ਸੁਪਰਫ਼ਾਸਫ਼ੇਟ ਅਤੇ 45 ਕਿੱਲੋ ਮਿਊਰੇਟ ਆਫ਼ ਪੋਟਾਸ਼ ਵੀ ਪ੍ਰਤੀ ਏਕੜ ਪਾਈ ਜਾਵੇ। ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰੋ।
ਜਦੋਂ ਸਰਦੀ ਵਿੱਚ ਵਾਧਾ ਹੋ ਜਾਵੇ ਤਾਂ ਪਨੀਰੀ ਨੂੰ ਠੰਢ ਤੋਂ ਬਚਾਉਣਾ ਜ਼ਰੂਰੀ ਹੈ। ਪਿਆਜ਼ ਇਕ ਹੋਰ ਰੋਕੜੀ ਫ਼ਸਲ ਹੈ। ਜਿਹੜੀ ਕੇਵਲ ਚਾਰ ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਕ ਏਕੜ ਵਿੱਚੋਂ 100 ਕੁਇੰਟਲ ਤੋਂ ਵੱਧ ਝਾੜ ਪ੍ਰਤੀ ਏਕੜ ਦਿੰਦੀ ਹੈ। ਪਿਆਜ਼ ਦੀ ਪਨੀਰੀ ਜੇ ਨਹੀਂ ਬੀਜੀ ਤਾਂ ਹੁਣ ਬੀਜ ਦੇਵੋ। ਪੰਜਾਬ ਵਿੱਚ ਕਾਸ਼ਤ ਲਈ ਪੀ ਆਰ ਓ-6, ਪੰਜਾਬ ਵਾਈਟ ਅਤੇ ਪੰਜਾਬ ਨਰੋਆ ਕਿਸਮਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਪੰਜ ਕਿੱਲੋ ਬੀਜ ਅਤੇ ਅੱਠ ਮਰਲੇ ਧਰਤੀ ਚਾਹੀਦੀ ਹੈ। ਬਿਜਾਈ 15 ਤੋਂ 20 ਸੈਂਟੀਮੀਟਰ ਉੱਚੀਆਂ ਕਿਆਰੀਆਂ ਤਿਆਰ ਕਰਕੇ ਕਰਨੀ ਚਾਹੀਦੀ ਹੈ। ਇਹ ਪਨੀਰੀ ਜਨਵਰੀ ਮਹੀਨੇ ਪੁੱਟ ਕੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇਗੀ। ਸਬਜ਼ੀਆਂ ਦੀ ਪਨੀਰੀ ਤਿਆਰ ਕਰਕੇ ਵੇਚਣ ਨਾਲ ਵੀ ਚੰਗੇ ਪੈਸੇ ਕਮਾਏ ਜਾ ਸਕਦੇ ਹਨ। ਛੋਟੇ ਕਿਸਾਨਾਂ ਨੂੰ ਇਸ ਪਾਸੇ ਉੱਦਮ ਕਰਨਾ ਚਾਹੀਦਾ ਹੈ।
ਜੇ ਕਣਕ ਦੀ ਬਿਜਾਈ ਵਿੱਚ ਹੋਰ ਪਿਛੇਤ ਹੁੰਦੀ ਹੈ ਤਾਂ ਪਿਛੇਤੀ ਬਿਜਾਈ ਲਈ ਸਿਫ਼ਾਰਿਸ਼ ਕੀਤੀਆਂ ਕਿਸਮਾਂ ਬੀਜਣੀਆਂ ਚਾਹੀਦੀਆਂ ਹਨ। ਪਿਛੇਤੀ ਬਿਜਾਈ ਲਈ ਪੀ ਬੀ ਡਬਲਯੂ 658 ਅਤੇ ਪੀ ਬੀ ਡਬਲਯੂ 590 ਕਿਸਮਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਇਹ ਪੱਕਣ ਵਿੱਚ ਕੇਵਲ 130 ਦਿਨ ਲੈਂਦੀਆਂ ਹਨ ਪਰ ਇਨ੍ਹਾਂ ਦਾ ਝਾੜ 17 ਕੁਇੰਟਲ ਪ੍ਰਤੀ ਏਕੜ ਹੀ ਰਹਿ ਜਾਂਦਾ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਜੈਵਿਕ ਖਾਦ ਦਾ ਟੀਕਾ ਲਗਾਵੋ। ਇੱਕ ਏਕੜ ਦੇ ਬੀਜ ਲਈ 250 ਗ੍ਰਾਮ ਅਜੋਟੋਬੈਕਟਰ ਅਤੇ 250 ਗ੍ਰਾਮ ਸਟਰੈਪਟੋਮਾਈਸੀਜ਼ ਨੂੰ ਇੱਕ ਲਿਟਰ ਪਾਣੀ ਵਿੱਚ ਮਿਲਾ ਕੇ ਬੀਜ ਵਿੱਚ ਚੰਗੀ ਤਰ੍ਹਾਂ ਰਲਾ ਦੇਵੋ। ਦੋ ਪਾਸੀ ਬਿਜਾਈ ਕਰਨ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ। ਇਕ ਏਕੜ ਲਈ ਨਰੋਆ ਅਤੇ ਰੋਗ ਰਹਿਤ 40 ਕਿੱਲੋ ਬੀਜ ਪਾਇਆ ਜਾਵੇ। ਜੇਕਰ ਝੋਨੇ ਦੀ ਫੱਕ ਜਾਂ ਗੰਨੇ ਦੇ ਛਿਲਕਿਆਂ ਦੀ ਸੁਆਹ ਮਿਲ ਸਕੇ ਤਾਂ ਚਾਰ ਟਨ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ। ਇਹ ਫ਼ਾਸਫ਼ੋਰਸ ਦੀ ਘਾਟ ਪੂਰੀ ਕਰਦੀ ਹੈ ਅਤੇ ਝਾੜ ਵਿਚ ਵੀ ਵਾਧਾ ਹੁੰਦਾ ਹੈ।
ਨਰਮੇ ਦੀ ਚੁਗਾਈ ਪੂਰੇ ਜ਼ੋਰ ਉੱਤੇ ਹੈ ਨਰਮਾ ਤਰੇਲ ਉਤਰਨ ਤੋਂ ਪਿਛੋਂ ਚੁਗਿਆ ਜਾਵੇ। ਚੁਗਾਈ ਕਰਦੇ ਸਮੇਂ ਸਿਰ ਉੱਤੇ ਕੱਪੜਾ ਬੰਨ੍ਹਿਆ ਜਾਵੇ। ਪੱਤੀ ਨੂੰ ਫੁੱਟੀਆਂ ਵਿੱਚ ਰਲਣ ਨਾ ਦਿੱਤਾ ਜਾਵੇ। ਚੁਗੇ ਗਏ ਨਰਮੇ ਨੂੰ ਹਮੇਸ਼ਾ ਸੁੱਕੀ ਥਾਂ ਰੱਖੋ। ਆਖਰੀ ਚੁਗਾਈ ਦਾ ਨਰਮਾ ਵੱਖਰਾ ਰੱਖਿਆ ਜਾਵੇ। ਨਰਮੇ ਨੂੰ ਸਾਫ਼-ਸੁਥਰੇ ਅਤੇ ਸਿਲ੍ਹ ਰਹਿਤ ਕਮਰੇ ਵਿਚ ਭੰਡਾਰ ਕਰੋ। ਚੂਹਿਆਂ ਤੋਂ ਸਾਵਧਾਨੀ ਵਰਤੀ ਜਾਵੇ। ਚੁਗਣ ਪਿੱਛੋਂ ਫੁੱਟੀਆਂ ਨੂੰ ਕਿਸਮ ਅਨੁਸਾਰ ਅੱਡ ਰੱਖਿਆ ਜਾਵੇ। ਇਨ੍ਹਾਂ ਨੂੰ ਆਪਸ ਵਿੱਚ ਰਲਾਉਣਾ ਨਹੀਂ ਚਾਹੀਦਾ। ਮੰਡੀ ਦਾ ਸਰਵੇਖਣ ਕਰੋ। ਜਦੋਂ ਅਤੇ ਜਿੱਥੋਂ ਭਾਅ ਵੱਧ ਮਿਲ ਰਿਹਾ ਹੈ, ਉੱਥੇ ਹੀ ਜਿਣਸ ਨੂੰ ਵੇਚਣਾ ਚਾਹੀਦਾ ਹੈ। ਆਖ਼ਰੀ ਚੁਗਾਈ ਕਰਨ ਪਿਛੋਂ ਛਿਟੀਆਂ ਨੂੰ ਖੇਤ ਵਿੱਚੋਂ ਪੁੱਟ ਦੇਵੋੋ ਅਤੇ ਖੇਤ ਦੀ ਉਲਟਾਵੇਂ ਹੱਲ ਨਾਲ ਵਹਾਈ ਕਰੋ। ਛਿਟੀਆਂ ਨੂੰ ਵੀ ਮਹੀਨੇ ਦੇ ਅੰਦਰ ਅੰਦਰ ਵਰਤ ਲੈਣਾ ਚਾਹੀਦਾ ਹੈ। ਇੰਝ ਅਗਲੀ ਫ਼ਸਲ ਵਿੱਚ ਕੀੜਿਆਂ ਦੀ ਰੋਕਥਾਮ ਹੋ ਸਕੇਗੀ।
ਸ਼ਹਿਦ ਦੀਆਂ ਮੱਖੀਆਂ ਦੇ ਜੇਕਰ ਬਕਸੇ ਰੱਖਣੇ ਹੋਣ ਤਾਂ ਹੁਣ ਢੁੱਕਵਾਂ ਸਮਾਂ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਜੇ ਸਿਖਲਾਈ ਪ੍ਰਾਪਤ ਕਰਕੇ ਬਕਸੇ ਰੱਖੇ ਜਾਣ ਤਾਂ ਸਫ਼ਲਤਾ ਯਕੀਨੀ ਹੋ ਜਾਂਦੀ ਹੈ। ਸ਼ਹਿਦ ਖ਼ੁਰਾਕੀ ਤੱਤਾਂ ਨਾਲ ਭਰਪੂਰ ਹੁੰਦਾ ਹੈ। ਕੁੱਝ ਬਕਸਿਆਂ ਤੋਂ ਸ਼ੁਰੂ ਕਰਕੇ ਹੌਲੀ ਹੌਲੀ ਇਨ੍ਹਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
ਖੁੰਭਾਂ ਨੂੰ ਵੀ ਘਰ ਵਿੱਚ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ। ਬਟਨ ਖੁੰਬ, ਢੀਂਗਰੀ ਅਤੇ ਸ਼ਟਾਕੀ ਖੁੰਬ ਦੀ ਅਲਗੀ ਫ਼ਸਲ ਦੀ ਹੁਣ ਬਿਜਾਈ ਕੀਤੀ ਜਾ ਸਕਦੀ ਹੈ। ਬਟਨ ਖੁੰਭ ਤੇ ਸ਼ਟਾਕੀ ਖੁੰਬ ਨੂੰ ਤੂੜੀ ਤੋਂ ਤਿਆਰ ਕੀਤੀ ਸਮੱਗਰੀ ਵਿੱਚ ਉਗਾਇਆ ਜਾਂਦਾ ਹੈ ਜਦੋਂਕਿ ਢੀਂਗਰੀ ਨੂੰ ਪਰਾਲੀ ਉੱਤੇ ਵੀ ਉਗਾਇਆ ਜਾ ਸਕਦਾ ਹੈ। ਆਪਣੇ ਨੇੜਲੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਸਿਖਲਾਈ ਪ੍ਰਾਪਤ ਕਰਕੇ ਘਰ ਵਿਚ ਹੀ ਖੁੰਬਾਂ ਨੂੰ ਪੈਦਾ ਕਰੋ। ਸ਼ਹਿਦ ਦੀ ਮੱਖੀਆਂ ਅਤੇ ਖੁੰਭਾਂ ਦੀ ਕਾਸ਼ਤ ਨਾਲ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਇਸ ਨਾਲ ਵਿਹਲੇ ਸਮੇਂ ਦੀ ਵਰਤੋਂ ਵੀ ਵਧੀਆ ਹੋ ਜਾਂਦਾ ਹੈ।
ਅਗਲੇ ਮਹੀਨੇ ਕਣਕ ਦੀ ਬਿਜਾਈ ਨਾ ਕੀਤੀ ਜਾਵੇ। ਇਨ੍ਹਾਂ ਖੇਤਾਂ ਵਿੱਚ ਜਨਵਰੀ ਦੇ ਮਹੀਨੇ ਪਿਆਜ਼, ਆਲੂ, ਮੱਕੀ ਜਾਂ ਸੂਰਜਮੁਖੀ ਦੀ ਬਿਜਾਈ ਕੀਤੀ ਜਾ ਸਕਦੀ ਹੈ। ਫ਼ਲਦਾਰ ਬੂਟਿਆਂ ਨੂੰ ਲੋੜ ਅਨੁਸਾਰ ਰੂੜੀ ਵਾਲੀ ਖਾਦ ਪਾ ਦੇਣੀ ਚਾਹੀਦੀ ਹੈ।
ਆਲੂ ਅਤੇ ਮਟਰ ਪੰਜਾਬ ਵਿੱਚ ਕਾਸ਼ਤ ਕੀਤੀਆਂ ਜਾਣ ਵਾਲੀਆਂ ਦੋ ਮੁੱਖ ਸਬਜ਼ੀਆਂ ਹਨ। ਪੰਜਾਬ ਵਿੱਚ ਸਬਜ਼ੀਆਂ ਹੇਠ ਸਾਰੇ ਰਕਬੇ ਦਾ ਅੱਧਾ ਹਿੱਸਾ ਕੇਵਲ ਇਨ੍ਹਾਂ ਦੋ ਸਬਜ਼ੀਆਂ ਹੇਠ ਹੀ ਹੈ। ਇਨ੍ਹਾਂ ਨੂੰ ਕੀੜੇ ਤੇ ਬਿਮਾਰੀਆਂ ਦੇ ਹਮਲੇ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਜੇਕਰ ਸਮੇਂ ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਚੋਖਾ ਨੁਕਸਾਨ ਹੋ ਸਕਦਾ ਹੈ। ਆਲੂਆਂ ਦੇ ਖੇਤ ਵਿੱਚ ਜੇਕਰ ਕੋਈ ਵਾਇਰਸ ਨਾਲ ਪ੍ਰਭਾਵਿਤ ਬੂਟਾ ਨਜ਼ਰ ਆਵੇ ਤਾਂ ਪੁਟ ਕੇ ਨਸ਼ਟ ਕਰ ਦੇਵੋ। ਯੂਰੀਏ ਦੀ ਦੂਜੀ ਕਿਸਮ ਵੀ ਪਾ ਦੇਣੀ ਚਾਹੀਦੀ ਹੈ। ਜੇਕਰ ਮਿਟੀ ਨਹੀਂ ਚਾਹੜੀ ਤਾਂ ਹੋਰ ਦੇਰ ਨਾ ਕਰੋ। ਜੇਕਰ ਝੁਲਸ ਰੋਗ ਦਾ ਹਮਲਾ ਹੋ ਗਿਆ ਹੈ ਤਾਂ ਇਸ ਦੀ ਰੋਕਥਾਮ ਲਈ ਇੰਡੋਫ਼ਿਲ ਐਮ-45 ਜਾਂ ਮਾਸ ਐੱਮ-45 ਜਾਂ ਮਾਰਕਜੈਬ ਜਾਂ ਐਂਹਰੁਕੋਲ ਜਾਂ ਕਵਚ 500 ਤੋਂ 700 ਗ੍ਰਾਮ 250-350 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾ ਕਰੋ। ਲੋੜ ਪੈਣ ਤੇ ਦੁਬਾਰਾ ਛਿੜਕਾਅ ਕਰੋ। ਮਟਰਾਂ ਦਾ ਥਰਿਪ (ਜੂੰ) ਬਹੁਤ ਨੁਕਸਾਨ ਕਰਦਾ ਹੈ। ਜੇਕਰ ਇਸ ਦਾ ਹਮਲਾ ਹੋ ਜਾਵੇ ਤਾਂ 400 ਮਿਲੀਲਿਟਰ ਰੋਗਰ 30 ਈ ਸੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾ ਕਰੋ। ਮਟਰਾਂ ਉਤੇ ਤੇਲੇ ਦਾ ਹਮਲਾ ਵੀ ਹੋ ਜਾਂਦਾ ਹੈ। ਇਸ ਦੀ ਰੋਕਥਾਮ ਵੀ ਉਤੇ ਦੱਸੀਆਂ ਜ਼ਹਿਰਾਂ ਨਾਲ ਹੀ ਹੋ ਜਾਂਦਾ ਹੈ। ਸਬਜ਼ੀਆਂ ਦੀ ਭਰਪੂਰ ਫ਼ਸਲ ਲੈਣ ਲਈ ਖੇਤ ਦਾ ਹਰ ਰੋਜ਼ ਨਿਰੀਖਣ ਕਰੋ ਤਾਂ ਜੋ ਬਿਮਾਰੀਆਂ ਅਤੇ ਕੀੜਿਆਂ ਦੇ ਹਮਲੇ ਨੂੰ ਖਾਬੂ ਕੀਤਾ ਜਾ ਸਕੇ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ