ਅਜ਼ੌਲਾ – ਪਸ਼ੂਆਂ ਦੀ ਫੀਡ ਲਈ ਇੱਕ ਚਮਤਕਾਰੀ ਫਰਨ

ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ। ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ। ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ। ਬਾਕੀ ਹਰੇ ਚਾਰੇ ਵਾਲੀਆਂ ਫ਼ਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ ਹਨ। ਇਸ ਤੋਂ ਇਲਾਵਾ ਝੋਨੇ ਦੀ ਫ਼ਸਲ ਵਿੱਚ ਨਾਈਟ੍ਰੋਜਨ ਦੀ ਮਾਤਰਾ ਨੂੰ ਠੀਕ ਬਣਾਈ ਰੱਖਣ ਲਈ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਅਜ਼ੌਲਾ ਨੂੰ ਝੋਨੇ ਦੀ ਫ਼ਸਲ ਵਿੱਚ ਬਾਇਓ-ਖਾਦ ਜਾਂ ਹਰੀ ਖਾਦ ਦੇ ਤੌਰ ‘ਤੇ ਵੀ ਵਰਤਿਆ ਜਾਂਦਾ ਹੈ। ਇਹ ਪ੍ਰੋਟੀਨ, ਵਿਟਾਮਿਨ, ਅਮੀਨੋ ਐਸਿਡ ਅਤੇ ਖਣਿਜਾਂ(ਜਿਵੇਂ ਕਿ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ) ਦਾ ਚੰਗਾ ਸ੍ਰੋਤ ਹੈ। ਇਹ ਫੀਡ ਦੇ ਤੌਰ ‘ਤੇ ਬੱਕਰੀਆਂ, ਸੂਰਾਂ, ਭੇਡਾਂ ਅਤੇ ਖਰਗੋਸ਼ਾਂ ਨੂੰ ਵੀ ਦਿੱਤਾ ਜਾ ਸਕਦਾ ਹੈ।

ਅਜ਼ੌਲਾ ਦੀ ਖੇਤੀ:

• ਅਜ਼ੌਲਾ ਦੀ ਖੇਤੀ ਲਈ ਪਾਣੀ ਇਕੱਠਾ ਕਰਨ ਲਈ ਜਗ੍ਹਾ ਦੀ ਲੋੜ ਹੁੰਦੀ ਹੈ।

• ਪਾਣੀ ਇਕੱਠਾ ਕਰਨ ਲਈ 2 ਮੀਟਰ X 1 ਮੀਟਰ X 20 ਸੈ.ਮੀ. (ਲੰਬਾਈ X ਚੌੜਾਈ X ਉੱਚਾਈ) ਦੇ ਹਿਸਾਬ ਨਾਲ ਟੋਏ ਪੁੱਟੋ।

• ਪਾਣੀ ਰਿਸਣ, ਮਿੱਟੀ ਦੇ ਤਾਪਮਾਨ ਅਤੇ ਆਲੇ-ਦੁਆਲੇ ਤੋਂ ਪੌਦਿਆਂ ਦੀਆਂ ਜੜ੍ਹਾਂ ਦੇ ਵਿਕਾਸ ਤੋਂ ਬਚਾਅ ਲਈ ਟੋਇਆਂ ਨੂੰ ਪਲਾਸਟਿਕ ਸ਼ੀਟ ਨਾਲ ਢੱਕ ਦਿਓ।

• ਪਲਾਸਟਿਕ ਸ਼ੀਟ ‘ਤੇ ਬਰਾਬਰ ਮਾਤਰਾ ਵਿੱਚ 10-15 ਕਿਲੋ ਛਾਣੀ ਹੋਈ ਮਿੱਟੀ (ਬਿਨਾਂ ਕਿਸੇ ਮਿਲਾਵਟ ਦੇ) ਪਾਓ।

• ਗਾਰਾ ਤਿਆਰ ਕਰਨ ਲਈ ਗੋਬਰ 5 ਕਿਲੋ, ਐਜ਼ੋਫੋਸ 40 ਗ੍ਰਾਮ ਅਤੇ ਐਜ਼ੋਫਰਟ ਜਾਂ ਐੱਸ.ਐੱਸ.ਪੀ. 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਫਿਰ 8 ਸੈ.ਮੀ. ਤੱਕ ਉੱਚਾ ਪੱਧਰ ਚੁੱਕਣ ਲਈ ਹੋਰ ਪਾਣੀ ਮਿਲਾਓ।

• ਬਿਜਾਈ ਲਈ ਰੋਗ ਅਤੇ ਕੀਟਾਂ ਤੋਂ ਮੁਕਤ ਅਜ਼ੌਲਾ ਦੀ ਵਰਤੋਂ ਕਰੋ।

• ਟੋਏ ਵਿੱਚ ਅਜ਼ੌਲਾ 7-10 ਦਿਨਾਂ ਅੰਦਰ ਤਿਆਰ ਹੋ ਜਾਂਦਾ ਹੈ ਅਤੇ ਲਗਭਗ 1-1.5 ਕਿਲੋ ਪੈਦਾਵਾਰ ਪ੍ਰਾਪਤ ਹੁੰਦੀ ਹੈ।

• ਅਜ਼ੌਲਾ ਦੀ ਤੇਜ਼ੀ ਨਾਲ ਪੈਦਾਵਾਰ ਲਈ 2 ਕਿਲੋ ਗੋਬਰ, 25 ਗ੍ਰਾਮ ਐਜ਼ੋਫੋਸ ਅਤੇ 20 ਗ੍ਰਾਮ ਐਜ਼ੋਫਰਟ ਨੂੰ 2 ਲੀਟਰ ਪਾਣੀ ਵਿੱਚ ਮਿਲਾ ਕੇ ਤਿਆਰ ਕੀਤਾ ਗਾਰਾ 7 ਦਿਨ ਦੇ ਅੰਤਰਾਲ ਪਾਉਂਦੇ ਰਹੋ।

ਪਾਣੀ ‘ਚੋਂ ਅਜ਼ੌਲਾ ਬਾਹਰ ਕੱਢਣ ਦਾ ਤਰੀਕਾ

ਪਾਣੀ ‘ਚੋਂ ਅਜ਼ੌਲਾ ਕੱਢਣ ਲਈ ਪਲਾਸਟਿਕ ਨਾਲ ਬਣੀ ਟਰੇਅ ਦੀ ਵਰਤੋਂ ਕਰੋ ਜਿਸ ਵਿੱਚ 1 ਵਰਗ ਸੈ.ਮੀ. ਵਾਲੀ ਜਾਲੀ ਦੇ ਸੁਰਾਖ ਬਣੇ ਹੋਣ।

ਸਾਵਧਾਨੀਆਂ:

• ਨਾਈਟ੍ਰੋਜਨ ਤੋਂ ਇਲਾਵਾ ਜਲਦੀ ਹੀ ਥੋੜੇ ਅੰਤਰਾਲ ‘ਤੇ ਗੋਬਰ ਵਾਲਾ ਗਾਰਾ, ਸੁਪਰ ਫਾਸਫੇਟ ਅਤੇ ਹੋਰ ਮੈਕਰੋ ਅਤੇ ਸੂਖਮ-ਤੱਤ ਆਦਿ ਨਾ ਮਿਲਾਓ, ਇਸ ਨਾਲ ਇਹ ਸਮੇਂ ਤੋਂ ਪਹਿਲਾਂ ਹੀ ਪੱਕ ਜਾਂਦਾ ਹੈ।

• ਅਜ਼ੌਲਾ ਦੇ ਚੰਗੇ ਵਿਕਾਸ ਲਈ ਤਾਪਮਾਨ 30° ਸੈਲਸੀਅਸ ਤੋਂ ਘੱਟ ਰਹਿਣਾ ਚਾਹੀਦਾ ਹੈ। ਜੇਕਰ ਤਾਪਮਾਨ ਇਸ ਤੋਂ ਵੱਧਦਾ ਹੈ ਤਾਂ ਛਾਂ ਲਈ ਨੈੱਟ ਲਾ ਕੇ ਤਾਪਮਾਨ ਠੀਕ ਕਰੋ।

• ਬੇਲੋੜੀ ਘਣਤਾ ਨੂੰ ਰੋਕਣ ਲਈ ਹਰ ਰੋਜ਼ ਜਾਂ ਥੋੜੇ ਦਿਨ ਬਾਅਦ ਅਜ਼ੌਲਾ ਪਾਣੀ ਵਿੱਚੋਂ ਕੱਢਦੇ ਰਹੋ।

• ਹਰ ਰੋਜ਼ pH ਚੈੱਕ ਕਰਦੇ ਰਹੋ ਅਤੇ 5.5-7 ਤੱਕ ਬਣਾਈ ਰੱਖੋ।

• ਪਾਣੀ ‘ਚੋਂ ਅਜ਼ੌਲਾ ਕੱਢਣ ਤੋਂ ਬਾਅਦ ਚੰਗੀ ਤਰ੍ਹਾਂ ਧੋ ਕੇ ਪਸ਼ੂਆਂ ਨੂੰ ਖਾਣ ਲਈ ਦਿਓ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ