ਹਾੜ੍ਹੀ ਦੀਆਂ ਫ਼ਸਲਾਂ ਦੇ ਮਿੱਤਰ ਕੀੜੇ ਅਤੇ ਉਹਨਾ ਦੀ ਸਾਂਭ ਸੰਭਾਲ

ਫ਼ਸਲਾਂ ਦੇ ਵਿਚ ਕਈ ਤਰ੍ਹਾਂ ਦੇ ਕੀੜੇ ਮਿਲਦੇ ਹਨ ਇਹਨਾਂ ਵਿੱਚੋ ਕਈ ਮਿੱਤਰ ਕੀੜੇ ਹੁੰਦੇ ਹਨ ਅਤੇ ਕਈ ਨੁਕਸਾਨ ਕਰਦੇ ਹਨ। ਮਿੱਤਰ ਕੀੜੇ ਫ਼ਸਲਾਂ ਦੇ ਹਾਨੀਕਾਰਕ ਕੀੜਿਆਂ ਨੂੰ ਨਸ਼ਟ ਕਰਨ ਅਤੇ ਕੁਦਰਤ ਵਿਚ ਸੰਤੁਲਨ ਬਣਾਉਣ ਵਿਚ ਸਾਡੀ ਮਦਦ ਕਰਦੇ ਹਨ। ਹੇਠਾਂ ਹਾੜ੍ਹੀ ਦੀਆਂ ਫ਼ਸਲਾਂ ਵਿਚ ਮਿਲਣ ਵਾਲੇ ਮਿੱਤਰ ਕੀੜਿਆਂ ਦੀ ਜਾਣ ਪਛਾਣ ਅਤੇ ਸਾਂਭ ਸੰਭਾਲ ਸਬੰਧੀ ਜਾਣਕਾਰੀ ਦਿਤੀ ਗਈ ਹੈ।

ਮਿੱਤਰ ਕੀੜੇ ਦੋ ਤਰ੍ਹਾਂ ਦੇ ਹੁੰਦੇ ਹਨ:-
1. ਪਰਭਕਸ਼ੀ ਕੀੜੇ
2. ਪਰਜੀਵੀ ਕੀੜੇ

ਪਰਭਕਸ਼ੀ ਕੀੜੇ :– ਇਹ ਮਿੱਤਰ ਕੀੜੇ ਦੁਸ਼ਮਣ ਕੀੜੇ ਤੇ ਹਮਲਾ ਕਰਕੇ ਓਹਨਾ ਨੂੰ ਮਾਰ ਦਿੰਦੇ ਹਨ ਅਤੇ ਖਾ ਜਾਂਦੇ ਹਨ। ਇਕ ਪਰਭਕਸ਼ੀ ਕੀੜਾ ਕਈ ਕੀੜਿਆਂ ਨੂੰ ਖਾ ਕੇ ਆਪਣਾ ਜੀਵਨ ਚੱਕਰ ਪੂਰਾ ਕਰਦਾ ਹੈ। ਪਰਭਕਸ਼ੀ ਕੀੜਿਆਂ ਵਿਚ ਆਉਣ ਵਾਲੇ ਕੀੜੇ ਹਨ ਜਿਵੇਂ ਲੇਡੀ ਬਰਡ ਭੂੰਡੀਆਂ, ਗ੍ਰੀਨ ਲੇਸ ਵਿੰਗ।

ਪਰਜੀਵੀ ਕੀੜੇ:– ਇਹ ਮਿੱਤਰ ਕੀੜੇ ਹਾਨੀਕਾਰਕ ਕੀੜਿਆਂ ਦੇ ਉੱਪਰ ਜਾ ਅੰਦਰ ਰਹਿ ਕੇ ਆਪਣਾ ਜੀਵਨ ਚੱਕਰ ਪੂਰਾ ਕਰਦੇ ਹਨ ਅਤੇ ਅਖੀਰ ਵਿਚ ਉਸਨੂੰ ਮਾਰ ਦਿੰਦੇ ਹਨ। ਪਰਜੀਵੀ ਕੀੜਿਆਂ ਵਿਚ ਆਉਣ ਵਾਲੇ ਕੀੜੇ ਹਨ ਜਿਵੇ ਕੋਟੇਸੀਆ ਭਰਿੰਡ ,ਏਫੀਡਿਅਸ ਭਰਿੰਡ ਅਤੇ ਕੈਂਪੋਲਿਟਸ ਕਲੋਰੀਡੀ ਭਰਿੰਡ।

ਮਿੱਤਰ ਕੀੜਿਆਂ ਦੀ ਸਾਂਭ ਸੰਭਾਲ:-

ਕੁਝ ਵਾਤਾਵਰਨ ਸੰਬੰਦੀ ਅਤੇ ਮਨੁੱਖੀ ਗਤੀਵਿਧੀਆਂ ਵਿਚ ਤਬਦੀਲੀ ਕਰਕੇ ਮਿੱਤਰ ਕੀੜਿਆਂ ਦੀ ਸਾਂਭ ਸੰਭਾਲ ਕੀਤੀ ਜਾ ਸਕਦੀ ਹੈ ਤਾ ਜੋ ਸਾਡੇ ਮਿੱਤਰ ਕੀੜੇ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਸਹੀ ਢੰਗ ਨਾਲ ਕਰ ਸਕਣ। ਮਿੱਤਰ ਕੀੜਿਆਂ ਨੂੰ ਬਚਾਉਣ ਲਈ ਕੀਟਨਾਸ਼ਕ ਦੀ ਵਰਤੋਂ ਘਟਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਹੇਠਾਂ ਦਿਤੇ ਨੁਕਤਿਆਂ ਨੂੰ ਅਪਨਾ ਕੇ ਮਿੱਤਰ ਕੀੜਿਆਂ ਦੀ ਸਾਂਭ ਸੰਭਾਲ ਕਰ ਸਕਦੇ ਹੋ।

• ਹਾਨੀਕਾਰਕ ਕੀੜਿਆਂ ਅਤੇ ਉਹਨਾ ਵਲੋਂ ਕੀਤੇ ਜਾ ਸਕਣ ਵਾਲੇ ਨੁਕਸਾਨ ਅਤੇ ਮਿੱਤਰ ਕੀੜਿਆਂ ਦੀ ਸਹੀ ਜਾਣ ਪਹਿਚਾਣ ਹੋਣੀ ਬਹੁਤ ਜਰੂਰੀ ਹੈ। ਕਈ ਵਾਰ ਕਿਸਾਨ ਫ਼ਸਲਾਂ ਉਤੇ ਮਿੱਤਰ ਕੀੜਿਆਂ ਨੂੰ ਹਾਨੀਕਾਰਕ ਸਮਝ ਕੇ ਉਹਨਾ ਉਤੇ ਕੀਟਨਾਸ਼ਕ ਦੀ ਸਪਰੇ ਕਰ ਦਿੰਦੇ ਹਨ। ਜਦਕਿ ਮਿੱਤਰ ਕੀੜੇ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਕਰਦੇ।

• ਕੀਟਨਾਸ਼ਕ ਦੀ ਅੰਧਾਧੁੰਦ ਵਰਤੋਂ ਤੋਂ ਗੁਰੇਜ ਕਰੋ। ਇਹਨਾਂ ਕੀਟਨਾਸ਼ਕਾਂ ਦੀ ਵਰਤੋਂ ਨੁਕਸਾਨ ਦੇ ਆਰਥਿਕ ਪੱਖੋਂ ਕਰਨੀ ਚਾਹੀਦੀ ਹੈ ਜਿਵੇਂ ਕਣਕ ਵਿਚ ਚੇਪੇ ਦੀ ਰੋਕਥਾਮ ਲਈ ਕੀਟਨਾਸ਼ਕ ਸਿੱਟੇ ਪੈਣ ਵੇਲੇ ਤਾਂ ਹੀ ਕਰੋ ਜੇਕਰ ਕਣਕ ਵਿਚ ਚੇਪੇ ਦਾ ਹਮਲਾ ਜ਼ਿਆਦਾ ਹੁੰਦਾ ਹੈ।

• ਜੇਕਰ ਲੋੜ ਪੈਂਦੀ ਹੈ ਤਾਂ ਹਰੇ ਤ੍ਰਿਕੋਣ ਵਾਲੇ ਕੀਟਨਾਸ਼ਕ ਦੀ ਹੀ ਵਰਤੋਂ ਕਰੋ।

• ਜੇਕਰ ਕੀਟਨਾਸ਼ਕ ਦੀ ਸਪਰੇ ਕਰਨੀ ਹੀ ਹੈ ਤਾਂ ਇਸਦੀ ਵਰਤੋਂ ਚੋਣਵੇ ਢੰਗ ਨਾਲ ਕਰੋ। ਵਰਤੋਂ ਦੇ ਲਈ ਹਮਲੇ ਹੇਠ ਆਏ ਬੂਟਿਆਂ ਜਾ ਖੇਤ ਦੇ ਉਹਨਾ ਹਿੱਸਿਆਂ ਤੇ ਹੀ ਕਰਨ ਦੀ ਕੋਸ਼ਿਸ਼ ਕਰੋ ਜਿਥੇ ਕਿ ਹਾਨੀਕਾਰਕ ਕੀੜਿਆਂ ਨੇ ਨੁਕਸਾਨ ਕੀਤਾ ਹੋਏ। ਜਿਵੇਂ ਕਿ ਕਣਕ ਤੇ ਚੇਪੇ ਦਾ ਹਮਲਾ ਪਹਿਲਾਂ ਖੇਤ ਦੇ ਬਾਹਰਲੇ ਹਿੱਸਿਆਂ ਵਿਚ ਹੁੰਦਾ ਹੈ ਤਾਂ ਛਿੜਕਾ ਹਮਲੇ ਵਾਲੀ ਜਗ੍ਹਾ ‘ਤੇ ਹੀ ਕਰੋ ਤਾਂ ਜੋ ਮਿੱਤਰ ਕੀੜਿਆਂ ਨੂੰ ਕੋਈ ਨੁਕਸਾਨ ਨਾ ਹੋਏ।

• ਮਿੱਤਰ ਕੀੜਿਆਂ ਦੀ ਗਿਣਤੀ ਵਧਾਉਣ ਦੇ ਲਈ ਖੇਤਾਂ ਦੇ ਆਸ ਪਾਸ ਤਰ੍ਹਾਂ-ਤਰ੍ਹਾਂ ਦੇ ਬੂਟੇ ਅਤੇ ਰੁੱਖ ਲਗਾਉਣੇ ਚਾਹੀਦੇ ਹਨ ਕਿਉਕਿ ਮਿੱਤਰ ਕੀੜੇ ਆਪਣੇ ਜੀਵਨ ਚੱਕਰ ਦਾ ਕੁੱਝ ਹਿੱਸਾ ਇਹਨਾਂ ਬੂਟਿਆਂ ਉੱਤੇ ਪੂਰਾ ਕਰਦੇ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ