ਕਿਵੇਂ ਵਧਾਈਏ ਪਸ਼ੂਆਂ ਦੇ ਦੁੱਧ ਦੀ ਫੈਟ

ਪਸ਼ੂਆਂ ਦੇ ਦੁੱਧ ਵਿੱਚ ਫੈਟ ਅਤੇ ਐਸ ਐਨ ਐਫ ਦਾ ਵਧਣਾ ਸਿਰਫ਼ ਖੁਰਾਕ ਤੇ ਨਿਰਭਰ ਕਰਦਾ ਹੈ । ਸਫਲ ਡੇਅਰੀ ਪਾਲਕ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਬਾਜਾਰ ਵਿੱਚ ਮਿਲਣ ਵਾਲੇ ਫੈਟ ਵਧਾਉਣ ਵਾਲੇ ਪ੍ਰੋਡਕਟਸ ਤੋਂ ਕਿਨਾਰਾ ਕੀਤਾ ਜਾਵੇ ਤੇ ਸੰਤੁਲਿਤ ਖੁਰਾਕ ਦੁਆਰਾ ਹੀ ਫੈਟ ਵਧਾਈ ਜਾਵੇ। ਇਸ ਤੋਂ ਇਲਾਵਾ ਕੁੱਝ ਹੋਰ ਫੈਟ ਵਧਾਉਣ ਨਾਲ ਸਬੰਧਿਤ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ।

1. ਵੰਡ ਜ਼ਿਆਦਾ ਮਾਤਰਾ ਵਿੱਚ ਦੇਣਾ ਹੋਵੇ ਜਿਵੇਂ ਕਿ 7-8 ਕਿੱਲੋ ਪ੍ਰਤੀ ਦਿਨ ਜਾਂ ਸਾਈਲੇਜ਼ ਵੀ ਪਸ਼ੂ ਦੀ ਖਰਾਕ ਵਿੱਚ ਸ਼ਾਮਿਲ ਹੋਵੇ ਤਾਂ 100 ਕਿੱਲੋ ਵੰਡ ਵਿੱਚ 250 ਗ੍ਰਾਮ ਮਿੱਠਾ ਸੋਡਾ ਮਿਲਾ ਦੇਵੋ। ਇਸ ਨਾਲ ਪਸ਼ੂ ਬਦ-ਹਜ਼ਮੀ ਤੋਂ ਬਚਿਆ ਰਹੇਗਾ ਅਤੇ ਦੁੱਧ ਵਿੱਚ ਫੈਟ ਦੀ ਮਾਤਰਾ ਵੀ ਨਹੀਂ ਘਟੇਗੀ।

2. ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਜ਼ਰੂਰ ਵੱਧਦੀ ਹੈ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜ਼ਿਆਦਾ ਚੜ੍ਹਣ ਲੱਗ ਜਾਂਦੀ ਹੈ ਤੇ ਵੜੇਵੇਂ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇਂ ਹੋਣ ਤਾਂ ਹੋਰ ਵੀ ਵਧੀਆ ਹੈ।

3. ਸਰਦੀਆਂ ਦੇ ਹਰੇ ਚਾਰੇ ( ਬਰਸੀਮ, ਲੂਸਣ, ਸ਼ਫਤਲ, ਸੇਂਜੀ, ਰਾਈ ਘਾਹ, ਜਵੀਂ ਆਦਿ) ਬਗੈਰ ਕੁਤਰਾ ਕਰਕੇ ਖਵਾਉਣ ਨਾਲ ਦੁੱਧ ਦੀ ਫੈਟ ਵੱਧਦੀ ਹੈ।

4. ਲੇਵੇ ਦੀ ਗੁੱਝੀ ਸੋਜ ਦੁੱਧ ਵਿਚਲੀ ਫੈਟ ਨੂੰ ਘਟਾਉਂਦੀ ਹੈ ਇਸ ਲਈ ਕੋਸ਼ਿਸ਼ ਕਰੋ ਕਿ ਪਸ਼ੂਆਂ ਨੂੰ ਹਮੇਸ਼ਾ ਲੇਵੇ ਦੀ ਗੁੱਝੀ ਸੋਂਜ ਤੋਂ ਬਚਾ ਕੇ ਰੱਖੀਏ।

5. ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ।ਥੋੜ੍ਹਾ-ਥੋੜ੍ਹਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ।

6. ਹਰਾ ਚਾਰਾ ਜ਼ਿਆਦਾ ਅਤੇ ਦਾਣਾ ਘੱਟ ਖਿਲਾਉਣ ਨਾਲ ਲਵੇਰੀਆਂ ਹਮੇਸ਼ਾ ਜਿਆਦਾ ਫੈਟ ਵਾਲਾ ਦੁੱਧ ਦਿੰਦੀਆਂ ਹਨ। ਹਰਾ ਚਾਰਾ ਜ਼ਿਆਦਾ ਖਿਲਾਉਣ ਸਮੇਂ ਲਵੇਰੀਆਂ ਲੰਬੇ ਸਮੇਂ ਤੱਕ ਜੁਗਾਲੀ ਕਰਦੀਆਂ ਹਨ। ਜਿਸ ਨਾਲ ਉੱਝਰੀ ਵਿੱਚ ਤੇਜ਼ਾਬ ਦੀ ਮਾਤਰਾ ਤੇ ਕਾਬੂ ਰਹਿੰਦਾ ਹੈ ਅਤੇ ਦੁੱਧ ਵਿਚਲੀ ਫੈਟ ਵੀ ਨਹੀਂ ਘੱਟਦੀ। ਜੇਕਰ ਦਾਣਾ ਜ਼ਿਆਦਾ ਖਿਲਾਉਣਾ ਹੀ ਪਏ ਤਾਂ ਇੱਕ ਗੱਲ ਜਰੂਰ ਚੇਤੇ ਰੱਖਿਓ ਕਿ ਇੱਕੋ ਸਮੇਂ 2.5-3.5 ਕਿਲੋਂ ਤੋਂ ਵੱਧ ਦਾਣਾ ਕਦੇ ਵੀ ਨਹੀ ਖਵਾਉਣਾ। ਥੋੜ੍ਹਾ-ਥੋੜ੍ਹਾ ਦਾਣਾ ਦਿਨ ਵਿੱਚ ਕਈ ਵਾਰ ਖਿਲਾਉਣ ਨਾਲ ਫੈਟ ਬਰਕਰਾਰ ਰਹਿੰਦੀ ਹੈ।

6.ਸੂਣ ਉਪਰੰਤ ਲਵੇਰੀਆਂ ਨੂੰ ਪੋਟਾਸ਼ੀਅਮ ਕਾਰਬੋਨੇਟ ਖੁਆਉਣ ਨਾਲ ਦੁੱਧ ਵਿਚਲੀ ਫੈਟ ਵੱਧ ਜਾਂਦੀ ਹੈ। ਸੂਣ ਉਪਰੰਤ ਜਦੋਂ ਦੁੱਧ ਦੀ ਪੈਦਾਵਾਰ ਵੱਧਦੀ ਹੈ ਤਾਂ ਲਵੇਰੀਆਂ ਦਾ ਸਰੀਰਿਕ ਪੋਟਾਸ਼ੀਅਮ ਸਤਰ ਘੱਟ ਜਾਂਦਾ ਹੈ । ਪੋਟਾਸ਼ੀਅਮ ਉਝਰੀ ਵਿੱਚ ਚਰਬੀਲੇ ਤੇਜ਼ਾਬ ਦੇ ਅਣੂਆਂ ਵਿੱਚ ਹਾਈਡ੍ਰੋਜਨ ਦੀ ਮਾਤਰਾ ਵਧਾਉਦਾ ਹੈ ਜਿਹੜੇ ਬਾਅਦ ਵਿੱਚ ਦੁੱਧ ਦੀ ਫੈਟ ਬਣਾਉਦੇ ਹਨ ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ