ਸਰਦੀਆਂ ਵਿੱਚ ਨਰਮ ਤਵਚਾ ਲਈ ਅਪਣਾਉ ਇਹ ਘਰੇਲੂ ਨੁਸਖੇ

ਸਰਦੀਆਂ ਸ਼ੁਰੂ ਹੋ ਗਈਆਂ ਹਨ ਤੇ ਸਰਦੀਆਂ ਵਿੱਚ ਜਿਅਦਾਤਾਰ ਲੋਕਾਂ ਨੂੰ ਜਿਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਹੈ ਚਮੜੀ ਦਾ ਖੁਸ਼ਕ ਹੋਣਾ। ਚਮੜੀ ਖੁਸ਼ਕ ਹੋਣ ਦੀ ਸਮੱਸਿਆ ਆਮਤੌਰ ਤੇ ਸਰਦੀਆਂ ਦੇ ਮੌਸਮ ਵਿੱਚ ਦੇਖੀ ਜਾਂਦੀ ਹੈ। ਸਰਦੀਆਂ ਦਾ ਮੌਸਮ ਤੇਜ਼ ਅਤੇ ਠੰਡੀਆਂ ਹਵਾਵਾਂ ਲਿਆਉਂਦਾ ਹੈ ਜਿਸ ਨਾਲ ਸਾਡੇ ਹੱਥਾਂ ਅਤੇ ਮੂੰਹ ਦੀ ਚਮੜੀ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਇਹ ਰੁੱਖੀ ਹੋ ਜਾਂਦੀ ਹੈ। ਜਿਸ ਨਾਲ ਤੁਹਾਨੂੰ ਤੁਹਾਡੀ ਚਮੜੀ ਤੇ ਖੁਜਲੀ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਚਮੜੀ ਦੀਆਂ ਕਈ ਗੰਭੀਰ ਬਿਮਾਰੀਆਂ ਜਨਮ ਲੈ ਸਕਦੀਆਂ ਹਨ ਅਤੇ ਅਲਰਜ਼ੀ ਅਤੇ ਚਿੜਚਿੜਾਪਣ ਵੀ ਪੈਦਾ ਹੁੰਦਾ ਹੈ।

ਖੁਸ਼ਕ ਚਮੜੀ ਦੀ ਸਥਿਤੀ
ਪਹਿਲਾਂ ਤੋਂ ਹੀ ਰੁੱਖੀ ਚਮੜੀ ਵਾਲੇ ਲੋਕਾਂ ਤੇ, ਸਰਦੀਆਂ ਵਿੱਚ ਚੱਲਣ ਵਾਲੀ ਠੰਡੀ ਹਵਾ ਦੇ ਕਾਰਨ ਬੁਰਾ ਅਸਰ ਪੈਂਦਾ ਹੈ। ਪਾਣੀ ਦੀ ਕਮੀ ਦੇ ਕਾਰਨ ਵੀ ਲੋਕਾਂ ਦੀ ਚਮੜੀ ਖੁਸ਼ਕ ਹੋ ਜਾਂਦੀ ਹੈ। ਚਮੜੀ ਦੀ ਪਰਤ ਤੇ ਵਸਾ ਅਤੇ ਪੌਟੀਨ ਦੀ ਕਮੀ ਨਾਲ ਸਮੱਸਿਆ ਹੋ ਸਕਦੀ ਹੈ। ਸਹੀ ਖਾਣ ਪੀਣ ਅਤੇ ਘਰੇਲੂ ਨੁਸਖੇ ਤੁਹਾਨੂੰ ਚਮੜੀ ਦੀ ਇਸ ਸਥਿੱਤੀ ਤੋਂ ਛੁਟਕਾਰਾ ਦਵਾਉਣ ਵਿੱਚ ਸਫਲ ਹਨ।

ਚਮੜੀ ਦੇ ਖੁਸ਼ਕ ਹੋਣ ਦੇ ਕਾਰਨ

ਵਿਟਾਮਿਨ ਦੀ ਕਮੀ : ਜਰੂਰੀ ਵਿਟਾਮਿਨ ਜਿਵੇਂ ਵਿਟਾਮਿਨ ਏ, ਸੀ ਅਤੇ ਈ ਦੀ ਕਮੀ ਨਾਲ ਚਮੜੀ ਖੁਸ਼ਕ ਹੁੰਦੀ ਹੈ। ਤੁਹਾਨੂੰ ਅਜਿਹੀਆਂ ਚੀਜ਼ਾਂ ਖਾਣੀਆ ਚਾਹੀਦੀਆਂ ਹਨ ਜਿੰਨਾਂ ਵਿੱਚ ਵਿਟਾਮਿਨ ਦੀ ਮਾਤਰਾ ਜਿਆਦਾ ਹੋਵੇ।

ਵਾਤਾਵਰਣ: ਠੰਡ ਦੇ ਮੌਸਮ ਵਿੱਚ ਚਮੜੀ ਦੀ ਨਮੀ ਚਲੀ ਜਾਂਦੀ ਹੈ ਅਤੇ ਚਮੜੀ ਨੂੰ ਖੁਸ਼ਕ ਬਣਾ ਦਿੰਦੀ ਹੈ। ਸਰਦੀਆਂ ਵਿੱਚ ਚਮੜੀ ਦੇ ਲਈ ਨਮੀ ਵਾਲੀ ਕਰੀਮ ਦੀ ਵਰਤੋਂ ਕਰੋ।

ਗਰਮ ਪਾਣੀ ਨਾਲ ਨਹਾਉਣਾ: ਜਿਆਦਾ ਦੇਰ ਤੱਕ ਨਹਾਉਣ ਨਾਲ ਵੀ ਚਮੜੀ ਖੁਸ਼ਕ ਹੋ ਜਾਂਦੀ ਹੈ। ਕਈ ਲੋਕਾਂ ਨੂੰ ਦਿਨ ਵਿੱਚ 3-4 ਵਾਰ ਨਹਾਉਣ ਦੀ ਆਦਤ ਹੁੰਦੀ ਹੈ। ਲੋਕ ਗਰਮ ਪਾਣੀ ਨਾਲ ਨਹਾਉਂਦੇ ਹਨ । ਗਰਮ ਪਾਣੀ ਚਮੜੀ ਦੀ ਨਮੀ ਸੋਖ ਕੇ ਉਸਨੂੰ ਖੁਸ਼ਕ ਬਣਾ ਦਿੰਦਾ ਹੈ।

ਜਿਆਦਾ ਦੇਰ ਤੱਕ ਧੁੱਪ ਵਿੱਚ ਰਹਿਣਾ: ਧੁੱਪ ਵਿੱਚ ਜਿਆਦਾ ਦੇਰ ਤੱਕ ਰਹਿਣ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਤੇ ਇਸ ਦੀ ਰੰਗਤ ਫਿੱਕੀ ਪੈ ਜਾਂਦੀ ਹੈ। ਸੂਰਜ ਦੀਆਂ UV ਕਿਰਨਾਂ ਚਮੜੀ ਦੀ ਨਮੀ ਸੋਖ ਲੈਂਦੀਆਂ ਹਨ।

ਪਾਣੀ ਦੀ ਕਮੀ: ਸਰੀਰ ਵਿੱਚ ਪਾਣੀ ਦੇ ਲੈਵਲ ਘੱਟ ਹੋਣ ਨਾਲ ਵੀ ਚਮੜੀ ਖੁਸ਼ਕ ਹੋ ਜਾਂਦੀ ਹੈ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਰੁੱਖੀ ਚਮੜੀ ਨੂੰ ਠੀਕ ਕਰਨ ਦੇ ਲਈ ਕੇੁੱਝ ਘਰੇਲੂ ਨੁਸਖੇ ਜਿੰਨਾਂ ਦੀ ਸਹਾਇਤਾ ਨਾਲ ਤੁਸੀਂ ਸਰਦੀਆਂ ਵਿੱਚ ਆਪਣੀ ਚਮੜੀ ਨੂੰ ਖੁਸ਼ਕ ਹੋਣ ਤੋਂ ਬਚਾਅ ਸਕਦੇ ਹੋ।

ਐਲੋਵੇਰਾ : ਐਲੋਵੇਰਾ ਇੱਕ ਮਹੱਤਵਪੂਰਣ ਪੌਦਾ ਹੈ ਜਿਹੜਾ ਤੁਹਾਡੇ ਕਿਚਨ ਗਾਰਡਨ ਵਿੱਚ ਅਸਾਨੀ ਨਾਲ ਉਪਲੱਬਧ ਹੁੰਦਾ ਹੈ। ਐਲੋਵੀਰਾ ਦੀ ਸਿਰਫ ਇੱਕ ਪੱਤੀ ਲਵੋ ਅਤੇ ਉਸਦੀ ਜੈਲ ਕੱਢ ਲਵੋ ਤੇ ਆਪਣੇ ਚਿਹਰੇ ਤੇ ਲਗਾਓ। ਐਲੋਵੀਰਾ ਚਮੜੀ ਨੂੰ ਕੁਦਰਤੀ ਰੂਪ ਵਿੱਚ ਨਮੀ ਪ੍ਰਦਾਨ ਕਰਦਾ ਹੈ। ਕੁਦਰਤੀ ਰੂਪ ਵਿੱਚ ਨਿਕਲਿਆ ਜੈਲ ਜਿਅਦਾ ਲਾਭਦਾਇਕ ਹੁੰਦਾ ਹੈ।

ਜਵੀਂ : ਜਵੀਂ ਨੂੰ ਥੋੜਾ ਮੋਟਾ ਪੀਸਕੇ ਉਸਤੇ ਥੋੜਾ ਜਿਹਾ ਖਾਣ ਵਾਲਾ ਸੋਡਾ ਅਤੇ ਵਨਿਲਾ ਮਿਲਾਓ। ਇਸ ਵਿੱਚ ਥੋੜਾ ਜਿਹਾ ਗਰਮ ਪਾਣੀ ਮਿਲਾ ਕੇ ਪੇਸਟ ਬਣਾ ਲਵੋ। ਇਸ ਪੇਸਟ ਨੂੰ ਆਪਣੇ ਚਿਹਰੇ ਤੇ ਲਗਾ ਕੇ ਉੱਗਲੀਆਂ ਨਾਲ ਮਾਲਿਸ਼ ਕਰੋ। ਇਸ ਨੂੰ 1 ਮਿੰਟ ਤੱਕ ਲਗਾ ਕੇ ਫਿਰ ਧੋ ਲਵੋ।

ਦਹੀਂ: ਲੋਕ ਕਈ ਸਾਲਾਂ ਤੋਂ ਦਹੀਂ ਨੂੰ ਆਪਣੀ ਚਮੜੀ ਅਤੇ ਚਿਹਰੇ ਨੂੰ ਮੁਲਾਇਮ ਅਤੇ ਸੁੰਦਰ ਬਣਾਉਣ ਲਈ ਵਰਤ ਰਹੇ ਹਨ। ਖੁਸ਼ਕ ਚਮੜੀ ਦੇ ਲਈ ਦਹੀਂ ਬਹੁਤ ਵਧੀਆ ਉਪਚਾਰ ਹੈ। ਇੱਕ ਚਮਚ ਦਹੀਂ, 2 ਬੂੰਦਾਂ ਨਿੰਬੂ ਦਾ ਰਸ ਅਤੇ 1 ਚਮਚ ਸ਼ਹਿਦ ਨੂੰ ਚੰਗੀ ਤਰਾਂ ਮਿਲਾਕੇ ਆਪਣੇ ਚਿਹਰੇ ਤੇ ਲਗਾਓ।

ਜੈਤੂਨ ਦਾ ਤੇਲ : ਅੱਜਕੱਲ ਲੋਕ ਜੈਤੂਨ ਦੇ ਤੇਲ ਦੀ ਵਰਤੋਂ ਖਾਣਾ ਬਣਾਉਣ ਲਈ ਕਰਦੇ ਹਨ। ਇਸ ਦੀ ਵਰਤੋਂ ਚਮੜੀ ਤੇ ਵੀ ਕੀਤੀ ਜਾ ਸਕਦੀ ਹੈ। ਲੋਂੜੀਦੀ ਮਾਤਰਾ ਵਿੱਚ ਜੈਤੂਨ ਦਾ ਤੇਲ ਲਵੋ ਅਤੇ ਇਸ ਦੀ ਵਰਤੋਂ ਆਪਣੇ ਚਿਹਰੇ ਤੇ ਸਰੀਰ ਤੇ ਕਰੋ। ਇਸ ਨਾਲ ਉਦੋਂ ਤੱਕ ਮਾਲਿਸ਼ ਕਰੋ ਜਦੋਂ ਤੱਕ ਇਹ ਤੇਲ ਤੁਹਾਡੀ ਚਮੜੀ ਵਿੱਚ ਨਾ ਸਮਾ ਜਾਵੇ। ਇਸ ਤੋਂ ਇਲਾਵਾ ਤੁਸੀਂ ਆਪਣੇ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ ਪਰ ਸਰਦੀਆਂ ਵਿੱਚ ਚਾਹੁੰਦੇ ਹੋਏ ਵੀ ਜਿਅਦਾ ਪਾਣੀ ਨਹੀਂ ਪੀਤਾ ਜਾ ਸਕਦਾ। ਇਸ ਦੀ ਜਗਾਂ ਤੇ ਤੁਸੀਂ ਸੰਤਰਾ, ਕਿੰਨੂ, ਕੀਵੀ, ਸੇਬ, ਅਮਰੂਦ, ਅਨਾਰ ਵਰਗੇ ਫਲ ਖਾਓ। ਇਹ ਫਲ ਤੁਹਾਡੇ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਨਗੇ ਅਤੇ ਤੁਹਾਨੂੰ ਵਿਟਾਮਿਨ ਵੀ ਮਿਲਣਗੇ।

ਇਸੇ ਤਰ੍ਹਾਂ ਜੇਕਰ ਤੁਸੀਂ ਹੋਰ ਘਰੇਲੂ ਨੁਸਖਿਆਂ ਦੇ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਆਪਣੀ ਖੇਤੀ ਦੇ ਫੇਸਬੁੱਕ ਪੇਜ਼ ਨੂੰ  ਲਾਈਕ ਅਤੇ ਸ਼ੇਅਰ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ