ਹਰੜ ਦੇ ਇੰਨੇ ਗੁਣ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ

ਆਮ ਜਾਣਕਾਰੀ:

ਹਰੜ ਦਾ ਦਰੱਖ਼ਤ ਭਾਰਤ ਵਿੱਚ ਹਰ ਥਾਂ ਪਾਇਆ ਜਾਂਦਾ ਹੈ। ਆਮਤੌਰ ਤੇ ਇਸ ਦਾ ਦਰੱਖ਼ਤ 60 ਤੋਂ 80 ਫੁੱਟ ਉੱਚਾ ਹੁੰਦਾ ਹੈ। ਕਿਤੇ-ਕਿਤੇ 100 ਫੁੱਟ ਉੱਚੇ ਦਰੱਖ਼ਤ ਵੀ ਮਿਲਦੇ ਹਨ। ਤਣਾ ਮਗ਼ਬੂਤ, ਲੰਬਾ, ਸਿੱਧਾ ਅਤੇ ਮਟਮੈਲੀ ਛਿੱਲ ਵਾਲਾ ਹੁੰਦਾ ਹੈ। ਪੱਤੇ 3 ਤੋਂ 8 ਇੰਚ ਲੰਬੇ, ਲਗਭਗ 2 ਇੰਚ ਚੌੜੇ, ਅੜੂਸਾ ਦੇ ਪੱਤਿਆਂ ਵਰਗੇ ਚਮਕਦਾਰ, ਅੰਡਾਕਾਰ, ਖੁਰਦਰੇ, ਨੋਕਦਾਰ ਹੁੰਦੇ ਹਨ। ਅਪ੍ਰੈਲ-ਮਈ ਵਿੱਚ ਪੁਰਾਣੇ ਪੱਤੇ ਝੜ ਜਾਂਦੇ ਹਨ ਅਤੇ ਨਵੇਂ ਆ ਜਾਂਦੇ ਹਨ। ਫੁੱਲ ਛੋਟੇ-ਛੋਟੇ ਚਿੱਟੇ ਜਾਂ ਹਲਕੇ ਪੀਲੇ ਰੰਗ ਦੇ, ਤੇਜ ਖੁਸ਼ਬੂ ਵਾਲੇ ਹੁੰਦੇ ਹਨ। ਫਲ 1 ਤੋਂ 2 ਇੰਚ ਲੰਬੇ, ਅੰਡਾਕਾਰ, ਇੱਕ ਬੀਜ ਵਾਲੇ ਹੁੰਦੇ ਹਨ। ਗੁਠਲੀ ਬਨਣ ਤੋਂ ਪਹਿਲਾਂ ਦਰੱਖ਼ਤ ਤੋਂ ਡਿੱਗੇ ਕੱਚੇ ਫਲ ਸੁੱਕਣ ਤੇ ਕਾਲੇ ਹੋ ਜਾਂਦੇ ਹਨ। ਉਸ ਨੂੰ ਛੋਟੀ ਹਰੜ (ਬਾਲ ਹਰੜ) ਕਿਹਾ ਜਾਂਦਾ ਹੈ। ਜਿਹੜਾ ਫਲ ਗੁਠਲੀ ਬਨਣ ਤੋਂ ਬਾਅਦ, ਪਰ ਪੂਰੀ ਤਰ੍ਹਾਂ ਪੱਕਣ ਤੇ ਪਹਿਲਾਂ ਤੋੜ ਲਿਆ ਜਾਵੇ ਤਾਂ ਉਹ ਪੀਲੀ ਹਰੜ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦਰੱਖ਼ਤ ਤੇ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਜਿਹੜੇ ਫਲ ਤੋੜੇ ਜਾਂਦੇ ਹਨ, ਉਨ੍ਹਾਂ ਨੂੰ ਵੱਡੀ ਹਰੜ ਕਿਹਾ ਜਾਂਦਾ ਹੈ। 15 ਗ੍ਰਾਮ ਤੋਂ ਵੱਧ ਭਾਰ ਵਾਲੀ , ਭਾਰੀ ਪੁਸ਼ਟ, ਬਿਨਾ ਛਿੱਲ ਵਾਲੀ, ਪਾਣੀ ਵਿੱਚ ਡੁੱਬ ਜਾਣ ਵਾਲੀ ਹਰੜ ਨੂੰ ਵਧੀਆ ਹਰੜ ਮੰਨਿਆ ਜਾਂਦਾ ਹੈ।

ਵੱਖ ਵੱਖ ਭਾਸ਼ਾਵਾਂ ਵਿੱਚ ਨਾਮ:

ਸੰਸਕ੍ਰਿਤ-ਹਰੀਤਕੀ। ਹਿੰਦੀ-ਹਰੜ, ਹ੍ਰੜ। ਮਰਾਠੀ-ਹਿਰੜਾ , ਹਰੜਾ। ਗੁਜਰਾਤੀ-ਹਰੜੇ । ਬੰਗਾਲੀ-ਹਤ੍ਰਕੀ। ਅੰਗਰੇਜ਼ੀ -ਮਾਏਰੋਬੈਲੰਸ ((Myrobalans)। ਲੈਟਿਨ-ਟਰਮੀਨੇਲੀਆ ਕੇਬੁਲਾ (Terminalia Chebula)।

ਗੁਣ:

1. ਆਯੂਰਵੈਦਕ ਮੱਤ ਅਨੁਸਾਰ ਹਰੜ ਵਿੱਚ ਸਿਰਫ਼ ਲਵਣ ਰਸ ਨੂੰ ਛੱਡ ਕੇ ਪੰਜੇ ਹੀ ਰਸ- ਮਧੁਰ, ਤੇਜ਼, ਕਟੁ, ਕਸ਼ਾਯ ਅਤੇ ਅਮਲ ਪਾਏ ਜਾਂਦੇ ਹਨ।

2. ਇਹ ਸਵਾਦ ਵਿੱਚ ਕੁੜੱਤਣ ਵਾਲੀ, ਗੁਣ ਵਿੱਚ ਹਲਕੀ, ਰੁੱਖੀ, ਤਾਸੀਰ ਵਿੱਚ ਗਰਮ, ਵਿਪਾਕ ਵਿਚ ਮਧੁਰ, ਤ੍ਰਿਦੋਸ਼ ਨੂੰ ਦੂਰ ਕਰਨ ਵਾਲੀ, ਉਮਰ ਵਧਾਊ, ਗਰਮੀ ਦੂਰ ਕਰਨ ਵਾਲੀ, ਤਾਕਤ ਦੇਣ ਵਾਲੀ, ਪਚਾਨਸ਼ੀਲ , ਪਿਸ਼ਾਬ ਵਧਾਉਣ ਵਾਲੀ, ਗੈਸ ਦੂਰ ਕਰਨ ਵਾਲੀ, ਅੱਖਾਂ ਦੀਆਂ ਬੀਮਾਰੀਆਂ ਲਈ ਲਾਭਦਾਇਕ ਹੁੰਦੀ ਹੈ।

3. ਇਹ ਬਹੁਤ ਸਾਰੀਆਂ ਬੀਮਾਰੀਆਂ ਜਿਨ੍ਹਾਂ ‘ਚ ਹਿਚਕੀ, ਸ਼ੂਲ, ਕੀੜੇ, ਬਵਾਸੀਰ,ਕਬਜ਼, ਖੰਘ, ਸਾਹ, ਬੁਖਾਰ, ਮਲੇਰੀਆ, ਅਤਿਸਾਰ, ਪੱਥਰੀ, ਅੱਖਾਂ ਦੀਆਂ ਬੀਮਾਰੀਆਂ, ਪੀਲੀਆ ਅਤੇ ਪ੍ਰਮੇਹ ਆਦਿ ਵਿੱਚ ਗੁਣਕਾਰੀ ਹੁੰਦੀ ਹੈ।

4. ਵਿਗਿਆਨਿਕ ਮੱਤ ਅਨੁਸਾਰ ਹਰੜ ਦੇ ਰਸਾਇਣਕ ਤੱਤਾਂ ਦਾ ਵਿਸ਼ਲੇਸ਼ਣ ਕਰਨ ਤੇ ਪਤਾ ਲੱਗਦਾ ਹੈ ਕਿ ਇਸ ਦੇ ਫਲ ਵਿੱਚ ਚੇਂਬੂਲੀਨਿਕ ਐਸਿਡ 30 ਪ੍ਰਤੀਸ਼ਤ, ਟੈਨਿਕ ਐਸਿਡ 30 ਤੋਂ 45 ਪ੍ਰਤੀਸ਼ਤ, ਗੈਲਿਕ ਐਸਿਡ, ਐਨਥ੍ਰਾਕਵੀਨਿਨ ਜਾਤੀ ਦੇ ਗਲਾਇਕੋਸਾਇਡ, ਰਾਲ ਅਤੇ ਰੰਜਕ ਪਦਾਰਥ ਪਾਏ ਜਾਂਦੇ ਹਨ। ਗਲਾਇਕੋਸਾਇਡ੍ਰਸ ਕਬਜ਼ ਦੂਰ ਕਰਨ ਵਿੱਚ ਅਹਿਮ ਭੂਮੀਕਾ ਨਿਭਾਉਂਦਾ ਹੈ।

5. ਇਹ ਤੱਤ ਸਰੀਰ ਦੇ ਸਾਰੇ ਅੰਗਾਂ ਤੋਂ ਅਣਲੋੜੀਂਦੇ ਪਦਾਰਥਾਂ ਨੂੰ ਕੱਢ ਕੇ ਸਰੀਰ ਨੂੰ ਦਰੁਸਤ ਬਣਾਉਂਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ