precaution for crop

ਕਣਕ ਦੀ ਫ਼ਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਕੁੱਝ ਸੁਝਾਅ

ਆਉਂਦੇ ਦਿਨਾਂ ਵਿੱਚ ਸਾਡੇ ਖੇਤਾਂ ਵਿੱਚ ਕਣਕ ਪੱਕਣ ਜਾ ਰਹੀ ਹੈ। ਜਿੰਨੀ ਦੇਰ ਤੱਕ ਸਾਰੀ ਕਣਕ ਕੱਟੀ ਨਹੀਂ ਜਾਂਦੀ, ਇਹ ਸਮਾਂ ਸਾਡੇ ਲਈ ਪੂਰਨ ਸੰਕਟਕਾਲੀਨ ਹੁੰਦਾ ਹੈ, ਕਿਉਂਕਿ ਚੜ੍ਹਦੀ ਗਰਮੀ ਦੀਆਂ ਤੇਜ਼ ਹਵਾਵਾਂ ਜਾਂ ਬਿਜਲੀ ਦੇ ਸ਼ਾਰਟ ਸਰਕਟ, ਜਾਂ ਕਿਸੇ ਮਜ਼ਦੂਰ ਵੱਲੋਂ ਬੀੜੀ ਸਿਗਰਟ ਬਾਲਣ ਜਾਂ ਖਾਣਾ ਵਗੈਰਾ ਪਕਾਉਣ ਲਈ ਬਾਲੀ ਤੀਲੀ ਸਾਡੀ ਫ਼ਸਲ ਨੂੰ ਲੱਗਦੀ ਅੱਗ ਦਾ ਮੁੱਖ ਕਾਰਨ ਹਨ। ਅਜਿਹੀਆਂ ਅਣ ਸੁਖਾਵੀਆਂ ਘਟਨਾਵਾਂ ਆਮ ਹੀ ਹੋ ਜਾਂਦੀਆਂ ਹਨ, ਜਿਹਨਾਂ ਲਈ ਅਸੀਂ ਸਰਕਾਰ ਜਾਂ ਬਿਜਲੀ ਵਿਭਾਗ ਨੂੰ ਦੋਸ਼ ਦਿੰਦੇ ਹਾਂ ਅਤੇ ਇਹ ਤਵੱਕੋ ਕਰਦੇ ਹਾਂ ਕਿ ਅੱਗ ਬੁਝਾਉਣ ਲਈ ਸਰਕਾਰੀ ਫਾਇਰ ਬ੍ਰਿਗੇਡ ਮਦਦ ਕਰੇ। ਇਸ ਕਾਰਨ ਉਨ੍ਹਾਂ ‘ਤੇ ਵੱਧ ਦਬਾਅ ਰਹਿੰਦਾ ਹੈ ਪਰ ਫਿਰ ਵੀ ਕੱਚੇ ਰਾਹਾਂ, ਪਹੀਆਂ ਆਦਿ ਕਰਕੇ ਗੱਡੀਆਂ ਦਾ ਲੇਟ ਹੋ ਜਾਣਾ ਸੁਭਾਵਿਕ ਹੈ। ਕਾਮਰੇਡਾਂ ਦਾ ਇੱਕ ਨਾਅਰਾ ਹੈ ‘ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ’ ਵਾਂਗ ਸਾਨੂੰ ਖੁਦ ਨੂੰ ਹੀ ਆਪਣੀ ਇਸ ਸਮੱਸਿਆ ਦਾ ਟਾਕਰਾ ਕਰਨ ਲਈ ਤਿਆਰ ਹੋਣਾ ਪਵੇਗਾ। ਇਸ ਲਈ ਕੁਝ ਕੁ ਨੁਕਤੇ ਹਨ, ਜਿਹਨਾਂ ਨਾਲ ਅਸੀਂ ਆਪਣੇ ਪਿੰਡ ਪੱਧਰ ‘ਤੇ ਹੀ ਇਹ ਪ੍ਰਬੰਧ ਕਰਕੇ ਰੱਖ ਸਕਦੇ ਹਾਂ। ਇਸ ‘ਤੇ ਕੋਈ ਲਾਗਤ ਵੀ ਨਹੀਂ ਆਏਗੀ ਸਗੋਂ ਅਸੀਂ ਹਰ ਵੇਲੇ ਤਿਆਰ ਬਰ ਤਿਆਰ ਆਪਣੀ ਫ਼ਸਲ ਦੀ ਰਾਖੀ ਲਈ ਚੁਸਤ ਅਤੇ ਬੇਫਿਕਰ ਰਹਿ ਸਕਦੇ ਹਾਂ।

1. ਆਪਣੇ ਖੇਤ ਵਿੱਚ ਜਿਸ ਥਾਂ ‘ਤੇ ਟਰਾਂਸਫਾਰਮਰ ਲੱਗਿਆ ਹੈ, ਉਥੋਂ ਕਣਕ ਕੱਟ ਦਿਉ।

2. ਜੇਕਰ ਪਾਣੀ ਦੀ ਜ਼ਰੂਰਤ ਨਾ ਹੋਵੇ ਤਾਂ ਟਰਾਂਸਫਾਰਮਰ ਦਾ ਸਵਿੱਚ ਬੰਦ ਰੱਖੋ।

3. ਪਾਣੀ ਦੀ ਖੇਲ ਭਰ ਕੇ ਰੱਖੋ, ਜੇਕਰ ਕੋਈ ਖਾਲ ਕੱਚਾ ਜਾਂ ਪੱਕਾ ਹੈ ਤਾਂ ਉਸਦੇ ਕਿਨਾਰਿਆਂ ‘ਤੇ ਮੂੰਹੇ ਮਾਰ ਕੇ ਪਾਣੀ ਖੜ੍ਹਾ ਦਿਉ। ਕਿਸੇ ਸਮੱਸਿਆ ਵੇਲੇ ਅਜਿਹਾ ਪਾਣੀ ਕੰਮ ਆ ਸਕਦਾ ਹੈ।

3. ਪਿੰਡਾਂ ਵਿੱਚ ਸਰਕਾਰ ਵੱਲੋਂ ਦਿੱਤੀਆਂ ਗਈਆਂ ਲੋਹੇ ਦੀਆਂ ਟੈਂਕੀਆਂ ਪਾਣੀ ਨਾਲ ਭਰ ਕੇ ਕਿਸੇ ਸਾਂਝੇ ਥਾਂ ਤੇ ਖੜ੍ਹਾ ਕੇ ਰੱਖੋ। ਨਾਲ ਸੌ ਫੁੱਟ ਦਾ ਟੋਟਾ ਪਾਣੀ ਛਿੜਕਣ ਵਾਲੀ ਪਾਇਪ ਦਾ ਟੋਟਾ ਲੱਗਿਆ ਹੋਵੇ। ਜੇਕਰ ਸੰਭਵ ਹੋਵੇ ਤਾਂ ਕੋਈ ਵਾਧੂ ਟਰੈਕਟਰ ਵੀ ਖੜ੍ਹਾਇਆ ਜਾ ਸਕਦਾ ਹੈ।

4. ਪਿੰਡ ਵਿੱਚ ਜਿੰਨੇ ਵੀ ਵੱਡੇ ਸਪਰੇਅ ਪੰਪ ਹਨ ਉਨਾਂ ਦੀਆਂ ਟੈਂਕੀਆਂ ਪਾਣੀ ਨਾਲ ਭਰ ਕੇ ਤਿਆਰ ਬਰ ਤਿਆਰ ਕਰਕੇ ਖੜ੍ਹਾਏ ਹੋਣ। ਉਨਾਂ ਦੇ ਦੋ-ਦੋ ਮੋਬਾਇਲ ਨੰਬਰ ਕਿਸੇ ਕਾਗ਼ਜ ‘ਤੇ ਲਿਖ ਕੇ ਫੋਟੋ ਕਾਪੀ ਕਰਵਾ ਕੇ ਗੁਰਦੁਆਰਾ ਸਾਹਿਬ, ਸੱਥ ਆਦਿ ਵਿੱਚ ਚਿਪਕਾ ਦਿੱਤੇ ਜਾਣ।

5. ਆਪਣੇ ਛੋਟੇ ਸਪਰੇਅ ਪੰਪ ਜਿਹਨਾਂ ਨੂੰ ਅਸੀਂ ਆਮ ਕਰਕੇ ਭੂੰਡੇ ਕਹਿ ਦਿੰਦੇ ਹਾਂ, ਉਹਨਾਂ ਨੂੰ ਪਾਣੀ ਅਤੇ ਪੈਟਰੋਲ ਭਰ ਕੇ ਖੇਤ ਵਾਲੇ ਕਮਰੇ ਵਿੱਚ ਹੀ ਰੱਖੇ ਹੋਣ, ਕਿਉਂਕਿ ਕਿਸੇ ਸਮੇਂ ਛੋਟੇ ਹਥਿਆਰ ਵੀ ਕੰਮ ਦੇ ਜਾਂਦੇ ਹਨ।

6. ਜੇਕਰ ਇਕੱਠੇ ਹੋ ਕੇ ਸਾਂਝੇ ਪੈਸਿਆਂ ਨਾਲ ਪੰਜ ਦਸ ਅੱਗ ਬੁਝਾਊ ਸਿਲੰਡਰ ਖਰੀਦ ਲਏ ਜਾਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ।

7. ਖੇਤਾਂ ਵਿੱਚ ਬੈਠੀ ਲੇਬਰ ਨੂੰ ਅੱਗ ਸੰਜਮ ਨਾਲ ਬਾਲਣ ਲਈ ਕਿਹਾ ਜਾਵੇ, ਕਿਉਂਕਿ ਕਈ ਵਾਰ ਅਜਿਹੀ ਗਲਤੀ ਬਹੁਤ ਵੱਡੇ ਨੁਕਸਾਨ ਦਾ ਕਾਰਨ ਬਣ ਜਾਂਦੀ ਹੈ।

8. ਅੱਗ ਬੁਝਾਉਣ ਲਈ ਪਿੰਡ ਦੇ ਪੰਜ ਦਸ ਸਾਹਸੀ ਨੌਜਵਾਨਾਂ ਦੀ ਲਿਸਟ ਬਣਾ ਕੇ ਰੱਖੀ ਜਾਵੇ ਤੇ ਕੋਸ਼ਿਸ਼ ਕੀਤੀ ਜਾਵੇ ਕਿ ਪਿੰਡੋਂ ਬਾਹਰ ਘੱਟ ਜਾਇਆ ਜਾਵੇ।

9. ਹਲ/ਕਲਟੀਵੇਟਰ ਖੇਤ ਵਿੱਚ ਹੀ ਰੱਖੇ ਜਾਣ ਤਾਂ ਜੋ ਮੁਸੀਬਤ ਵੇਲੇ ਪਿੰਡ ਨੂੰ ਨਾ ਭੱਜਣਾ ਪਵੇ।

10. ਹਰੇਕ ਕਿਸਾਨ ਦੇ ਕੋਲ ਗੁਰਦੁਆਰਾ ਸਾਹਿਬ ਦੇ ਜ਼ਿੰਮੇਵਾਰ ਬੰਦੇ ਦਾ ਮੋਬਾਇਲ ਨੰਬਰ ਵੀ ਹੋਵੇ ਤਾਂ ਜੋ ਹੋਕਾ ਜਲਦ ਤੋਂ ਜਲਦ ਦਿੱਤਾ ਜਾ ਸਕੇ।

11. ਕੋਸ਼ਿਸ਼ ਕਰੋ ਕਿ ਇਨ੍ਹਾਂ ਦਿਨਾਂ ਵਿੱਚ ਸ਼ਰਾਬ ਆਦਿ ਦਾ ਸੇਵਨ ਬੰਦ ਕਰ ਦਿੱਤਾ ਜਾਵੇ ਤਾਂ ਜੋ ਹੁਸ਼ਿਆਰ ਰਿਹਾ ਜਾ ਸਕੇ, ਜੇ ਨਹੀਂ ਰਹਿ ਸਕਦੇ ਤਾਂ ਘੱਟ ਕੀਤੀ ਜਾ ਸਕਦੀ ਹੈ।

12. ਹਰੇਕ ਕਿਸਾਨ ਕੋਲ ਅਤੇ ਸਾਂਝੇ ਥਾਂ ‘ਤੇ ਸੰਬੰਧਿਤ ਬਿਜਲੀ ਗਰਿੱਡ ਦਾ ਨੰਬਰ ਜ਼ਰੂਰ ਲਿਖਿਆ ਹੋਣਾ ਚਾਹੀਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ