ਆਲੂ ਵਿਸ਼ਵ ਦੀ ਇੱਕ ਮੱਹਤਵਪੂਰਨ ਸਬਜ਼ੀਆਂ ਵਾਲੀ ਫ਼ਸਲ ਹੈ। ਇਹ ਇੱਕ ਸਸਤੀ ਅਤੇ ਆਰਥਿਕ ਫ਼ਸਲ ਹੈ, ਜਿਸ ਕਰਕੇ ਇਸਨੂੰ ਗਰੀਬ ਆਦਮੀ ਦਾ ਮਿੱਤਰ ਕਿਹਾ ਜਾਂਦਾ ਹੈ। ਇਹ ਫ਼ਸਲ ਦੱਖਣੀ ਅਮਰੀਕਾ ਦੀ ਹੈ ਅਤੇ ਇਸ ਵਿੱਚ ਕਾਰਬੋਹਾਈਡ੍ਰੇਟ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਆਲੂ ਲਗਭਗ ਸਾਰੇ ਰਾਜਾਂ ਵਿੱਚ ਉਗਾਏ ਜਾਂਦੇ ਹਨ। ਇਹ ਫ਼ਸਲ ਸਬਜ਼ੀ ਲਈ ਅਤੇ ਚਿਪਸ ਬਣਾੳਣ ਲਈ ਵਰਤੀ ਜਾਂਦੀ ਹੈ। ਇਹ ਫ਼ਸਲ ਸਟਾਰਚ ਅਤੇ ਸ਼ਰਾਬ ਬਣਾੳਣ ਲਈ ਵਰਤੀ ਜਾਂਦੀ ਹੈ। ਭਾਰਤ ਵਿੱਚ ਜ਼ਿਆਦਾਤਰ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਪੰਜਾਬ, ਕਰਨਾਟਕਾ, ਆਸਾਮ ਅਤੇ ਮੱਧ ਪ੍ਰਦੇਸ਼ ਵਿੱਚ ਆਲੂ ਉਗਾਏ ਜਾਂਦੇ ਹਨ। ਪੰਜਾਬ ਵਿੱਚ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ ਅਤੇ ਪਟਿਆਲਾ ਮੁੱਖ ਆਲੂ ਪੈਦਾ ਕਰਨ ਵਾਲੇ ਖੇਤਰ ਹਨ। ਆਲੂ ਦੇ ਚੰਗੇ ਉਤਪਾਦਨ ਲਈ ਹਰ ਇੱਕ ਨੂੰ ਆਲੂ ਦੀ ਫ਼ਸਲ ਤੇ ਹੋਣ ਵਾਲੀ ਬਿਮਾਰੀਆਂ ਅਤੇ ਕੀੜਿਆਂ ਅਤੇ ਉਹਨਾਂ ਦੀ ਰੋਕਥਾਮ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਇੱਥੇ ਕੀੜੇ ਅਤੇ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ ਦੀ ਜਾਣਕਾਰੀ ਦਿੱਤੀ ਗਈ ਹੈI
ਕੀੜੇ ਮਕੌੜੇ ਤੇ ਰੋਕਥਾਮ
ਚੇਪਾ: ਇਹ ਕੀੜੇ ਪੌਦਿਆਂ ਦਾ ਰਸ ਚੂਸਦੇ ਹਨ ਅਤੇ ਪੌਦੇ ਨੂੰ ਕਮਜ਼ੋਰ ਬਣਾਉਂਦੇ ਹਨ। ਗੰਭੀਰ ਹਮਲੇ ਨਾਲ ਪੌਦੇ ਦੇ ਪੱਤੇ ਮੁੜ ਜਾਂਦੇ ਹਨ ਅਤੇ ਪੱਤਿਆਂ ਦਾ ਆਕਾਰ ਬਦਲ ਜਾਂਦਾ ਹੈ। ਜੇਕਰ ਚੇਪੇ ਜਾਂ ਤੇਲੇ ਦਾ ਹਮਲਾ ਦਿਖੇ ਤਾਂ ਇਮੀਡਾਕਲੋਪ੍ਰਿਡ 50 ਮਿ.ਲੀ. ਜਾਂ ਥਾਇਆਮੈਥੋਕਸਮ 40 ਗ੍ਰਾਮ ਪ੍ਰਤੀ ਏਕੜ ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ ਕਰੋ।
ਕੁਤਰਾ ਸੁੰਡੀ: ਇਹ ਸੁੰਡੀ ਪੌਦੇ ਨੂੰ ਪੁੰਗਰਨ ਸਮੇਂ ਕੱਟ ਕੇ ਨੁਕਸਾਨ ਪਹੁੰਚਾਉਂਦੀ ਜੇਕਰ ਇਸਦਾ ਹਮਲਾ ਦਿਖੇ ਤਾਂ ਕਲੋਰਪਾਈਰੀਫੋਸ 20% ਈ ਸੀ 2.5 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਪੌਦਿਆਂ ਤੇ ਫੋਰੇਟ 10 ਜੀ 4 ਕਿੱਲੋ ਪ੍ਰਤੀ ਏਕੜ ਪਾਓ ਅਤੇ ਮਿੱਟੀ ਨਾਲ ਢੱਕ ਦਿਓ।
ਲਾਲ ਭੂੰਡੀ: ਇਹ ਸੁੰਡੀ ਅਤੇ ਕੀੜਾ ਪੱਤੇ ਖਾ ਕੇ ਫ਼ਸਲ ਦਾ ਨੁਕਸਾਨ ਕਰਦੇ ਹਨ। ਇਸ ਦੀ ਰੋਕਥਾਮ ਦੇ ਲਈ ਕਾਰਬਰਿਲ 1 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।
ਚਿੱਟੀ ਸੁੰਡੀ: ਇਹ ਕੀੜਾ ਮਿੱਟੀ ਵਿੱਚ ਰਹਿੰਦਾ ਹੈ ਅਤੇ ਜੜਾਂ, ਤਣਿਆਂ ਅਤੇ ਆਲੂਆਂ ਨੂੰ ਖਾਂਦਾ ਹੈ। ਇਸ ਨਾਲ ਨੁਕਸਾਨੇ ਪੌਦੇ ਸੁੱਕੇ ਹੋਏ ਦਿਖਾਈ ਦਿੰਦੇ ਹਨ ਅਤੇ ਆਲੂਆਂ ਵਿੱਚ ਸੁਰਾਖ ਹੋ ਜਾਂਦੇ ਹਨ। ਇਸ ਨੂੰ ਰੋਕਣ ਲਈ ਬਿਜਾਈ ਸਮੇਂ ਕਾਰਬੋਫਿਊਰਨ 3ਜੀ 12 ਕਿੱਲੋ ਜਾਂ ਥਿਮਟ 10ਜੀ 7 ਕਿੱਲੋ ਪ੍ਰਤੀ ਏਕੜ ਪਾਓ।
ਆਲੂ ਦਾ ਕੀੜਾ: ਇਹ ਖੇਤ ਅਤੇ ਸਟੋਰ ਵਿੱਚਲੇ ਆਲੂਆਂ ਦਾ ਗੰਭੀਰ ਕੀੜਾ ਹੈ , ਜੋ ਆਲੂਆਂ ਵਿੱਚ ਸੁਰਾਖ ਕਰਕੇ ਇਸਦਾ ਗੁੱਦਾ ਖਾਂਦਾ ਹੈ। ਜੇਕਰ ਹਮਲਾ ਦਿਖੇ ਤਾਂ ਕਾਰਬਰਿਲ 1 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।
ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ:
ਅਗੇਤਾ ਝੁਲਸ ਰੋਗ: ਇਸ ਨਾਲ ਹੇਠਲੇ ਪੱਤਿਆ ਤੇ ਧੱਬੇ ਪੈ ਜਾਂਦੇ ਹਨ। ਇਹ ਬਿਮਾਰੀ ਮਿੱਟੀ ਵਿਚਲੀ ਉੱਲੀ ਕਾਰਨ ਆਉਂਦੀ ਹੈ। ਜੇਕਰ ਹਮਲਾ ਦਿਖੇ ਤਾਂ ਮੈਨਕੋਜ਼ੇਬ 30 ਗ੍ਰਾਮ ਜਾਂ ਕੋਪਰ ਆਕਸੀਕਲੋਰਾਈਡ 30 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
ਆਲੂਆਂ ਤੇ ਕਾਲੇ ਧੱਬੇ: ਇਸ ਬਿਮਾਰੀ ਨਾਲ ਆਲੂਆਂ ਤੇ ਕਾਲੇ ਰੰਗ ਦੇ ਧੱਬੇ ਦਿਖਾਈ ਦਿੰਦੇ ਹਨ ਨੁਕਸਾਨੇ ਆਲੂਆਂ ਦੇ ਪੁੰਗਰਨ ਸਮੇਂ ਅੱਖਾਂ ਤੇ ਕਾਲਾ ਅਤੇ ਭੂਰਾ ਰੰਗ ਆ ਜਾਂਦਾ ਹੈ। ਬਿਜਾਈ ਲਈ ਬਿਮਾਰੀ ਮੁਕਤ ਬੀਜ ਵਰਤੋ।
ਪਿਛੇਤਾ ਝੁਲਸ ਰੋਗ: ਇਸ ਬਿਮਾਰੀ ਨਾਲ ਨੁਕਸਾਨੇ ਪੱਤਿਆਂ ‘ਤੇ ਬੇ-ਢੰਗੇ ਆਕਾਰ ਦੇ ਧੱਬੇ ਦਿਖਦੇ ਹਨ ਅਤੇ ਧੱਬਿਆਂ ਦੇ ਦੁਆਲੇ ਚਿੱਟਾ ਪਾਊਡਰ ਬਣ ਜਾਂਦਾ ਹੈ। ਜੇਕਰ ਹਮਲਾ ਦਿਖੇ ਤਾਂ ਪ੍ਰੋਪਿਨੇਬ 40 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ।
ਆਲੂਆਂ ਤੇ ਕਾਲੀ ਪੇਪੜੀ: ਇਹ ਬਿਮਾਰੀ ਨਾਲ ਆਲੂਆਂ ਤੇ ਹਲਕੇ ਭੂਰੇ ਤੋਂ ਗੂੜੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ। ਬਿਮਾਰੀ-ਮੁਕਤ ਬੀਜਾਂ ਦੀ ਵਰਤੋਂ ਕਰੋ। ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਐਮੀਸਨ 6 ਦੇ 0.25% (2.5 ਗ੍ਰਾਮ ਪ੍ਰਤੀ ਲੀਟਰ ਪਾਣੀ) ਘੋਲ ਨਾਲ 5 ਮਿੰਟਾਂ ਲਈ ਸੋਧੋ।
ਨਰਮ ਹੋ ਕੇ ਗਲਣਾ: ਇਸ ਬਿਮਾਰੀ ਨਾਲ ਪੌਦੇ ਦੇ ਹੇਠਲੇ ਹਿੱਸੇ ਦਾ ਰੰਗ ਕਾਲਾ ਅਤੇ ਨੁਕਸਾਨੇ ਆਲੂਆਂ ਦਾ ਰੰਗ ਭੂਰਾ ਹੋ ਜਾਂਦੇ ਹਨ ਅਤੇ ਪੌਦਾ ਪਿੱਤਲ ਦੇ ਰੰਗ ਦਾ ਨਜ਼ਰ ਆਉਂਦਾ ਹੈ। ਬਿਜਾਈ ਤੋ ਪਹਿਲਾਂ ਬੀਜਾਂ ਨੂੰ ਬੋਰਿਕ ਐਸਿਡ 3%(300 ਗ੍ਰਾਮ ਪ੍ਰਤੀ 10 ਲੀਟਰ ਪਾਣੀ) ਨਾਲ 30 ਮਿੰਟ ਤੱਕ ਸੋਧੋ ਅਤੇ ਛਾਂਵੇ ਸੁਕਾਓ।
ਚਿਤਕਬਰਾ ਰੋਗ: ਇਸ ਨਾਲ ਪੱਤੇ ਪੀਲੇ ਹੋ ਜਾਂਦੇ ਹਨ ਅਤੇ ਪੌਦੇ ਦਾ ਵਾਧਾ ਰੁੱਕ ਜਾਂਦਾ ਹੈ। ਆਲੂਆਂ ਦਾ ਆਕਾਰ ਤੇ ਗਿਣਤੀ ਘੱਟ ਜਾਂਦੀ ਹੈ।
ਇਸ ਦੀ ਰੋਕਥਾਮ ਦੇ ਲਈ ਮੈਟਾਸਿਸਟੋਕਸ ਜਾਂ ਰੋਗੋਰ 300 ਮਿ.ਲੀ. ਨੂੰ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ