vegetables in net houses pb

ਪੌਲੀ ਜਾਂ ਨੈੱਟ ਹਾਊਸ ਵਿੱਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਜ਼ਰੂਰੀ ਨੁਕਤੇ

ਪੌਲੀ ਜਾਂ ਨੈੱਟ ਹਾਊਸ ਵਿੱਚ ਬੇਮੌਸਮੀ ਸਬਜ਼ੀਆਂ ਜਿਵੇਂ ਕਿ ਟਮਾਟਰ, ਸ਼ਿਮਲਾ ਮਿਰਚ, ਬੈਂਗਣ ਆਦਿ ਪੈਦਾ ਕਰਕੇ ਵੱਧ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਛੋਟੇ ਕਿਸਾਨਾਂ ਨੂੰ ਇਸਦਾ ਹੋਰ ਵੀ ਫਾਇਦਾ ਹੁੰਦਾ ਹੈ। ਇਸਦੇ ਵਿੱਚ ਬਿਨਾਂ ਕਿਸੇ ਜ਼ਹਿਰ ਨੂੰ ਵਰਤੇ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ, ਪਰ ਪੌਲੀ ਜਾਂ ਨੈੱਟ ਹਾਊਸ ਵਿੱਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੱਗਦੀਆਂ ਹਨ, ਜਿਸ ਨਾਲ ਇਸਦੇ ਝਾੜ ਉਪਰ ਅਸਰ ਪੈਂਦਾ ਹੈ। ਚੰਗਾ ਝਾੜ ਲੈਣ ਦੇ ਲਈ ਬਿਮਾਰੀਆਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ। ਰੋਕਥਾਮ ਦੇ ਲਈ ਤੁਸੀ ਹੇਠਾਂ ਦਿੱਤੇ ਨੁਕਤੇ ਅਪਣਾ ਸਕਦੇ ਹੋ:

1. ਪੌਲੀ ਜਾਂ ਨੈੱਟ ਹਾਊਸ ਵਿੱਚ ਜ਼ਿਆਦਾਤਰ ਬਿਮਾਰੀਆਂ ਮਿੱਟੀ ਰਾਹੀਂ ਪੈਦਾ ਹੁੰਦੀਆਂ ਹਨ ਅਤੇ ਹੌਲੀ ਹੌਲੀ ਇਹ ਬਿਮਾਰੀਆਂ ਵੱਧ ਦੀਆਂ ਜਾਂਦੀਆਂ ਹਨ। ਇਹਨਾਂ ਬਿਮਾਰੀਆਂ ਤੋਂ ਬਚਾਅ ਲਈ ਬਿਜਾਈ ਤੋਂ ਪਹਿਲਾਂ ਮਿੱਟੀ ਨੂੰ ਬਿਮਾਰੀ ਰਹਿਤ ਕਰਨਾ ਪਵੇਗਾ। ਇਸਦੇ ਲਈ ਹਰੀ ਖਾਦ ਅਤੇ ਸੂਰਜੀ ਸੇਕ ਦੀ ਵਰਤੋਂ ਕੀਤੀ ਜਾ ਸਕਦੀ ਹੈ।

2. ਬਿਜਾਈ ਕਰਨ ਤੋਂ ਪਹਿਲਾਂ ਪਿਛਲੀ ਫ਼ਸਲ ਦੀ ਰਹਿੰਦਖੂੰਹਦ ਬਾਹਰ ਕੱਢ ਕੇ ਨਸ਼ਟ ਕਰ ਦੇਣੀ ਚਾਹੀਦੀ ਹੈ ਅਤੇ ਬੀਜ ਨੂੰ ਸਿਫ਼ਾਰਸ਼ਾਂ ਮੁਤਾਬਕ ਸੋਧ ਲੈਣਾ ਚਾਹੀਦਾ ਹੈ।

3. ਪੌਲੀ ਜਾਂ ਨੈੱਟ ਹਾਊਸ ਨੂੰ ਪੂਰਾ ਪੌਲੀਸ਼ੀਟ ਨਾਲ ਢੱਕਿਆ ਹੋਇਆ ਦੂਹਰਾ ਦਰਵਾਜ਼ਾ ਲਗਾਓ ਅਤੇ ਅੰਦਰ ਜਾਣ ਲੱਗਿਆਂ ਦਰਵਾਜੇ ਨੂੰ ਬੰਦ ਕਰਨਾ ਕਦੇ ਨਾ ਭੁਲੋ। ਦਰਵਾਜ਼ੇ ਦੇ ਅੰਦਰਲੇ ਪਾਸੇ ਲਾਲ ਦਵਾਈ (ਪੋਟਾਸ਼ੀਅਮ ਪਰਮੇਗਨੇਟ) ਦਾ ਘੋਲ ਬਣਾ ਕੇ ਰੱਖੋ ਅਤੇ ਅੰਦਰ ਜਾਣ ਲੱਗਿਆ ਜੁੱਤੀ ਥੱਲਿਓਂ ਗਿੱਲੀ ਕਰਕੇ ਹੀ ਅੰਦਰ ਜਾਓ। ਪੌਲੀਸ਼ੀਟ ਨੂੰ ਬਾਹਰ ਤੋਂ ਚੰਗੀ ਤਰ੍ਹਾਂ ਜਮੀਨ ਵਿੱਚ ਦਬਾ ਕੇ ਰੱਖੋ।

4. ਮਸ਼ੀਨਰੀ ਅਤੇ ਖੇਤੀ ਸੰਦਾਂ ਨੂੰ ਬਾਹਰਲੇ ਖੇਤ ਦੀ ਮਿੱਟੀ ਤੋਂ ਸਾਫ ਕਰਕੇ ਹੀ ਪੌਲੀ ਜਾਂ ਨੈੱਟ ਹਾਊਸ ਦੇ ਅੰਦਰ ਲੈ ਕੇ ਜਾਓ। ਪੌਲੀ ਜਾਂ ਨੈੱਟ ਹਾਊਸ ਦੇ ਅੰਦਰ ਅਤੇ ਬਾਹਰ ਨਦੀਨਾਂ ਦੀ ਰੋਕਥਾਮ ਕਰੋ।

5. ਪੌਲੀ ਜਾਂ ਨੈੱਟ ਹਾਊਸ ਦੇ ਅੰਦਰ ਸਿੰਚਾਈ ਲਈ ਤੁਪਕਾ ਪ੍ਰਣਾਲੀ ਨੂੰ ਪਹਿਲ ਦੇਣੀ ਚਾਹੀਦੀ ਹੈ ਪਰ ਜੇਕਰ ਖਾਲ਼ੀਆਂ ਰਾਹੀਂ ਸਿੰਚਾਈ ਕਰਨੀ ਹੋਵੇ ਤਾਂ ਅੰਡਰਗ੍ਰਾਊਂਡ ਪਾਈਪਾਂ ਦੀ ਵਰਤੋਂ ਕਰੋ।

6. ਲਗਾਤਾਰ ਫ਼ਸਲ ਦਾ ਨਿਰੀਖਣ ਕਰਦੇ ਰਹੋ। ਰੋਗੀ ਬੂਟੇ ਅਤੇ ਟਾਹਣੀਆਂ ਨੂੰ ਕੱਟ ਕੇ ਪੌਲੀ ਜਾਂ ਨੈੱਟ ਹਾਊਸ ਤੋਂ ਬਾਹਰ ਕੱਢ ਦਿਓ। ਹੇਠਾਂ ਡਿੱਗੇ ਹੋਏ ਰੋਗੀ ਪੱਤੇ ਅਤੇ ਗਲੇਸੜੇ ਫਲਾਂ ਨੂੰ ਬਾਹਰ ਕੱਢ ਕੇ ਨਸ਼ਟ ਕਰ ਦਿਓ।

7. ਪੌਲੀ ਜਾਂ ਨੈੱਟ ਹਾਊਸ ਦੀ ਤੋੜਭੰਨ ਦਾ ਖਾਸ ਖਿਆਲ ਰੱਖੋ। ਦਰਵਾਜ਼ੇ ਅਤੇ ਕੰਧਾਂ ਵਿੱਚ ਹੋਈਆਂ ਮੋਰੀਆਂ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਓ।

ਇਹਨਾਂ ਸਭ ਗੱਲਾਂ ਦਾ ਧਿਆਨ ਰੱਖ ਕੇ ਪੌਲੀ ਜਾਂ ਨੈੱਟ ਹਾਊਸ ਵਿੱਚ ਸਬਜ਼ੀਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ