ਗੁੜ

ਆਓ ਜਾਣਦੇ ਹਾਂ ਕਿਵੇਂ ਬਣਦਾ ਹੈ ਗੰਨੇ ਤੋਂ ਗੁੜ

ਗੁੜ ਮੁੱਖ ਤੌਰ ਤੇ ਮਨੁੱਖ ਦੀ ਵਰਤੋ ਲਈ ਹੈ, ਇਸ ਦਾ ਉਪਯੋਗ ਮਿੱਠੀਆ ਵਸਤੂਆਂ ਬਣਾਉਣ ਵਿੱਚ ਕੀਤਾ ਜਾਂਦਾ ਹੈ। ਇਸ ਦਾ ਸੇਵਨ ਕੱਚੇ ਰੂਪ ਵਿੱਚ ਵੀ ਕੀਤਾ ਜਾਂਦਾ ਹੈ। ਗੁੜ ਦੀ ਵਰਤੋਂ ਸ਼ਰਾਬ ਅਤੇ ਆਯੁਰਵੈਦਿਕ ਦਵਾਈਆ ਬਣਾਉਣ ਵਿੱਚ ਵੀ ਕੀਤਾ ਜਾਂਦਾ ਹੈ। ਗੁੜ ਦੀ ਉਪਯੋਗ ਫੂਡ ਪ੍ਰੋਸੈਸਿੰਗ ਉਦਯੋਗ ਕੰਨਫੈਕਸ਼ਨਰੀ ਵਸਤੂਆਂ, ਟੋਫੀਆਂ, ਚਾਕਲੇਟਸ, ਚਿੰਗਮ ਆਦਿ ਲਈ ਕੀਤਾ ਜਾਂਦਾ ਹੈ ।

 

ਗੁੜ ਬਣਾਉਣ ਦੀ ਤਕਨੀਕ:

ਗੁੜ ਗੰਨੇ ਦਾ ਕੁਦਰਤੀ ਉਤਪਾਦ ਹੈ ਅਤੇ ਖੰਡ ਦਾ ਇੱਕ ਅਣਸੋਧਿਆ ਪਦਾਰਥ ਹੈ ਜੋ ਕਿ ਤੱਤਾਂ ਅਤੇ ਵਿਟਾਮਿਨਾਂ ਦਾ ਵੀ ਭਰਪੂਰ ਸਰੋਤ ਹੈ। ਭਾਰਤ ਵਿੱਚ ਕੁੱਲ ਗੰਨੇ ਦੇ ਉਤਪਾਦਨ ਦਾ 36 ਪ੍ਰਤੀਸ਼ਤ ਗੁੜ ਬਣਾਉਣ ਦੇ ਲਈ ਵਰਤਿਆ ਜਾਂਦਾ ਹੈ ਜਿਸ ਵਿੱਚ ਭਾਰਤ ਸੰਸਾਰ ਦਾ 60% ਗੁੜ ਉਤਪਾਦਨ ਕਰਦਾ ਹੈ।

 

ਗੁੜ ਬਣਾਉਣ ਦਾ ਢੁੱਕਵਾਂ ਅਤੇ ਸਹੀ ਸਮਾਂ:

ਗੁੜ ਬਣਾਉਣ ਦਾ ਸਹੀ ਸਮਾਂ ਨਵੰਬਰ ਤੋਂ ਲੈ ਕੇ ਅਪ੍ਰੈਲ ਤੱਕ ਹੁੰਦਾ ਹੈ। ਗੰਨੇ ਦੀਆਂ ਅਗੇਤੀਆਂ ਕਿਸਮਾਂ ਦਾ ਗੁੜ ਨਵੰਬਰ ਅਤੇ ਦਸੰਬਰ ਵਿੱਚ ਬਣਦਾ ਹੈ।ਦਰਮਿਆਨੀ-ਪਿਛੇਤੀ ਕਿਸਮਾਂ ਦਾ ਗੁੜ ਜਨਵਰੀ ਤੋਂ ਅਪ੍ਰੈਲ ਤੱਕ ਚੰਗਾ ਬਣਦਾ ਹੈ।

 

ਗੁੜ ਬਣਾਉਣ ਦੀ ਤਕਨੀਕ ਨੂੰ ਚਾਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਜੋ ਕੇ ਹੇਠ ਲੇਖ ਅਨੁਸਾਰ ਹੈ:

  • ਰਸ ਕੱਢਣਾ
  • ਰਸ ਦੀ ਸਫਾਈ
  • ਰਸ ਨੂੰ ਸੰਘਣਾ ਕਰਨਾ
  • ਭੇਲੀਆਂ ਬਣਾਉਣਾ
 

ਰਸ ਕੱਢਣਾ : ਗੁੜ ਬਣਾਉਣ ਲਈ ਹਮੇਸ਼ਾ ਗੰਨੇ ਦਾ ਹੇਠਲਾ 2/3 ਭਾਗ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਹੇਠਲੇ ਭਾਗ ਵਿੱਚ ਸੂਕਰੋਜ (ਖੰਡ) ਦੀ ਮਾਤਰਾ ਵਧੇਰੇ ਹੁੰਦੀ ਹੈ। ਗੰਨੇ ਦੀ ਕਟਾਈ ਅਤੇ ਸਫ਼ਾਈ ਤੋਂ ਬਾਅਦ ਇਸ ਦਾ ਰਸ 24 ਘੰਟਿਆਂ ਅੰਦਰ ਹੀ ਕੱਢ ਲੈਣਾ ਚਾਹੀਦਾ ਹੈ। ਰਸ ਕੱਢਣ ਉਪਰੰਤ ਰਸ ਨੂੰ ਮਲਮਲ ਦੇ ਕੱਪੜੇ ਨਾਲ ਪੁਣ ਕੇ ਇਸ ਵਿੱਚੋਂ ਗੰਨੇ ਅਤੇ ਹੋਰ ਨਾ ਵਰਤਣ ਯੋਗ ਚੀਜ਼ਾਂ ਆਦਿ ਬਾਹਰ ਕੱਢੋ।

 

ਰਸ ਦੀ ਸਫ਼ਾਈ: ਗੰਨੇ ਦੇ ਰਸ ਕੱਢਣ ਉਪਰੰਤ ਦੂਸਰਾ ਕੰਮ ਉਸ ਦੀ ਸਫ਼ਾਈ ਕਰਨਾ ਹੈ। ਰਸ ਦੀ ਸਫ਼ਾਈ ਲਈ ਆਮ ਤੌਰ ‘ਤੇ ਸੁਖਲਾਈ (ਜੰਗਲੀ ਬੂਟੀ) ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਕਿ ਆਮ ਤੌਰ ‘ਤੇ ਪੰਜਾਬ ਦੇ ਹੁਸ਼ਿਆਰਪੁਰ ਜਿਲੇ ਵਿੱਚ ਪਾਈ ਜਾਂਦੀ ਹੈ। ਇਸ ਦੀ ਵਰਤੋਂ ਲਈ ਇਸ ਦਾ ਇੱਕ ਸੰਘਣਾ ਘੋਲ ਤਿਆਰ ਕੀਤਾ ਜਾਂਦਾ ਹੈ। ਜਿਸ ਲਈ ਇਸ ਦੇ ਸੱਕ ਨੂੰ 24 ਘੰਟੇ ਪਾਣੀ ਵਿੱਚ ਭਿਉਂਣ ਉਪਰੰਤ ਹੱਥ ਨਾਲ ਚੰਗੀ ਤਰ੍ਹਾਂ ਰਗੜ ਕੇ ਚਿਕਨਾਹਟ ਭਰਪੂਰ ਘੋਲ ਤਿਆਰ ਕਰ ਲਿਆ ਜਾਂਦਾ ਹੈ ਜੋ ਰਸ ਸਫ਼ਾਈ ਵਾਸਤੇ ਵਰਤਿਆ ਜਾਂਦਾ ਹੈ। ਇਹ ਘੋਲ ਰਸ ਵਿੱਚੋਂ ਕਈ ਤਰਾਂ ਦੇ ਅਣਚਾਹੇ ਪਦਾਰਥ ਜਿਵੇਂ ਕਿ ਰੰਗਦਾਰ ਮਾਦਾ ਅਤੇ ਹੋਰ ਨਾਈਟ੍ਰੋਜਨ ਭਰਪੂਰ ਚੀਜ਼ਾਂ ਆਦਿ ਅਲੱਗ ਕਰਨ ਵਿੱਚ ਮਦਦ ਕਰਦਾ ਹੈ। ਇਸ ਘੋਲ ਦੀ ਵਰਤੋਂ ਗੁੜ ਦਾ ਵਧੀਆ ਕਣ ਅਤੇ ਠੋਸਪਣ ਵਿੱਚ ਸਹਾਈ ਹੁੰਦਾ ਹੈ।ਇੱਕ ਲੀਟਰ ਘੋਲ 100 ਲੀਟਰ ਰਸ ਦੀ ਸਫ਼ਾਈ ਲਈ ਕਾਫ਼ੀ ਹੁੰਦਾ ਹੈ। ਇਸ ਘੋਲ ਤੋਂ ਇਲਾਵਾ ਕੁੱਝ ਖਾਸ ਰਸਾਇਣ ਜਿਵੇਂ ਕਿ ਸੁਪਰਫਾਸਫੇਟ, ਫਾਸਪੋਰਿਕ ਐਸਿਡ, ਸੋਡੀਅਮ ਕਾਰਬੋਨੇਟ, ਸੋਡੀਅਮ ਬਾਈਕਾਰਬੋਨੇਟ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ।

 

ਰਸ ਨੂੰ ਸੰਘਣਾ ਕਰਨਾ : ਰਸ ਦੀ ਸਫਾਈ ਕਰਨ ਬਾਅਦ ਇਸ ਨੂੰ ਉਬਾਲਣ ਵਾਲੇ ਕੜਾਹੇ ਵਿੱਚ ਪਾਇਆ ਜਾਂਦਾ ਹੈ। ਇਸ ਕੜਾਹੇ ਨੂੰ ਉਸ ਦੀ ਸਮਰੱਥਾ ਦੇ 1/3 ਹਿੱਸੇ ਤੱਕ ਭਰਨ ਉਪਰੰਤ ਇਸ ਨੂੰ ਮੱਠੇ-ਮੱਠੇ ਸੇਕ ‘ਤੇ ਗਰਮ ਕੀਤਾ ਜਾਂਦਾ ਹੈ ਤਾਂ ਜੋ ਰਸ ਦਾ ਤਾਪਮਾਨ 85 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇ। ਇਸ ਤਾਪਮਾਨ ਦੇ ਰਸ ਵਿੱਚੋਂ ਨਾਈਟ੍ਰੋਜਨ ਭਰਪੂਰ ਤੱਤ ਅਤੇ ਹੋਰ ਅਣਚਾਹੇ ਪਦਾਰਥ ਇੱਕ ਝੱਗ ਦੀ ਤਰ੍ਹਾਂ ਰਸ ਉੱਪਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਉੱਪਰ ਆਈ ਹੋਈ ਝੱਗ ਨੂੰ ਸਾਫ਼ ਕਰਨ ਉਪਰੰਤ ਰਸ ਨੂੰ ਤੇਜ਼ ਤਾਪਮਾਨ ‘ਤੇ ਉਬਾਲਿਆ ਜਾਂਦਾ ਹੈ। ਜਦੋਂ ਉਬਲ ਰਹੇ ਰਸ ਦਾ ਤਾਪਮਾਨ 100 ਡਿਗਰੀ ਸੈਲਸੀਅਸ ਤੋਂ ਉੱਪਰ ਜਾਣ ਲੱਗ ਪਏ ਤਾਂ ਅੱਗ ਦਾ ਸੇਕ ਘੱਟ ਕਰਕੇ ਪੱਤ ਦੇ ਬਣਨ ‘ਤੇ ਤਾਪਮਾਨ 114 -116 ਡਿਗਰੀ ਸੈਲਸੀਅਸ ਗੁੜ ਲਈ ਅਤੇ 120 -122 ਡਿਗਰੀ ਸੈਲਸੀਅਸ ਸ਼ੱਕਰ ਲਈ ਤੱਕ ਗਰਮ ਕੀਤਾ ਜਾਂਦਾ ਹੈ।

 

ਭੇਲੀਆਂ ਬਣਾਉਣਾ : ਜਦੋਂ ਪੱਤ ਦਾ ਤਿਆਰ ਹੋ ਜਾਵੇ ਤਾਂ ਇਸ ਨੂੰ ਤੁਰੰਤ ਐਲੂਮੀਨੀਅਮ, ਮਿੱਟੀ ਜਾਂ ਲੱਕੜੀ ਦੀ ਬਣੀ ਗੰਡ (ਬਰਤਨ) ਵਿੱਚ ਪਾ ਦਿਓ। ਜੋ ਕਿ ਪੱਤ ਦੇ ਠੰਢੇ ਹੋਣ ਅਤੇ ਚੰਗਾ ਕਣ ਬਣਨ ਲਈ ਸਹਾਈ ਹੁੰਦਾ ਹੈ। ਪੱਤ ਨੂੰ ਬਰਤਨ ਵਿੱਚ ਠੰਢਾ ਹੋਣ ਲਈ ਕੁੱਝ ਸਮੇਂ ਲਈ ਛੱਡ ਦਿਓ। ਜਦੋਂ ਪੱਤ ਭੇਲੀਆਂ ਬਣਾਉਣ ਯੋਗ ਹੋ ਜਾਵੇ ਤਾਂ ਲੋਹੇ ਦੀ ਬਣੀ ਖੁਰਪੀ ਨਾਲ ਮਨ- ਭਾਉਂਦੇ ਆਕਾਰ ਦੀਆਂ ਭੇਲੀਆਂ ਬਣਾ ਲਓ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ