ਪੰਜਾਬ ਵਿੱਚ ਹਰੇ ਇਨਕਲਾਬ ਨਾਲ ਖੇਤੀ ਪੈਦਾਵਾਰ ਵਿੱਚ ਤਾਂ ਚੋਖ਼ਾ ਵਾਧਾ ਹੋਇਆ, ਪਰ ਕਿਸਾਨਾਂ ਨੇ ਪ੍ਰੰਪਰਾਗਤ ਕੁਦਰਤੀ ਢੰਗ ਤਰੀਕਿਆਂ ਨੂੰ ਵਿਸਾਰ ਕੇ ਖੇਤੀ ਰਸਾਇਣਾਂ ਦੀ ਬੇਲੋੜੀ ਅਤੇ ਅੰਨ੍ਹੀ ਵਰਤੋਂ ਕਰਦਿਆਂ ਧਰਤੀ ,ਪਾਣੀ, ਹਵਾ ਅਤੇ ਖਾਧ ਪਦਾਰਥਾਂ ਨੂੰ ਜ਼ਹਿਰੀਲਾ ਕਰ ਲਿਆ ਹੈ। ਅਮਰੀਕਨ ਸੁੰਡੀ, ਕਾਂਗਰਸੀ ਘਾਹ ਅਤੇ ਜਲ ਕੁੰਭੀ ਆਦਿ ਨੁਕਸਾਨਦਾਇਕ ਪੌਦੇ/ਜਾਨਵਰ ਖੇਤੀ ਵਿੱਚ ਆ ਗਏ ਹਨ। ਪਲੇਗ ਫੈਲਾਉਣ ਅਤੇ ਫਸਲਾਂ ਦਾ ਨੁਕਸਾਨ ਪਹੁੰਚਾਉਣ ਵਾਲੇ ਚੂਹਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਗਿਆ ਹੈ ਕਿਉਂਕਿ ਚੂਹਿਆਂ ਦਾ ਸ਼ਿਕਾਰ ਕਰਨ ਵਾਲੇ, ਕਿਸਾਨਾਂ ਦੇ ਮਿੱਤਰ ਮਾਸਾਹਾਰੀ ਪੰਛੀ ਉੱਲੂ, ਇੱਲਾਂ, ਬਾਜ ਤੇ ਸ਼ਿਕਰੇ ਦੂਸ਼ਿਤ ਵਾਤਾਵਰਣ ਦਾ ਸ਼ਿਕਾਰ ਹੋ ਰਹੇ ਹਨ। ਖੇਤੀ ਵਿੱਚ ਕੀਟਨਾਸ਼ਕ ਜ਼ਹਿਰਾਂ ਦੀ ਅੰਧਾਧੁੰਦ ਵਰਤੋਂ ਨਾਲ ਹਵਾ, ਪਾਣੀ ਅਤੇ ਜ਼ਮੀਨ ਦੂਸ਼ਿਤ ਹੋ ਚੁੱਕੇ ਹਨ। ਇਹ ਕੀਟਨਾਸ਼ਕ ਜ਼ਹਿਰਾਂ ਮਨੁੱਖ ਦੀ ਸਿਹਤ ਲਈ ਮਾਰੂ ਸਾਬਿਤ ਹੋ ਰਹੀਆਂ ਹਨ। ਕੇਂਦਰੀ ਪ੍ਰਦੂਸ਼ਣ ਰੋਕੂ ਬੋਰਡ ਦੀ ਰਿਪੋਰਟ ਮੁਤਾਬਿਕ ਕੀੜੇ ਅਨਾਜ ਦਾ 23%, ਬਿਮਾਰੀਆਂ 25% ਅਤੇ ਨਦੀਨ 28% ਨੁਕਸਾਨ ਕਰਦੇ ਹਨ। ਦੇਸ਼ ਵਿੱਚ ਇਸ ਵੇਲੇ ਤਕਰੀਬਨ 221 ਕੀਟਨਾਸ਼ਕ ਰਸਾਇਣ ਪੰਜੀਕ੍ਰਿਤ ਹਨ ਜੋ ਖੇਤੀ ਵਿੱਚ ਕੀੜਿਆਂ ਦੀ ਰੋਕਥਾਮ ਲਈ ਵਰਤੇ ਜਾ ਰਹੇ ਹਨ।
ਸਾਉਣੀ ਰੁੱਤ ਦੌਰਾਨ ਪੰਜਾਬ ਵਿੱਚ ਝੋਨੇ ਦੀ ਕਾਸ਼ਤ ਤਕਰੀਬਨ 28 ਲੱਖ ਹੈਕਟੇਅਰ ਰਕਬੇ ਵਿੱਚ ਕਰਕੇ ਕਰੀਬ 105 ਲੱਖ ਟਨ ਚੌਲ ਪੈਦਾ ਕੀਤੇ ਜਾਂਦੇ ਹਨ। ਝੋਨੇ ਅਤੇ ਬਾਸਮਤੀ ਉੱਪਰ ਬਹੁਤ ਸਾਰੇ ਕੀੜੇ ਅਤੇ ਬਿਮਾਰੀਆਂ ਹਮਲਾ ਕਰਕੇ ਨੁਕਸਾਨ ਕਰਦੇ ਹਨ। ਬਿਮਾਰੀਆਂ ਕਾਰਨ ਹਰ ਸਾਲ 8-10 ਫ਼ੀਸਦੀ ਨੁਕਸਾਨ ਹੁੰਦਾ ਹੈ। ਜੇਕਰ ਬਿਮਾਰੀਆਂ ਦੇ ਵਧਣ ਫੁੱਲਣ ਲਈ ਅਨੁਕੂਲ ਮੌਸਮੀ ਹਾਲਾਤ ਪੈਦਾ ਹੋ ਜਾਣ ਤਾਂ ਇਹ ਨੁਕਸਾਨ 50 ਫ਼ੀਸਦੀ ਤੱਕ ਵੀ ਪਹੁੰਚ ਜਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਮੌਸਮੀ ਤਬਦੀਲੀਆਂ, ਖੇਤੀ ਦੀਆਂ ਨਵੀਆਂ ਤਕਨੀਕਾਂ ਅਤੇ ਨਵੀਆਂ ਕਿਸਮਾਂ ਦੀ ਆਮਦ ਨਾਲ ਕੁਝ ਬਿਮਾਰੀਆਂ ਜਿਵੇਂ ਬਾਸਮਤੀ ਦੇ ਪੈਰਾਂ ਦੇ ਗਲਣ ਦਾ ਰੋਗ, ਤਣੇ ਦੁਆਲੇ ਪੱਤੇ ਦਾ ਝੁਲਸ ਰੋਗ , ਝੂਠੀ ਕਾਂਗਿਆਰੀ ਅਤੇ ਭੁਰੜ ਰੋਗ ਵਿੱਚ ਵਾਧਾ ਹੋਇਆ ਹੈ। ਝੋਨੇ ਤੇ ਬਾਸਮਤੀ ਦੀ ਫਸਲ ਉੱਪਰ ਦਰਜਨ ਤੋਂ ਵੱਧ ਕੀੜੇ ਹਮਲਾ ਕਰਦੇ ਹਨ ਪਰ ਇਨ੍ਹਾਂ ਵਿੱਚੋਂ ਕੁਝ ਬਹੁਤ ਮਹੱਤਵਪੂਰਨ ਕੀੜੇ, ਜਿਵੇਂ ਤਣੇ ਦਾ ਗੜੂੰਆਂ, ਪੱਤਾ ਲਪੇਟ ਸੁੰਡੀ, ਬੂਟਿਆਂ ਦੇ ਟਿੱਡੇ , ਜੜਾਂ ਦੀ ਸੁੰਡੀ ਹਨ। ਇਨ੍ਹਾਂ ਦੀ ਕਿਸਾਨ ਨੂੰ ਪਹਿਚਾਣ ਹੋਣ ਵਾਲੇ ਨੁਕਸਾਨ, ਰਸਾਇਣਕ ਰੋਕਥਾਮ ਤੋਂ ਇਲਾਵਾ ਗੈਰ ਰਸਾਇਣਕ ਤਰੀਕਿਆਂ ਨਾਲ ਰੋਕਥਾਮ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਦੁਸ਼ਮਣ ਕੀੜਿਆਂ ’ਤੇ ਨਿਰਭਰ ਖੇਤਾਂ ਵਿੱਚ ਮੌਜੂਦ ਮਿੱਤਰ ਕੀੜਿਆਂ ਬਾਰੇ ਜਾਣਕਾਰੀ ਹੋਣੀ ਵੀ ਜ਼ਰੂਰੀ ਹੈ ਤਾਂ ਜੋ ਕੀਟਨਾਸ਼ਕਾਂ ’ਤੇ ਨਿਰਭਰਤਾ ਘੱਟ ਕੀਤੀ ਜਾ ਸਕੇ।
ਦੁਸ਼ਮਣ ਕੀੜੇ: ਇਹ ਉਹ ਕੀੜੇ ਹੁੰਦੇ ਹਨ ਜੋ ਖੇਤਾਂ ਵਿੱਚ ਜਾਂ ਭੰਡਾਰਨ ਦੌਰਾਨ ਫਸਲਾਂ, ਖਾਧ ਪਦਾਰਥਾਂ ਜਾਂ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਹੋਣ ਜਾਂ ਆਰਥਿਕ ਤੌਰ ’ਤੇ ਨੁਕਸਾਨ ਪਹੁੰਚਾਉਣ ਜਿਵੇਂ ਤਣੇ ਦਾ ਗੜੂੰਆਂ, ਪੱਤਾ ਲਪੇਟ ਸੁੰਡੀ, ਬੂਟਿਆਂ ਦੇ ਟਿੱਡੇ, ਸਿਉਂਕ, ਹਿਸਪਾ ਉਤੇ ਜੜ੍ਹਾਂ ਦੀ ਸੁੰਡੀ, ਆਦਿ ।
ਮਿੱਤਰ ਕੀੜੇ: ਮਿੱਤਰ ਕੀੜੇ ਉਹ ਹਨ ਜੋ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਜਾਂ ਉਨ੍ਹਾਂ ਦੇ ਅੰਡਿਆਂ ਨੂੰ ਖਾ ਕੇ ਜਾਂ ਨਸ਼ਟ ਕਰਕੇ ਕਿਸਾਨ ਦੀ ਅਸਿੱਧੇ ਤੌਰ ’ਤੇ ਮਦਦ ਕਰਦੇ ਹਨ। ਝੋਨੇ ਦੀ ਫਸਲ ਵਿੱਚ ਮਿਤਰ ਕੀੜੇ ਮੁੱਖ ਤੌਰ ’ਤੇ ਦੋ ਤਰ੍ਹਾਂ ਦੇ ਹੁੰਦੇ ਹਨ:-
ਪਰਬਖਸ਼ੀ ਕੀੜੇ: ਇਹ ਦੁਸ਼ਮਣ ਕੀੜਿਆਂ ਦੇ ਅੰਡੇ, ਬੱਚੇ ਅਤੇ ਬਾਲਗ ਅਵਸਥਾ ਨੂੰ ਖਾ ਕੇ ਖੇਤ ਵਿੱਚ ਮੌਜੂਦ ਦੁਸ਼ਮਣ ਕੀੜਿਆਂ ਦੀ ਗਿਣਤੀ ਘਟਾਉਣ ਵਿੱਚ ਕਿਸਾਨ ਦੀ ਕੁਦਰਤੀ ਰੂਪ ’ਚ ਮਦਦ ਕਰਦੇ ਹਨ। ਜਿਵੇਂ ਮੱਕੜੀਆਂ ਨਰਮ ਸਰੀਰ ਵਾਲੇ ਕੀੜਿਆਂ, ਸੁੰਡੀਆਂ ਅਤੇ ਪਤੰਗਿਆਂ ਦਾ ਸ਼ਿਕਾਰ ਕਰਦੀਆਂ ਹਨ। ਡਰੈਗਨ ਫਲਾਈ ਕੀੜਾ ਝੋਨੇ ਦੇ ਖੇਤਾਂ ਵਿੱਚ ਉੱਡਦਾ ਆਮ ਵੇਖਿਆ ਜਾ ਸਕਦਾ ਹੈ ਜੋ ਨਰਮ ਦੁਸ਼ਮਣ ਕੀੜਿਆਂ ਨੂੰ ਖਾਂਦਾ ਹੈ। ਡਾਸਲ ਫਲਾਈ ਮਿੱਤਰ ਕੀੜਾ ਵੀ ਝੋਨੇ ਦੇ ਖੇਤਾਂ ਵਿੱਚ ਆਮ ਉੱਡਦਾ ਦਿਸਦਾ ਹੈ ਜੋ ਨਰਮ ਕੀੜਿਆਂ ਨੂੰ ਖਾਂਦਾ ਹੈ। ਲੇਡੀ ਬਰਡ ਬੀਟਲ ਅਤੇ ਉਫੀਨੀਆ ਛੋਟੇ ਕੀੜਿਆਂ ਅਤੇ ਕੀੜਿਆਂ ਦੇ ਬੱਚਿਆਂ ਨੂੰ ਖਾ ਕੇ ਗਿਣਤੀ ਘਟਾਉਣ ਵਿੱਚ ਮਦਦ ਕਰਦੀ ਹੈ।
ਪਰਜੀਵੀ ਕੀੜੇ: ਇਹ ਕੀੜੇ ਦੁਸ਼ਮਣ ਕੀੜਿਆਂ ਨੂੰ ਇੱਕਦਮ ਨਹੀਂ ਮਾਰਦੇ ਸਗੋਂ ਉਨ੍ਹਾਂ ਦੇ ਅੰਡਿਆਂ, ਸੁੰਡੀਆਂ ਜਾਂ ਕੋਆਂ, ਆਦਿ ਵਿੱਚ ਅੰਡੇ ਦਿੰਦੇ ਹਨ ਜਿਸ ਕਾਰਨ ਦੁਸ਼ਮਣ ਕੀੜੇ ਦੀ ਉਹ ਅਵਸਥਾ ਨਸ਼ਟ ਹੋ ਜਾਂਦੀ ਅਤੇ ਮਿੱਤਰ ਪਰਜੀਵੀ ਕੀੜਿਆਂ ਦੀ ਗਿਣਤੀ ਵਧ ਜਾਂਦੀ ਹੈ। ਇਹ ਕੀੜੇ ਕੁਦਰਤੀ ਤੌਰ ’ਤੇ ਖੇਤਾਂ ਵਿੱਚ ਮੌਜੂਦ ਹੁੰਦੇ ਹਨ ਪਰ ਇਨ੍ਹਾਂ ਕੀੜਿਆਂ ਨੂੰ ਖੋਜ ਕੇਂਦਰਾਂ ਉੱਪਰ ਪ੍ਰਯੋਗਸ਼ਾਲਾਵਾਂ ਵਿੱਚ ਪੈਦਾ ਕਰਕੇ ਖੇਤਾਂ ਵਿੱਚ ਦੁਸ਼ਮਣ ਕੀੜਿਆਂ (ਤਣੇ ਦਾ ਗੜੂੰਆਂ ਅਤੇ ਪੱਤਾ ਲਪੇਟ ਸੁੰਡੀ) ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ।ਟਰਾਈਕੋਗਰਾਮਾ ਕੀੜਾ ਦੁਸ਼ਮਣ ਕੀੜਿਆਂ ਦੇ ਅੰਡਿਆਂ ਵਿੱਚ ਆਪਣੇ ਅੰਡੇ ਦਿੰਦਾ ਹੈ। ਅਪੈਨਟੀਲਸ ਕੀੜਾ ਦੁਸ਼ਮਣ ਕੀੜਿਆਂ ਦੀਆਂ ਸੁੰਡੀਆਂ ਉਪਰ ਅੰਡਾ ਦਿੰਦਾ ਹੈ।
ਪੰਜਾਬ ਵਿੱਚ ਪ੍ਰੀਜ਼ਰਵੇਸ਼ਨ ਆਫ ਸਬ ਸਾਇਲ ਵਾਟਰ ਐਕਟ- 2009 ਲਾਗੂ ਹੋਣ ਕਾਰਨ ਝੋਨੇ ਦੀ ਲਵਾਈ ਦਸ ਜੂਨ ਤੋਂ ਪਹਿਲਾਂ ਕਰਨ ’ਤੇ ਮੁਕੰਮਲ ਪਾਬੰਦੀ ਹੋਣ ਕਾਰਨ ਪਿਛਲੇ ਕਰੀਬ ਛੇ ਸਾਲਾਂ ਤੋਂ ਜਿਥੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਸੁਧਾਰ ਹੋਇਆ ਹੈ, ਉਥੇ ਕੀਟਨਾਸ਼ਕਾਂ ਦੀ ਵਰਤੋਂ ’ਤੇ ਹੋਣ ਵਾਲੇ ਖ਼ਰਚੇ ਵੀ ਘੱਟ ਹੋਏ ਹਨ। ਦਸ ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਨਾ ਹੋਣ ਕਾਰਨ ਤਣੇ ਦੇ ਗੜੂੰਏ ਦੇ ਵਾਧੇ ਲਈ ਅਨੁਕੂਲ ਮੌਸਮੀ ਹਾਲਤਾਂ ਨਾ ਮਿਲਣ, ਕਿਸਾਨਾਂ ਦੁਆਰਾ ਕਣਕ ਦੀ ਕਟਾਈ ਤੋਂ ਬਾਅਦ ਵਾਹੇ ਖੇਤਾਂ ਵਿੱਚ ਤੇਜ਼ ਧੁੱਪ ਨਾਲ ਇਨ੍ਹਾਂ ਸੁੰਡੀਆਂ ਦਾ ਵਾਧਾ ਰੁਕ ਗਿਆ ਹੈ। ਝੋਨੇ ਅਤੇ ਬਾਸਮਤੀ ਦੀ ਫਸਲ ਉੱਪਰ ਝੁਲਸ ਰੋਗ ਦਾ ਹਮਲਾ ਵੀ ਘੱਟ ਹੋਇਆ ਹੈ। ਪੱਤਾ ਲਪੇਟ ਸੁੰਡੀ ਦੇ ਸ਼ੁਰੂਆਤੀ ਹਮਲੇ ਦੌਰਾਨ ਫਸਲ ਉੱਪਰ ਮੁੰਝ ਦੀ ਰੱਸੀ ਫੇਰਨ ਨਾਲ ਰੋਕਥਾਮ ਕੀਤੀ ਜਾ ਸਕਦੀ ਹੈ, ਕਿਉਂਕਿ ਮੁੱਝ ਦੀ ਰੱਸੀ ਦੇ ਝਟਕੇ ਨਾਲ ਪੱਤਾ ਲਪੇਟ ਸੁੰਡੀ ਜ਼ਮੀਨ ’ਤੇ ਡਿੱਗ ਪੈਂਦੀ ਹੈ ਜੋ ਦੁਬਾਰਾ ਬੂਟਿਆਂ ਉੱਪਰ ਨਹੀਂ ਚੜ੍ਹ ਸਕਦੀ। ਚੂਹਿਆਂ ਦੀ ਰੋਕਥਾਮ ਲਈ ਝੋਨੇ ਦੇ ਖੇਤਾਂ ਵਿੱਚ ਮਿੱਤਰ ਪੰਛੀ ਜਿਵੇਂ ਉੱਲੂ, ਸ਼ਿਕਰਿਆਂ ਆਦਿ ਨੂੰ ਬੈਠਣ ਲਈ ਪ੍ਰਤੀ ਏਕੜ 15- 20 ਟੀ ਬਰਡ ਪਰਚਰ ਲਗਾ ਦੇਣੇ ਚਾਹੀਦੇ ਹਨ ਤਾਂ ਜੋ ਰਾਤ ਸਮੇਂ ਇਹ ਪੰਛੀ ਇਨ੍ਹਾਂ ਉੱਪਰ ਬੈਠ ਕੇ ਚੂਹਿਆਂ ਨੂੰ ਖਾ ਸਕਣ।
ਝੋਨੇ ਦੀ ਫ਼ਸਲ ਵਿੱਚ ਕੀੜਿਆਂ ਦੀ ਸਰਬਪੱਖੀ ਰੋਕਥਾਮ ਲਈ ਜ਼ਰੂਰੀ ਹੈ ਕਿ ਬਿਮਾਰੀ ਰਹਿਤ ਬੀਜ ਦੀ ਚੋਣ ਕਰਕੇ, ਬੀਜਣ ਤੋਂ ਪਹਿਲਾਂ ਉੱਲੀ ਨਾਸ਼ਕ ਦਵਾਈਆਂ ਨਾਲ ਸੋਧ ਲਿਆ ਜਾਵੇ। ਖਾਦਾਂ ਦੀ ਸਿਫਾਰਸ਼ਾਂ ਮੁਤਾਬਿਕ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ।
ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਫ਼ਸਲ ਦਾ ਨਿਰੀਖਣ ਕਰਦੇ ਰਹਿਣ। ਕੀੜਿਆਂ ਦੀ ਪਛਾਣ ਕਰਕੇ ਹੀ ਸਿਫਾਰਸ਼ ਕੀਤੀਆਂ ਕੀੜੇਮਾਰ ਦਵਾਈਆਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਕੀਟਨਾਸ਼ਕਾਂ ਦੀ ਮਾਤਰਾ, ਪਾਣੀ ਦੀ ਮਾਤਰਾ, ਛਿੜਕਾੳ ਦਾ ਢੰਗ ਅਤੇ ਸਮੇਂ ਲਈ ਖੇਤੀ ਮਾਹਿਰਾਂ ਦੁਆਰਾ ਕੀਤੀਆਂ ਸਿਫਾਰਿਸ਼ਾਂ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ