ਕਣਕ ਦੀ ਬਿਜਾਈ: ਵਿਉਂਤਬੰਦੀ ਦਾ ਵੇਲਾ

ਹੁਣ ਪੰਜਾਬ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਦਾ ਸਮਾਂ ਆ ਗਿਆ ਹੈ। ਦੂਜੀਆਂ ਸਾਰੀਆਂ ਫ਼ਸਲਾਂ ਦੇ ਮੁਕਾਬਲੇ ਇਸ ਦੀ ਕਾਸ਼ਤ ਸਭ ਤੋਂ ਵੱਧ ਰਕਬੇ ਵਿੱਚ ਕੀਤੀ ਜਾਂਦੀ ਹੈ। ਕਣਕ ਦੀ ਬਿਜਾਈ ਕੋਈ 35 ਲੱਖ ਹੈਕਟਰ ਤੋਂ ਵੀ ਵੱਧ ਰਕਬੇ ਵਿਚ ਕੀਤੀ ਜਾਂਦੀ ਹੈ। ਝੋਨੇ ਤੋਂ ਜਿਹੜੇ ਖੇਤ ਵਿਹਲੇ ਹੋ ਰਹੇ ਹਨ, ਉੱਥੇ ਕਣਕ ਦੀ ਬਿਜਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ਜੇ ਖੇਤ ਵਿੱਚ ਪੂਰਾ ਵਤਰ ਹੈ ਅਤੇ ਨਦੀਨਾਂ ਦੀ ਸਮੱਸਿਆ ਨਹੀਂ ਹੈ ਤਾਂ ਕਣਕ ਦੀ ਬਿਜਾਈ ਬਿਨਾਂ ਖੇਤ ਦੀ ਵਹਾਈ ਕੀਤਿਆਂ ਜ਼ੀਰੋਟਿਲਡ੍ਰਿਲ ਨਾਲ ਕੀਤੀ ਜਾ ਸਕਦੀ ਹੈ। ਪੰਜਾਬ ਵਿੱਚ ਕਾਸ਼ਤ ਲਈ ਉੱਨਤ ਪੀਬੀ ਡਬਲਯੂ 343, ਉੱਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ ਜਿੰਕ-1, ਪੀ ਬੀ ਡਬਲਯੂ 677, ਐੱਚ ਡੀ 3086, ਡਬਲਯੂ ਐੱਚ 1105, ਐੱਚ ਡੀ 2967, ਪੀ ਬੀ ਡਬਲਯੂ 621, ਪੀ ਬੀ ਡਬਲਯੂ 725, ਪੀ ਬੀ ਡਬਲਯੂ 621 ਅਤੇ ਪੀ ਬੀ ਡਬਲਯੂ 550 ਕਿਸਮਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਡਬਲਯੂ ਐੱਚ 1105 ਅਤੇ ਉੱਨਤ ਪੀ ਬੀ ਡਬਲਯੂ 343 ਕਿਸਮਾਂ ਦਾ ਝਾੜ ਸਭ ਤੋਂ ਵੱਧ ਕੋਈ 23 ਕੁਇੰਟਲ ਪ੍ਰਤੀ ਏਕੜ ਹੈ। ਡਬਲਯੂ ਐੱਚ ਡੀ 943 ਅਤੇ ਪੀ ਡੀ ਡਬਲਯੂ 291 ਵਡਾਣਕ ਕਣਕ ਦੀਆਂ ਕਿਸਮਾਂ ਹਨ। ਟੀ ਐੱਲ 2908 ਟ੍ਰੀਟੀਕੇਲ ਕਣਕ ਦੀ ਕਿਸਮ ਹੈ|

ਜੇ ਝੋਨੇ ਦੀ ਵਾਢੀ ਕੰਬਾਈਨ ਨਾਲ ਕੀਤੀ ਹੈ ਅਤੇ ਖੇਤ ਵਿੱਚ ਠੀਕ ਨਮੀ ਹੈ ਤਾਂ ਹੈਪੀ ਸੀਡਰ ਨਾਲ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਖੇਤ ਵਿਚ ਖੜ੍ਹੀ ਪਰਾਲੀ ਨੂੰ ਪਰਾਲੀ ਕੱਟਣ ਵਾਲੀ ਮਸ਼ੀਨ ਨਾਲ ਕੱਟ ਕੇ ਖੇਤ ਵਿੱਚ ਖਿਲਾਰਿਆ ਜਾ ਸਕਦਾ ਹੈ। ਮੁੜ ਖੇਤ ਦੀ ਵਹਾਈ ਕਰਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।

ਇੱਕ ਏਕੜ ਦੀ ਬਿਜਾਈ ਲਈ 40 ਕਿਲੋ ਬੀਜ ਦੀ ਲੋੜ ਪੈਂਦੀ ਹੈ। ਜੇ ਉੱਨਤ ਪੀ ਬੀ ਡਬਲਯੂ 550 ਕਿਸਮ ਦੀ ਬਿਜਾਈ ਕਰਨੀ ਹੈ ਤਾਂ ਬੀਜ 45 ਕਿਲੋ ਪਾਉਣਾ ਚਾਹੀਦਾ ਹੈ। ਬੀਜ ਰੋਗ ਰਹਿਤ, ਸਾਫ਼ ਸੁਥਰਾ ਅਤੇ ਨਰੋਆ ਹੋਵੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਣਕ ਲਈ ਜੈਵਿਕ ਖਾਦ ਤਿਆਰ ਕੀਤੀ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਇਸ ਦਾ ਟੀਕਾ ਜ਼ਰੂਰ ਲਗਾ ਲਵੋ। ਇਸ ਨਾਲ ਝਾੜ ਵਿਚ ਵਾਧਾ ਹੁੰਦਾ ਹੈ ਅਤੇ ਧਰਤੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਬਿਜਾਈ ਸਮੇਂ ਲਾਈਨਾਂ ਵਿਚਕਾਰ 20 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਜੇ ਦੋਪਾਸੀ ਬਿਜਾਈ ਕੀਤੀ ਜਾਵੇ ਤਾਂ ਝਾੜ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ। ਜੇ ਬਿਜਾਈ ਵੱਟਾਂ ਉੱਤੇ ਕੀਤੀ ਜਾਵੇ ਤਾਂ ਇਸ ਨਾਲ ਪਾਣੀ ਤੇ ਖਾਦਾਂ ਦੀ ਬੱਚਤ ਹੁੰਦੀ ਹੈ ਅਤੇ ਝਾੜ ਵਿੱਚ ਵਾਧਾ ਹੁੰਦਾ ਹੈ।

ਖਾਦਾਂ ਦੀ ਵਰਤੋਂ ਮਿੱਟੀ ਪਰਖ ਅਨੁਸਾਰ ਕਰਨੀ ਚਾਹੀਦੀ ਹੈ। ਆਮ ਕਰਕੇ ਦਰਮਿਆਨੀਆਂ ਜ਼ਮੀਨਾਂ ਲਈ 110 ਕਿੱਲੋ ਯੂਰੀਆ, 155 ਕਿੱਲੋ ਸੁਪਰਫ਼ਾਸਫ਼ੇਟ ਅਤੇ 20 ਕਿੱਲੋ ਮੂਰੀਏਟ ਆਫ਼ ਪੋਟਾਸ਼ ਪ੍ਰਤੀ ਏਕੜ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਜੇਕਰ ਝੋਨੇ ਦੀ ਫ਼ੱਕ ਜਾਂ ਗੰਨੇ ਦੇ ਛਿਲਕੇ ਦੀ ਰਾਖ ਮਿਲ ਸਕੇ ਤਾਂ ਇਹ ਚਾਰ ਟਨ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ। ਇਸ ਨਾਲ ਸੁਪਰ ਫ਼ਾਸਫ਼ੇਟ ਅੱਧੀ ਪਾਉਣੀ ਪਵੇਗੀ। ਧਰਤੀ ਦੀ ਸਿਹਤ ਵੀ ਠੀਕ ਹੋਵੇਗੀ। ਅੱਧਾ ਯੂਰੀਆ, ਸਾਰੀ ਫ਼ਾਸਫ਼ੋਰਸ ਅਤੇ ਪੋਟਾਸ਼ ਬਿਜਾਈ ਸਮੇਂ ਪਾਵੋ। ਬਾਕੀ ਦਾ ਯੂਰੀਆ ਪਹਿਲੇ ਪਾਣੀ ਨਾਲ ਪਾਉਣਾ ਚਾਹੀਦਾ ਹੈ। ਜੇਕਰ ਬਿਜਾਈ ਹੈਪੀ ਸੀਡਰ ਨਾਲ ਕੀਤੀ ਗਈ ਹੈ ਤਾਂ 44 ਕਿੱਲੋ ਯੂਰੀਆ ਪਹਿਲੇ ਪਾਣੀ ਨਾਲ ਅਤੇ ਇਤਨਾ ਹੀ ਯੂਰੀਆ ਦੂਜੇ ਪਾਣੀ ਨਾਲ ਪਾਉਣਾ ਚਾਹੀਦਾ ਹੈ। ਕਣਕ ਦੀ ਬਿਜਾਈ ਕੱਤਕ ਦੇ ਮਹੀਨੇ ਪੂਰੀ ਕਰ ਲੈਣੀ ਚਾਹੀਦੀ ਹੈ।

ਪੰਜਾਬ ਵਿੱਚ ਤੇਲ ਬੀਜਾਂ ਹੇਠ ਸਭ ਤੋਂ ਘੱਟ ਰਕਬਾ ਹੈ। ਇਨ੍ਹਾਂ ਦੀ ਕਾਸ਼ਤ ਕੇਵਲ 42,000 ਹੈਕਟਰ ਵਿੱਚ ਹੁੰਦੀ ਹੈ। ਤੇਲ ਬੀਜਾਂ ਦੀ ਬਿਜਾਈ ਲਈ ਇਹ ਢੁਕਵਾਂ ਸਮਾਂ ਹੈ। ਸਰ੍ਹੋਂ ਦੇ ਤੇਲ ਦੀ ਵਰਤੋਂ ਹਰੇਕ ਘਰ ਵਿਚ ਕੀਤੀ ਜਾਂਦੀ ਹੈ। ਰਾਇਆ, ਗੋਭੀ ਸਰ੍ਹੋਂ ਤੇ ਅਲਸੀ ਦੀ ਕੁਝ ਰਕਬੇ ਵਿਚ ਬਿਜਾਈ ਜ਼ਰੂਰ ਕਰੋ। ਜੇ ਨਿਰੋਲ ਫ਼ਸਲ ਨਹੀਂ ਬੀਜਣੀ ਤਾਂ ਕਣਕ ਵਿਚ ਸਰ੍ਹੋਂ ਦੇ ਸਿਆੜ ਲਗਾਏ ਜਾ ਸਕਦੇ ਹਨ। ਆਰ ਐੱਲ ਸੀ 3, ਪੀ ਬੀ ਆਰ 357, ਪੀ ਬੀ ਆਰ 210, ਪੀ ਬੀ ਆਰ 97, ਪੀ ਬੀ ਆਰ 91 ਅਤੇ ਗਿਰੀਰਾਜ਼ ਰਾਇਆ ਦੀਆਂ ਸਿਫ਼ਾਰਿਸ਼ ਕੀਤੀਆਂ ਕਿਸਮਾਂ ਹਨ। ਚੰਗੀ ਫ਼ਸਲ ਤੋਂ ਅੱਠ ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਹੋ ਜਾਂਦਾ ਹੈ। ਜੀ ਐੱਸ ਸੀ 7, ਜੀ ਐੱਸ ਸੀ 6, ਹਾਈਓਲਾ ਪੀ ਏ ਸੀ 401, ਜੀ ਐੱਸ ਐੱਲ-1 ਅਤੇ ਅਤੇ ਜੀ ਐੱਸ ਐੱਲ-2 ਗੋਭੀ ਸਰ੍ਹੋਂ ਦੀਆਂ ਉੱਨਤ ਕਿਸਮਾਂ ਹਨ। ਸਭ ਤੋਂ ਵੱਧ ਝਾੜ ਜੀ ਐੱਸ ਸੀ-7 ਕਿਸਮ ਦਾ ਨੌਂ ਕੁਇੰਟਲ ਪ੍ਰਤੀ ਏਕੜ ਪ੍ਰਾਪਤ ਹੋ ਸਕਦਾ ਹੈ। ਇਕ ਏਕੜ ਲਈ 1 ਕਿੱਲੋ ਬੀਜ ਚਾਹੀਦਾ ਹੈ।

ਐੱਲ ਸੀ 2063 ਅਤੇ ਐੱਲ ਸੀ 2023 ਅਲਸੀ ਦੀਆਂ ਸਿਫ਼ਾਰਿਸ਼ ਕੀਤੀਆਂ ਕਿਸਮਾਂ ਹਨ। ਵਧੀਆ ਫ਼ਸਲ ਪੰਜ ਕੁਇੰਟਲ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ। ਇਸੇ ਤਰ੍ਹਾਂ ਤਾਰਾਮੀਰਾ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਟੀ ਐੱਮ ਐੱਨ ਸੀ-2 ਸਿਫ਼ਾਰਿਸ਼ ਕੀਤੀ ਕਿਸਮ ਹੈ। ਇਸ ਦਾ ਵੀ ਪ੍ਰਤੀ ਏਕੜ 1 ਕਿੱਲੋ ਬੀਜ ਚਾਹੀਦਾ ਹੈ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 30 ਅਤੇ ਬੂਟਿਆਂ ਵਿਚਕਾਰ 15 ਸੈਂਟੀਮੀਟਰ ਫ਼ਾਸਲਾ ਰੱਖਿਆ ਜਾਵੇ। ਛੋਲੇ, ਮਸਰ ਅਤੇ ਪਕਾਵੇਂ ਮਟਰ ਹਾੜ੍ਹੀ ਦੀਆਂ ਮੁੱਖ ਦਾਲਾਂ ਹਨ। ਇਹ ਸਾਰੀਆਂ ਧਰਤੀ ਦੀ ਸਿਹਤ ਵਿੱਚ ਸੁਧਾਰ ਕਰਦੀਆਂ ਹਨ। ਇਨ੍ਹਾਂ ਦੀ ਬਿਜਾਈ ਲਈ ਵੀ ਹੁਣ ਢੁੱਕਵਾਂ ਸਮਾਂ ਹੈ। ਛੋਲੇ ਦੋ ਪ੍ਰਕਾਰ ਦੇ ਹੁੰਦੇ ਹਨ; ਕਾਬਲੀ ਛੋਲੇ ਅਤੇ ਦੇਸੀ ਛੋਲੇ। ਦੇਸੀ ਛੋਲਿਆਂ ਦੀਆਂ ਪੀ ਬੀ ਜੀ 7, ਪੀ ਬੀ ਜੀ 5 ਤੇ ਜੀ ਪੀ ਐੱਫ਼ 2 ਸਿਫ਼ਾਰਿਸ਼ ਕੀਤੀਆਂ ਕਿਸਮਾਂ ਹਨ। ਕੋਸ਼ਿਸ਼ ਕਰੋ ਕਿ ਪੀ ਬੀ ਜੀ-7 ਕਿਸਮ ਬੀਜੀ ਜਾਵੇ ਇਸ ਦਾ ਕੋਈ ਅੱਠ ਕੁਇੰਟਲ ਝਾੜ ਪ੍ਰਤੀ ਏਕੜ ਪ੍ਰਾਪਤ ਹੋ ਜਾਂਦਾ ਹੈ। ਇਕ ਏਕੜ ਵਿਚ 17 ਕਿੱਲੋ ਬੀਜ ਦੀ ਲੋੜ ਹੈ। ਐੱਲ 552, ਕਾਬਲੀ ਛੋਲਿਆਂ ਦੀ ਸਿਫ਼ਾਰਿਸ਼ ਕੀਤੀ ਕਿਸਮ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ