ਜੈਵਿਕ ਖਾਦ : ਜੈਵਿਕ ਖਾਦ ਫਸਲਾਂ ਨੂੰ ਖੁਰਾਕ ਦਿੰਦੀ ਹੈ, ਮਿੱਟੀ ਦੇ ਜੈਵਿਕ ਮਾਦੇ ਨੂੰ ਵਧਾਉਂਦੀ ਹੈ, ਸੂਖਮ ਜੀਵ ਜੰਤੂਆਂ ਵਿੱਚ ਵਾਧਾ ਕਰਦੀ ਹੈ ਅਤੇ ਜ਼ਮੀਨ ਦੁਆਰਾ ਨਮੀ ਨੂੰ ਸੰਭਾਲਣ ਵਿੱਚ ਸਹਾਇਤਾ ਕਰਦੀ ਹੈ। ਇੱਕ ਪ੍ਰਾਚੀਨ ਕਹਾਵਤ ਅਨੁਸਾਰ ਜੈਵਿਕ ਖਾਦ ਤੋਂ ਬਿਨਾਂ ਖੇਤ ਇਸ ਤਰ੍ਹਾਂ ਹੈ ਜਿਵੇਂ ਵੱਛੇ ਤੋਂ ਬਿਨਾਂ ਗਾਂ। ਜੈਵਿਕ ਖਾਦ ਦਾ ਫਸਲਾਂ ‘ਤੇ ਅਸਰ ਖਾਦ ਦੇ ਸ੍ਰੋਤ, ਉਸ ਦੇ ਗਲਣ-ਸੜਨ ਦੀ ਸਥਿਤੀ ਅਤੇ ਵਰਤੋਂ ਦੀ ਮਾਤਰਾ ‘ਤੇ ਨਿਰਭਰ ਕਰਦਾ ਹੈ।
ਰੂੜੀ ਦੀ ਖਾਦ: ਰੂੜੀ ਦੀ ਖਾਦ ਪਸ਼ੂਆਂ ਦੇ ਗੋਬਰ ਅਤੇ ਪਿਸ਼ਾਬ ਦੇ ਨਾਲ-ਨਾਲ ਪਸ਼ੂਆਂ ਦੁਆਰਾ ਖਾਧੇ ਚਾਰੇ ਦਾ ਮਿਸ਼ਰਣ ਹੁੰਦਾ ਹੈ। 19ਵੀਂ ਸਦੀ ਦੀ ਸ਼ੁਰੂਆਤ ਤੱਕ ਫਸਲਾਂ ਦੇ ਉਤਪਾਦਨ ਲਈ ਇਹ ਖੁਰਾਕੀ ਤੱਤਾਂ ਦਾ ਇੱਕੋ ਇੱਕ ਸ੍ਰੋਤ ਸੀ। ਇਹ ਮਿੱਟੀ ਨੂੰ ਜੈਵਿਕ ਮਾਦਾ ਪ੍ਰਦਾਨ ਕਰਦੀ ਹੈ ਜੋ ਕਿ ਮਿੱਟੀ ਦੀ ਸਿਹਤ ਅਤੇ ਉਸ ਦੀ ਉਤਪਾਦਨ ਸਮਰੱਥਾ ਦਾ ਸੂਚਕ ਹੈ। ਅੱਜ ਵੀ ਇਹ ਭਾਰਤ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਜੈਵਿਕ ਖਾਦ ਹੈ।
ਰੂੜੀ ਖਾਦ ਦੀ ਗੁਣਵੱਤਾ, ਪਸ਼ੂ ਖੁਰਾਕ, ਪਸ਼ੂਆਂ ਥੱਲੇ ਵਿਛਾਈ ਗਈ ਸੁੱਕ ਅਤੇ ਰੂੜੀ ਦੇ ਭੰਡਾਰਨ ਦੀ ਵਿਧੀ ਉੱਤੇ ਨਿਰਭਰ ਕਰਦੀ ਹੈ। ਇੱਕ ਚੰਗੀ ਤਰ੍ਹਾਂ ਰੂੜੀ ਦੀ ਗਲੀ ਸੜੀ ਖਾਦ ਵਿੱਚ ਔਸਤਨ 0.5 ਪ੍ਰਤੀਸ਼ਤ ਨਾਈਟ੍ਰੋਜਨ, 0.2 ਪ੍ਰਤੀਸ਼ਤ ਫਾਸਫੋਰਸ ਅਤੇ 0.5 ਪ੍ਰਤੀਸ਼ਤ ਪੋਟਾਸ਼ ਹੁੰਦੀ ਹੈ। ਪਰ ਇਹ ਤੱਤ ਵਧੇਰੇ ਵੀ ਹੋ ਸਕਦੇ ਹਨ।
ਭੇਡਾਂ ਅਤੇ ਬੱਕਰੀਆਂ ਦੀ ਖਾਦ ਵਿੱਚ ਲਗਭਗ 3.0 ਪ੍ਰਤੀਸ਼ਤ ਨਾਈਟ੍ਰੋਜਨ, 1.0 ਪ੍ਰਤੀਸ਼ਤ ਫਾਸਫੋਰਸ ਅਤੇ 2.0 ਪ੍ਰਤੀਸ਼ਤ ਪੋਟਾਸ਼ ਹੁੰਦੀ ਹੈ ਅਤੇ ਪੋਲਟਰੀ ਦੀ ਖਾਦ ਵਿੱਚ ਲਗਭਗ 3 ਪ੍ਰਤੀਸ਼ਤ ਨਾਈਟ੍ਰੋਜਨ, 2.6 ਪ੍ਰਤੀਸ਼ਤ ਫਾਸਫੋਰਸ ਅਤੇ 1.4 ਪ੍ਰਤੀਸ਼ਤ ਪੋਟਾਸ਼ ਹੁੰਦੀ ਹੈ। ਰੂੜੀ ਦੀ ਖਾਦ ਦਾ ਇੱਕ ਪ੍ਰਤੀਸ਼ਤ ਹਿੱਸਾ ਪਿਸ਼ਾਬ, ਆਮ ਤੌਰ ‘ਤੇ ਪਸ਼ੂਆਂ ਥੱਲੇ ਵਿਛਾਈ ਸੁੱਕ ਦੀ ਘਾਟ ਕਰਕੇ ਇਕੱਠਾ ਨਹੀਂ ਕੀਤਾ ਜਾਂਦਾ, ਜਿਸ ਵਿੱਚ ਲਗਭਗ 1.0 ਪ੍ਰਤੀਸ਼ਤ ਨਾਈਟ੍ਰੋਜਨ ਅਤੇ 1.35 ਪ੍ਰਤੀਸ਼ਤ ਪੋਟਾਸ਼ ਹੁੰਦੀ ਹੈ। ਗਰਮੀ, ਹਵਾ ਅਤੇ ਮੀਂਹ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਰੂੜੀ ਨੂੰ ਖੇਤ ਵਿੱਚ ਪਾਉਣ ਤੋਂ ਤੁਰੰਤ ਬਾਅਦ ਜ਼ਮੀਨ ਵਿੱਚ ਰਲਾ ਦੇਣਾ ਚਾਹੀਦਾ ਹੈ।
ਤਿਆਰ ਕਰਨ ਦਾ ਢੰਗ : ਚੰਗੀ ਤਰ੍ਹਾਂ ਗਲੀ ਸੜੀ ਰੂੜੀ ਦੀ ਖਾਦ ਤਿਆਰ ਕਰਨ ਲਈ ਇੱਕ ਢੁੱਕਵੀਂ ਲੰਬਾਈ 1.5 ਤੋਂ 2.0 ਮੀਟਰ ਚੌੜਾਈ ਅਤੇ 1.0 ਮੀਟਰ ਡੂੰਘਾਈ ਦੇ ਦੋ ਜਾਂ ਵਧੇਰੇ ਟੋਏ ਬਣਾਓ। ਪਿਸ਼ਾਬ ਨਾਲ ਸੋਖੀ ਹੋਈ ਸੁੱਕ, ਚਾਰੇ ਦੀ ਰਹਿੰਦ-ਖੂੰਹਦ ਅਤੇ ਗੋਹੇ ਨੂੰ ਇਕੱਠਾ ਕਰੋ ਅਤੇ ਇਸ ਨੂੰ ਟੋਏ ਦੇ ਇੱਕ ਸਿਰੇ ਤੋਂ ਸ਼ੁਰੂ ਹੋ ਕੇ ਭਰਦੇ ਜਾਓ। ਜੇਕਰ ਪਿਸ਼ਾਬ ਨੂੰ ਪਸ਼ੂਆਂ ਥੱਲੇ ਵਿਛਾਈ ਸੁੱਕ ਵਿੱਚ ਇਕੱਠਾ ਨਾ ਕੀਤਾ ਜਾ ਸਕੇ ਤਾਂ ਇਸ ਨੂੰ ਪੱਕੇ ਸੀਮਿੰਟ ਦੇ ਟੋਏ ਵਿੱਚ ਪਸ਼ੂਆਂ ਦੇ ਧੋਣ ਨਾਲ ਇਕੱਠਾ ਕਰਕੇ ਰੂੜੀ ਦੀ ਖਾਦ ਵਾਲੇ ਟੋਏ ਵਿੱਚ ਪਾਇਆ ਜਾ ਸਕਦਾ ਹੈ। ਜਦੋਂ ਟੋਇਆ ਜ਼ਮੀਨ ਤੋਂ 45 ਤੋਂ 60 ਸੈਂਟੀਮੀਟਰ ਦੀ ਉਚਾਈ ਤੱਕ ਭਰ ਜਾਵੇ ਤਾਂ ਇਸ ਨੂੰ ਢਾਲ ਦੇ ਕੇ ਮਿੱਟੀ ਅਤੇ ਗੋਹੇ ਦੇ ਮਿਸ਼ਰਣ ਨਾਲ ਲੇਪ ਦਿਓ। ਲਗਭਗ 4 ਤੋਂ 5 ਮਹੀਨਿਆਂ ਵਿੱਚ ਖਾਦ ਚੰਗੀ ਤਰ੍ਹਾਂ ਤਿਆਰ ਹੋ ਜਾਂਦੀ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ