ਕਣਕ ਵਿੱਚ ਹਮਲਾ ਕਰਨ ਵਾਲੇ ਸੰਭਾਵਿਤ ਕੀੜੇ ਅਤੇ ਉਨ੍ਹਾਂ ਦੀ ਰੋਕਥਾਮ

ਕਣਕ ਇੱਕ ਪ੍ਰਮੁੱਖ ਫ਼ਸਲ ਹੈ। ਕਈ ਕਿਸਾਨਾਂ ਵੱਲੋਂ ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੀ ਸਿੱਧੀ ਬਿਜਾਈ ਕੀਤੀ ਗਈ ਸੀ। ਜਿਹੜੇ ਕਿਸਾਨ ਪਿਛਲੇ ਕਈ ਸਾਲਾਂ ਤੋਂ ਕਣਕ ਦੀ ਇਸ ਤਰ੍ਹਾਂ ਬਿਜਾਈ ਕਰ ਰਹੇ ਹਨ, ਉਨ੍ਹਾਂ ਨੂੰ ਕਣਕ ਵਿੱਚ ਕੀੜੇ-ਮਕੌੜਿਆਂ ਅਤੇ ਚੂਹਿਆਂ ਦੀ ਸਮੱਸਿਆਵਾਂ ਦੀ ਜਾਣਕਾਰੀ ਹੈ, ਪਰ ਜਿਹੜੇ ਕਿਸਾਨਾਂ ਨੇ ਇਸ ਵਾਰ ਪਹਿਲੀ ਵਾਰ ਕਣਕ ਦੀ ਸਿੱਧੀ ਬਿਜਾਈ ਕੀਤੀ ਹੈ ਉਨ੍ਹਾਂ ਨੂੰ ਕਣਕ ਦੀਆਂ ਇਨ੍ਹਾਂ ਸਮੱਸਿਆਵਾਂ ਬਾਰੇ ਜਾਣੂ ਕਰਾਉਣਾ ਬਹੁਤ ਜ਼ਰੂਰੀ ਹੈ। ਕਣਕ ਵਿੱਚ ਲੱਗਣ ਵਾਲੇ ਆਮ ਕੀੜਿਆਂ ਦੀ ਪਹਿਚਾਣ ਅਤੇ ਉਨ੍ਹਾਂ ਦੀ ਰੋਕਥਾਮ ਹੇਠਾਂ ਦੱਸੀ ਗਈ ਹੈ:

1. ਸੈਨਿਕ ਸੁੰਡੀ: ਇਹ ਕੀੜਾ ਕਈ ਫਸਲਾਂ ਵਿੱਚ ਨੁਕਸਾਨ ਕਰਦਾ ਹੈ, ਪਰ ਕਰੀ ਵਾਰ ਮਾਰਚ-ਅਪ੍ਰੈਲ ਮਹੀਨੇ ਵਿੱਚ ਕਣਕ ਦੀ ਫਸਲ ‘ਤੇ ਇਸਦਾ ਹਮਲਾ ਦਿਖਾਈ ਦਿੰਦਾ ਹੈ। ਇਸ ਵਾਰ ਦਸੰਬਰ ਮਹੀਨੇ ਵਿੱਚ ਵੀ ਇਸਦਾ ਹਮਲਾ ਦਿਖਾਈ ਦਿੱਤਾ। ਇਸਦੀ ਛੋਟੀ ਸੁੰਡੀ ਪੱਤਿਆਂ ਨੂੰ ਖਾਂਦੀ ਹੈ ਅਤੇ ਵੱਡੀ ਸੁੰਡੀ ਸਿੱਟਿਆਂ ‘ਤੇ ਹਮਲਾ ਕਰਦੀ ਹੈ। ਇਸਦਾ ਹਮਲਾ ਜ਼ਿਆਦਾਤਰ ਰਾਤ ਦੇ ਸਮੇਂ ਹੁੰਦਾ ਹੈ ਅਤੇ ਇਸਦੇ ਹਮਲੇ ਦਾ ਪਤਾ ਇਸਦੀਆਂ ਮੀਂਗਣਾ ਅਤੇ ਸੁੰਡੀਆਂ ਦੇ ਰਾਹੀਂ ਲੱਗਦਾ ਹੈ। ਹਮਲਾ ਹੋਣ ਦੀ ਸੂਰਤ ਵਿੱਚ 400 ml ਏਕਾਲਕਸ 25 EC (ਕੁਇਨਲਫਾੱਸ) ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ‘ਤੇ ਸਪਰੇਅ ਕਰੋ। ਸੂਰਜ ਛਿਪਣ ਤੋਂ ਬਾਅਦ ਕੀਤੀ ਗਈ ਸਪਰੇਅ ਦਾ ਵਧੀਆ ਰਿਜ਼ਲਟ ਮਿਲਦਾ ਹੈ। ਜਿਨ੍ਹਾਂ ਖੇਤਾਂ ਵਿੱਚ ਪਰਾਲੀ ਜ਼ਿਆਦਾ ਹੋਵੇ ਉੱਥੇ ਕੀਟਨਾਸ਼ਕ ਸਪਰੇਅ ਕਰਨ ਤੋਂ ਬਾਅਦ ਹੀ ਪਾਣੀ ਲਾਓ।

2. ਤਣੇ ਦੀ ਗੁਲਾਬੀ ਸੁੰਡੀ: ਆਮ ਤੌਰ ‘ਤੇ ਇਹ ਝੋਨੇ ਦਾ ਕੀੜਾ ਹੈ ਪਰ ਪਿਛਲੇ ਕਈ ਸਮੇਂ ਤੋਂ ਕਣਕ ‘ਤੇ ਵੀ ਇਸਦਾ ਹਮਲਾ ਦਿਖਾਈ ਦਿੰਦਾ ਹੈ। ਕਣਕ ਤੋਂ ਇਲਾਵਾ ਇਹ ਕਮਾਦ ਅਤੇ ਮੱਕੀ ਵਿੱਚ ਵੀ ਦਿਖਦਾ ਹੈ। ਆਮ ਤੌਰ ‘ਤੇ ਇਸਦਾ ਹਮਲਾ 40-50 ਦਿਨ ਦੀ ਕਣਕ ‘ਤੇ ਦਿਖਦਾ ਹੈ। ਇਸਦੀਆਂ ਸੁੰਡੀਆਂ ਛੋਟੇ ਬੂਟਿਆਂ ਦੇ ਤਣਿਆਂ ਵਿੱਚ ਮੋਰੀਆਂ ਕਰਕੇ ਅੰਦਰ ਚਲੀਆਂ ਜਾਂਦੀਆਂ ਹਨ ਅਤੇ ਅੰਦਰੂਨੀ ਮਾਦਾ ਖਾਂਦੀਆਂ ਹਨ, ਜਿਸ ਦੇ ਨਾਲ ਬੂਟਾ ਪੀਲਾ ਪੈ ਜਾਂਦਾ ਹੈ ਅਤੇ ਅੰਤ ‘ਚ ਮਰ ਜਾਂਦਾ ਹੈ। ਫ਼ਸਲ ਦੇ ਸਿੱਟੇ ਨਿਕਲਣ ਸਮੇਂ ਇਸਦਾ ਹਮਲਾ ਹੋਣ ਦੀ ਸੂਰਤ ਵਿੱਚ ਸਿੱਟੇ ਚਿੱਟੇ ਰੰਗ ਦੇ ਹੋ ਜਾਂਦੇ ਹਨ, ਜਿਨ੍ਹਾਂ ਵਿੱਚ ਜਾਂ ਤਾਂ ਦਾਣੇ ਬਣਦੇ ਹੀ ਨਹੀਂ, ਅਤੇ ਜੇਕਰ ਦਾਣੇ ਬਣਨ ਵੀ ਤਾਂ ਬਹੁਤ ਬਰੀਕ ਬਣਦੇ ਹਨ। ਜਨਵਰੀ ਮਹੀਨੇ ਵਿੱਚ ਤਾਪਮਾਨ ਘੱਟ ਹੋਣ ਕਾਰਨ ਇਸ ਸੁੰਡੀ ਦਾ ਵਿਕਾਸ ਘੱਟ ਜਾਂਦਾ ਹੈ ਅਤੇ ਇਸ ਦੀ ਰੋਕਥਾਮ ਕਰਨ ਲਈ 800 ml ਏਕਾਲਕਸ 25 EC (ਕੁਇਨਲਫਾੱਸ) ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ‘ਤੇ ਸਪਰੇਅ ਕਰੋ। ਜੇਕਰ ਹਮਲਾ ਧੋੜੀਆਂ ‘ਚ ਹੋਵੇ ਤਾਂ ਏਕਾਲਕਸ 25 EC (ਕੁਇਨਲਫਾੱਸ) ਨੂੰ 8 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਧੋੜੀਆਂ ਵਿੱਚ ਸਪਰੇਅ ਕਰੋ।

ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਲਗਾਤਾਰ ਖੇਤ ਸਰਵੇਖਣ ਕਰਦੇ ਰਹਿਣ ਅਤੇ ਕੀੜਿਆਂ ਦਾ ਹਮਲਾ ਹੋਣ ‘ਤੇ ਹੀ ਕੀਟਨਾਸ਼ਕ ਦੀ ਸਪਰੇਅ ਕਰਨ। ਇਸ ਨਾਲ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੋਨਾਂ ਦੀ ਹੀ ਬੱਚਤ ਹੋਵੇਗੀ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ