ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ

ਪੰਜਾਬ ਵਿਚ 70% ਕਣਕ ਅਤੇ 90% ਝੋਨਾ ਕੰਬਾਈਨ ਨਾਲ ਵੱਢਿਆ ਜਾਂਦਾ ਹੈ। ਕੰਬਾਈਨ ਨਾਲ ਕਣਕ ਵੱਢਣ ਤੋਂ ਬਾਅਦ ਬਚਦੀ ਪਰਾਲੀ ਤੋਂ ਤੂੜੀ ਵਾਲੀ ਕੰਬਾਈਨ ਨਾਲ 80% ਤੂੜੀ ਬਣਾਈ ਜਾਂਦੀ ਹੈ। ਜਿਸ ਨੂੰ ਡੰਗਰਾਂ ਦੇ ਚਾਰੇ ਦੇ ਤੌਰ ਤੇ ਵਰਤਿਆ ਜਾਂਦਾ ਹੈ। ਪਰ ਝੋਨੇ ਦੀ ਪਰਾਲੀ ਵਿੱਚ ਸਿਲੀਕਾ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਸ ਨੂੰ ਡੰਗਰਾਂ ਦੇ ਚਾਰੇ ਦੇ ਤੌਰ ਤੇ ਨਹੀਂ ਵਰਤਿਆ ਜਾਂਦਾ। ਪੰਜਾਬ ਵਿੱਚ ਹਰ ਸਾਲ ਝੋਨੇ ਦੀ ਕਾਸ਼ਤ ਕਰਕੇ 210 ਲੱਖ ਟਨ ਪਰਾਲੀ ਪੈਦਾ ਹੁੰਦੀ ਹੈ। ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਵਿਚਲਾ ਸਮਾਂ ਥੋੜ੍ਹਾ ਹੋਣ ਕਰਕੇ ਅਤੇ ਝੋਨੇ ਦੀ ਪਰਾਲੀ ਸਾਂਭਣ ਲਈ ਢੁਕਵੇਂ ਤਰੀਕੇ ਕਿਸਾਨਾਂ ਦੇ ਕੋਲ ਨਾ ਹੋਣ ਕਰਕੇ ਕਿਸਾਨ 80-85% ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਸੌਖਾ ਤਰੀਕਾ ਸਮਝਦੇ ਹਨ। ਖੇਤਾਂ ਵਿੱਚ ਪਰਾਲੀ ਸਾੜਨ ਦੇ ਕਈ ਨੁਕਸਾਨ ਹਨ ਜਿਵੇਂ ਕਿ ਹਵਾ ਦਾ ਪ੍ਰਦੂਸ਼ਿਤ ਹੋਣਾ (ਗਰੀਨ ਹਾਊਸ ਗੈਸਾਂ, ਮਨੁੱਖੀ ਸਾਹ ਸਬੰਧੀ ਬਿਮਾਰੀਆਂ), ਮਿੱਟੀ ਵਿਚਲੇ ਜ਼ਰੂਰੀ ਜੀਵਾਂ ਦਾ ਨਸ਼ਟ ਹੋਣਾ, ਮਿੱਟੀ ਦੀ ਸਿਹਤ ਦਾ ਨੁਕਸਾਨ ਅਤੇ ਸੜਕਾਂ ਤੇ ਖੇਤਾਂ ਦੁਆਲੇ ਲੱਗੇ ਰੁੱਖਾਂ ਦਾ ਨੁਕਸਾਨ। ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣਾ ਸਭ ਤੋਂ ਵਧੀਆ ਤਰੀਕਾ ਹੈ। ਇਸ ਵਾਸਤੇ ਵੀ ਸੁਪਰ ਐੱਸਐੱਮਐੱਸ ਵਾਲੀ ਕੰਬਾਈਨ ਨਾਲ ਝੋਨੇ ਦੀ ਕਟਾਈ ਉਪਰੰਤ ਕਣਕ ਦੀ ਹੈਪੀ ਸੀਡਰ ਨਾਲ ਬਿਜਾਈ ਸਭ ਤੋਂ ਵਧੀਆ, ਸੌਖੀ ਅਤੇ ਸਸਤੀ ਤਕਨੀਕ ਹੈ। ਇਸ ਨਾਲ ਕਣਕ ਦੀ ਬਿਜਾਈ ਸਮੇਂ ਸਿਰ ਕੀਤੀ ਜਾ ਸਕਦੀ ਹੈ ਅਤੇ ਇਸ ਦਾ ਝਾੜ ਖੇਤ ਨੂੰ ਵਾਹ ਕੇ ਬੀਜੀ ਕਣਕ ਦੇ ਬਰਾਬਰ ਹੁੰਦਾ ਹੈ। ਇਸ ਤਰੀਕੇ ਨਾਲ ਬੀਜੀ ਗਈ ਕਣਕ ਦੇ ਝਾੜ ’ਤੇ ਪੱਕਣ ਸਮੇਂ ਵੱਧ ਗਰਮੀ ਦਾ ਅਸਰ ਘੱਟ ਹੁੰਦਾ ਹੈ ਅਤੇ ਫ਼ਸਲ ਮੀਂਹ ਪੈਣ ਅਤੇ ਹਵਾ ਚੱਲਣ ਨਾਲ ਡਿੱਗਦੀ ਵੀ ਘੱਟ ਹੈ।

ਪਰਾਲੀ ਦੀ ਵਰਤੋਂ ਬਿਜਲੀ ਪੈਦਾ ਕਰਨ ਲਈ, ਗੱਤਾ ਮਿਲਾਂ ਵਿੱਚ, ਖੁੰਭਾਂ ਦੀ ਕਾਸ਼ਤ ਲਈ, ਪੈਕਿੰਗ, ਡੰਗਰਾਂ ਲਈ ਬੈਡਿੰਗ ਦੇ ਤੌਰ ਤੇ ਕੀਤੀ ਜਾਂਦੀ ਹੈ ।ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੱਖਵੱਖ ਮਸ਼ੀਨਾਂ ਦੀ ਸਿਫਾਰਸ਼ ਕੀਤੀ ਗਈ ਹੈ|ਇਸ ਪਰਾਲੀ ਦੀ ਵਰਤੋਂ ਫ਼ਸਲਾਂ ਵਿੱਚ ਵਿਛਾਉਣ ਵਜੋਂ ਵੀ ਕੀਤੀ ਜਾ ਸਕਦੀ ਹੈ। ਜਿਸ ਨਾਲ ਝਾੜ ਤਾਂ ਵਧਦਾ ਹੀ ਹੈ। ਸਗੋਂ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ।

ਝੋਨੇ ਦੀ ਪਰਾਲੀ ਤੋਂ ਫਾਸਫੋ ਕੰਪੋਸਟ ਵੀ ਤਿਆਰ ਕੀਤੀ ਜਾ ਸਕਦੀ ਹੈ :-

ਝੋਨੇ ਦੀ ਪਰਾਲੀ ਤੋਂ ਕੰਪੋਸਟ ਵਿੱਚ ਫਾਸਫੋਰਸ ਦੀ ਮਾਤਰਾ ਵਧਾਉਣ ਲਈ ਇਸਨੂੰ ਫਾਸਫੋਰਸ ਯੁਕਤ ਵੀ ਕੀਤਾ ਜਾਂਦਾ ਹੈ। ਕੰਪੋਸਟ ਵਿੱਚ ਫਾਸਫੋਰਸ ਦੀ ਮਾਤਰਾ ਵਧਾਉਣ ਲਈ ਰੌਕਫਾਸਫੇਟ ਦੀ ਵਰਤੋਂ ਕੀਤੀ ਜਾਂਦੀ ਹੈ। ਰੌਕ ਫਾਸਫੇਟ ਨੂੰ ਚੰਗੀ ਤਰ੍ਹਾਂ ਪੀਸ ਕੇ ਬਰੀਕ ਕਰ ਲੈਣਾ ਚਾਹੀਦਾ ਹੈ। ਇਸਦੀ ਵਰਤੋਂ ਯੂਰੀਏ ਅਤੇ ਗੋਹੇ ਦੇ ਘੋਲ ਵਿੱਚ ਡੁਬਾਉਣ ਤੋਂ ਬਾਅਦ, ਬੈੱਡਾਂ ‘ਤੇ ਪਰਾਲੀ ਦੀਆਂ ਤਹਿਆਂ ਵਿਛਾਉਂਦੇ ਸਮੇਂ ਕਰਨੀ ਚਾਹੀਦੀ ਹੈ। ਇਸ ਲਈ 500 ਕਿੱਲੋ ਪਰਾਲੀ ਦੇ ਢੇਰ ਵਾਸਤੇ 30 ਕਿੱਲੋ ਰੌਕ ਫਾਸਫੇਟ ਹਰ ਤਹਿ ਵਿਚਕਾਰ ਬਰਾਬਰ ਮਾਤਰਾ ਵਿੱਚ ਪਾ ਦਿਓ। ਇਸ ਤੋਂ ਬਾਅਦ ਉਪਰੋਕਤ ਦੱਸੀ ਵਿਧੀ ਵਰਤੋ ਅਤੇ ਇਹ ਖ਼ਾਦ ਵੀ 80-90 ਦਿਨਾਂ ਵਿੱਚ ਹੀ ਤਿਆਰ ਹੋ ਜਾਂਦੀ ਹੈ। ਝੋਨੇ ਦੀ ਪਰਾਲੀ ਤੋਂ ਤਿਆਰ ਕੰਪੋਸਟ ਨੂੰ ਰੂੜੀ ਦੀ ਖ਼ਾਦ ਵਾਂਗੂ ਹੀ ਕਿਸੇ ਵੀ ਫ਼ਸਲ ਲਈ ਵਰਤਿਆ ਜਾ ਸਕਦਾ ਹੈ। ਜ਼ਮੀਨ ਵਿੱਚ ਕੰਪੋਸਟ ਦੀ ਵਰਤੋਂ ਨਾਲ ਜ਼ਮੀਨ ਦੇ ਭੌਤਿਕ , ਰਸਾਇਣਿਕ ਅਤੇ ਜੀਵਨ ਗੁਣਾਂ ਵਿੱਚ ਸੁਧਾਰ ਹੁੰਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ