ਗੰਨੇ ਦੀ ਫ਼ਸਲ ਵਿਚ ਕੀੜੇ ਮਕੌੜਿਆਂ ਦਾ ਸੁਚੱਜਾ ਪ੍ਰਬੰਧਨ ਇੰਝ ਕਰੋ

ਕਮਾਦ ਇੱਕ ਮਹੱਤਵਪੂਰਨ ਫ਼ਸਲ ਹੈ ਜਿਸਦੀ 75 ਫ਼ੀਸਦੀ ਵਰਤੋਂ ਖੰਡ ਬਣਾਉਣ ਲਈ ਕੀਤੀ ਜਾਂਦੀ ਹੈ। ਇਸਦੀ ਫ਼ਸਲ ਤਕਰੀਬਨ 10 -14 ਮਹੀਨੇ ਖੇਤ ਵਿਚ ਰਹਿੰਦੀ ਹੈ ਅਤੇ ਇਸ ਨਾਲ ਵੱਖ ਵੱਖ ਸਮੇ ਤੇ ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦਾ ਹਮਲਾ ਹੁੰਦਾ ਹੈ। ਕੀੜਿਆਂ ਦੇ ਹਮਲੇ ਦੇ ਨਾਲ ਗੰਨੇ ਦੇ ਝਾੜ ਵਿਚ 15-20 ਫ਼ੀਸਦੀ ਘੱਟ ਜਾਂਦਾ ਹੈ। ਕਮਾਦ ਵਿਚ ਮੁਖ ਕੀੜੇ ਅਤੇ ਉਹਨਾਂ ਦੀ ਰੋਕਥਾਮ ਹੇਠਾਂ ਦਿਤੇ ਢੰਗ ਨਾਲ ਕੀਤੀ ਜਾ ਸਕਦੀ ਹੈ:-

ਅਗੇਤੀ ਫੋਟ ਦਾ ਗੜੂੰਆਂ: ਇਹ ਸੁੰਡੀ ਫ਼ਸਲ ਦੇ ਉੱਗਣ ਸਮੇਂ ਹਮਲਾ ਕਰਦੀ ਹੈ। ਇਹ ਸੁੰਡੀ ਜ਼ਮੀਨ ਦੇ ਨੇੜੇ ਤਣੇ ਵਿੱਚ ਸੁਰਾਖ ਕਰਦੀ ਹੈ ਅਤੇ ਪੌਦੇ ਨੂੰ ਸੁਕਾ ਦਿੰਦੀ ਹੈ, ਜਿਸ ਨਾਲ ਗੰਦੀ ਬਦਬੂ ਆਉਂਦੀ ਹੈ। ਇਹ ਸੁੰਡੀ ਆਮ ਤੌਰ ‘ਤੇ ਹਲਕੀਆਂ ਜ਼ਮੀਨਾਂ ਅਤੇ ਖੁਸ਼ਕ ਵਾਤਾਵਰਨ ਵਿਚ ਮਾਰਚ ਤੋਂ ਜੂਨ ਮਹੀਨਿਆਂ ਵਿੱਚ ਹਮਲਾ ਕਰਦਾ ਹੈ।ਇਸ ਦੀ ਰੋਕਥਾਮ ਲਈ ਫ਼ਸਲ ਅਗੇਤੀ ਬੀਜਣੀ ਚਾਹੀਦੀ ਹੈ। ਬੀਜਣ ਸਮੇਂ ਕਲੋਰਪਾਇਰੀਫੋਸ 1 ਲੀਟਰ ਪ੍ਰਤੀ ਏਕੜ ਨੂੰ 100-150 ਲੀਟਰ ਪਾਣੀ ਵਿੱਚ ਮਿਲਾ ਕੇ ਗੁੱਲੀਆਂ ‘ਤੇ ਸਪਰੇਅ ਕਰੋ। ਜੇਕਰ ਬਿਜਾਈ ਸਮੇਂ ਇਸ ਦਵਾਈ ਦੀ ਵਰਤੋਂ ਨਾ ਕੀਤੀ ਹੋਵੇ ਤਾਂ ਇਸ ਦੀ ਵਰਤੋਂ ਖੜ੍ਹੀ ਫ਼ਸਲ ਵਿੱਚ ਵੀ ਕਰ ਸਕਦੇ ਹਾਂ। ਸੁੱਕੇ ਹੋਏ ਪੌਦਿਆ ਨੂੰ ਨਸ਼ਟ ਕਰੋ। ਹਲਕੀ ਸਿੰਚਾਈ ਕਰੋ ਅਤੇ ਖੇਤ ਨੂੰ ਖੁਸ਼ਕ ਹੋਣ ਤੋਂ ਰੋਕੋ।

ਸਿਉਂਕ: ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਸੋਧੋ। ਗੁੱਲੀਆਂ ਨੂੰ ਇਮੀਡਾਕਲੋਪ੍ਰਿਡ ਦੇ ਘੋਲ 4 ਮਿ.ਲੀ. ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ 2 ਮਿੰਟ ਲਈ ਡੋਬੋ ਜਾਂ ਬਿਜਾਈ ਸਮੇਂ ਕਲੋਰਪਾਇਰੀਫੋਸ 2 ਲੀਟਰ ਪ੍ਰਤੀ ਏਕੜ ਦੀ ਸਪਰੇਅ ਬੀਜਾਂ ‘ਤੇ ਕਰੋ। ਜੇਕਰ ਖੜ੍ਹੀ ਫ਼ਸਲ ‘ਤੇ ਇਸਦਾ ਹਮਲਾ ਦਿਖੇ ਤਾਂ ਜੜ੍ਹਾਂ ਨੇੜੇ ਇਮੀਡਾਕਲੋਪ੍ਰਿਡ 60 ਮਿ.ਲੀ. ਪ੍ਰਤੀ 150 ਲੀਟਰ ਪਾਣੀ ਜਾਂ ਕਲੋਰਪਾਇਰੀਫੋਸ 1 ਲੀਟਰ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ ਪਾਓ।

ਚਿੱਟੀ ਸੁੰਡੀ: ਇਹ ਸੁੰਡੀ ਜੜ੍ਹਾਂ ਤੇ ਹਮਲਾ ਕਰਦੀ ਹੈ। ਜਿਸ ਕਰਕੇ ਗੰਨਾ ਥੋਥਾ ਹੋ ਜਾਦਾ ਹੈ ਅਤੇ ਡਿੱਗ ਜਾਂਦਾ ਹੈ। ਸ਼ੁਰੂ ਵਿੱਚ ਇਸ ਦਾ ਨੁਕਸਾਨ ਘੱਟ ਹੁੰਦਾ ਹੈ। ਪਰੰਤੂ ਬਾਅਦ ਵਿੱਚ ਪੂਰੇ ਖੇਤ ਵਿੱਚ ਆ ਜਾਂਦਾ ਹੈ। ਇਹ ਸੁੰਡੀਆਂ ਮੀਂਹ ਪੈਣ ਤੋ ਬਾਅਦ ਮਿੱਟੀ ਚੋ ਨਿਕਲ ਕੇ ਨੇੜੇ ਦੇ ਦਰੱਖਤਾਂ (ਬੇਰ, ਅਰਮੂਦ, ਅੰਗੂਰਾਂ) ਤੇ ਇੱਕਠੀਆਂ ਹੋ ਜਾਂਦੀਆਂ ਹਨ ਅਤੇ ਰਾਤ ਨੂੰ ਇਸ ਦੇ ਪੱਤੇ ਖਾਂਦੀਆਂ ਹਨ। ਇਹ ਮਿੱਟੀ ਵਿੱਚ ਅੰਡੇ ਦਿੰਦੀਆਂ ਹਨ ਜ਼ੋ ਕਿ ਛੋਟੀਆਂ ਜੜ੍ਹਾਂ ਖਾਦੀਆਂ ਹਨ।ਕਮਾਦ ਦੀਆਂ ਜੜ੍ਹਾਂ ਵਿੱਚ ਇਮਿਡਾਕਲੋਪਰਿਡ4-6 ਮਿ.ਲੀ. ਨੂੰ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਵਰਤੋ। ਫ਼ਸਲ ਅਗੇਤੀ ਬੀਜਣ ਨਾਲ ਵੀ ਇਸ ਦਾ ਨੁਕਸਾਨ ਤੋ ਬਚਿਆ ਜਾ ਸਕਦਾ ਹੈ। ਬੀਜਾਂ ਨੂੰ ਕਲੋਰਪਾਈਰੀਫਾਸ ਨਾਲ ਸੋਧਣਾ ਚਾਹੀਦਾ ਹੈ। ਇਸ ਤੋ ਇਲਾਵਾ 4 ਕਿੱਲੋ ਫੋਰੇਟ ਜਾਂ ਕਾਰਬੋਫਿਊਰੇਨ 13 ਕਿੱਲੋ ਪ੍ਰਤੀ ਏਕੜ ਨੂੰ ਮਿੱਟੀ ਵਿੱਚ ਮਿਲਾਉ । ਖੇਤ ਵਿੱਚ ਪਾਣੀ ਖੜ੍ਹਾ ਕੇ ਵੀ ਇਸ ਕੀੜੇ ਨੂੰ ਰੋਕਿਆ ਜਾ ਸਕਦਾ ਹੈ। ਕਲੋਥਾਈਨੀਡਿਨ 40 ਗ੍ਰਾਮ ਏਕੜ ਨੂੰ 400 ਲੀਟਰ ਪਾਣੀ ਵਿੱਚ ਮਿਲਾ ਕੇ ਪਾਉ।

ਕਮਾਦ ਦਾ ਘੋੜਾ: ਇਸਦਾ ਜ਼ਿਆਦਾ ਹਮਲਾ ਉੱਤਰੀ-ਭਾਰਤ ਵਿੱਚ ਪਾਇਆ ਜਾਂਦਾ ਹੈ। ਵੱਡੇ ਕੀੜੇ ਪੱਤੇ ਦੇ ਹੇਠਲੇ ਪਾਸੇ ਤੋਂ ਰਸ ਚੂਸਦੇ ਹਨ। ਇਸ ਨਾਲ ਪੱਤਿਆਂ ਤੇ ਪੀਲੇ-ਚਿੱਟੇ ਰੰਗ ਦੇ ਧੱਬੇ ਪੈ ਜਾਂਦੇ ਹਨ ਅਤੇ ਪੱਤੇ ਨਸ਼ਟ ਹੋ ਜਾਂਦੇ ਹਨ। ਇਹ ਪੱਤਿਆਂ ਤੇ ਸ਼ਹਿਦ ਵਰਗਾ ਪਦਾਰਥ ਛੱਡਦੇ ਹਨ, ਜਿਸ ਨਾਲ ਫੰਗਸ ਪੈਦਾ ਹੋ ਜਾਂਦੀ ਹੈ ਅਤੇ ਪੱਤੇ ਕਾਲੇ ਰੰਗ ਦੇ ਹੋ ਜਾਂਦੇ ਹਨ। ਨਿਯਮਿਤ ਫ਼ਾਸਲੇ ਤੇ ਸਫ਼ੇਦ ਫੁੱਲੇ ਹੋਏ ਅੰਡਿਆਂ ਨੂੰ ਇਕੱਠਾ ਕਰਕੇ ਨਸ਼ਟ ਕਰ ਦਿਓ। ਗੰਭੀਰ ਹਮਲਾ ਹੋਣ ਤੇ ਡਾਇਮੈਥੋਏਟ ਜਾਂ ਐਸਿਫੇਟ 1-1.5 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

 

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ