ਕਿਵੇਂ ਕਰੀਏ ਫ਼ਸਲ ਵਿੱਚ ਪੀਲੀ ਕੁੰਗੀ ਤੋਂ ਰੋਕਥਾਮ

ਪੰਜਾਬ ਵਿਚ ਲਗਾਤਾਰ ਮੌਸਮ ਬਦਲਾਵ ਦੇ ਕਾਰਨ ਫ਼ਸਲਾਂ ਦੇ ਉਪਰ ਕਾਫ਼ੀ ਅਸਰ ਦੇਖਣ ਨੂੰ ਮਿਲ ਰਿਹਾ ਹੈ| ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਰਦੀਆਂ ਦੀ ਵੱਧਦੀ ਬਾਰਿਸ਼ ਦੇ ਕਾਰਨ ਫ਼ਸਲ ਦੇ ਵਿਚ ਬਿਮਾਰੀਆਂ ਦਾ ਹਮਲਾ ਵੱਧਦਾ ਜਾ ਰਿਹਾ ਹੈ| ਇਹਨਾਂ ਦਿਨਾਂ ਵਿਚ ਪੀਲੀ ਕੁੰਗੀ ਦਾ ਲਗਾਤਾਰ ਹਮਲਾ ਕਣਕ ਦੀ ਫ਼ਸਲ ਵਿਚ ਦਿਖਾਈ ਦੇ ਰਿਹਾ ਹੈ| ਇਸ ਬਿਮਾਰੀ ਜੀਵਾਣੂਆਂ ਦੇ ਵਿਕਾਸ ਅਤੇ ਸੰਚਾਰ ਲਈ 8-13° ਸੈਲਸੀਅਸ ਤਾਪਮਾਨ ਅਨੁਕੂਲ ਹੁੰਦਾ ਹੈ ਅਤੇ ਇਨ੍ਹਾਂ ਦੇ ਵਧਣ-ਫੁੱਲਣ ਲਈ 12-15° ਸੈਲਸੀਅਸ ਤਾਪਮਾਨ ਪਾਣੀ ਤੋਂ ਬਿਨ੍ਹਾਂ ਅਨੁਕੂਲ ਹੁੰਦਾ ਹੈ।ਇਸ ਬਿਮਾਰੀ ਕਾਰਨ ਕਣਕ ਦੀ ਫ਼ਸਲ ਦੀ ਪੈਦਾਵਾਰ ਵਿੱਚ 5-30% ਤੱਕ ਕਮੀ ਆ ਸਕਦੀ ਹੈ।

ਬਿਮਾਰੀ ਦੇ ਲੱਛਣ

ਹਮਲੇ ਦੀ ਸੂਰਤ ਵਿਚ ਕਣਕ ਵਿੱਚ ਧੌੜੀਆਂ ਵਿੱਚ ਪੱਤਿਆਂ ਤੇ ਪੀਲੇ ਰੰਗ ਦੇ ਧੱਬੇ ਨਜਰ ਆਉਂਦੇ ਹਨ ਜੋ ਪੀਲੀਆਂ ਧਾਰੀਆਂ ਦੇ ਰੂਪ ਵਿੱਚ ਵੀ ਹੋ ਸਕਦੇ ਹਨ ਜਿੰਨਾਂ ਉੱਤੇ ਪੀਲਾ ਹਲਦੀ ਨੁਮਾ ਧੂੜਾ ਨਜਰ ਆਉਂਦਾ ਹੈ ਅਤੇ ਜਦੋਂ ਅਸੀਂ ਪੱਤੇ ਉਪਰ ਹੱਥ ਲਾ ਕੇ ਦੇਖਦੇ ਹਾਂ ਤਾਂ ਇਹ ਧੂੜਾ ਹੱਥਾਂ ਉੱਪਰ ਵੀ ਲੱਗ ਜਾਂਦਾ ਹੈ ਜੋ ਕਿ ਕਣਕ ਉੱਪਰ ਪੀਲੀ ਕੁੰਗੀ ਦੇ ਹਮਲੇ ਦੀ ਨਿਸ਼ਾਨੀ ਹੈ । ਇਹ ਬਿਮਾਰੀ ਪੱਤਿਆਂ ਦਾ ਖਾਸ ਕਰ ਝੰਡਾ ਪੱਤੇ ਦਾ ਹਰਾ ਮਾਦਾ ਖਤਮ ਕਰ ਦਿੰਦੀ ਜਿਸ ਨਾਲ ਬੂਟੇ ਕਮਜੋਰ ਪੈ ਜਾਂਦੇ ਹਨ। ਤੇਜ ਹਵਾਵਾਂ ਨਾਲ ਪੈਣ ਵਾਲੇ ਮੀਂਹ ਇਸ ਬਿਮਾਰੀ ਨੂੰ ਜਿਆਦਾ ਵਧਾਉਂਦੇ ਹਨ। ਰਾਤ ਦਾ ਤਾਪਮਾਨ 7-13° ਸੈਂਟੀਗ੍ਰੇਡ ਅਤੇ ਦਿਨ ਦਾ ਤਾਪਮਾਨ 15-24° ਸੈਂਟੀਗ੍ਰੇਡ ਅਤੇ ਹਵਾ ਵਿੱਚ 85-100% ਨਮੀ ਇਸ ਰੋਗ ਦੇ ਹਮਲੇ ਅਤੇ ਵਾਧੇ ਲਈ ਅਨੁਕੂਲ ਹੈ।

ਇਲਾਜ:- ਜਿੱਥੇ ਕਿਤੇ ਵੀ ਇਹ ਨਿਸ਼ਾਨੀਆਂ ਨਜਰ ਆਉਣ ਤਾਂ ਬਿਨਾਂ ਕਿਸੇ ਦੇਰੀ ਦੇ ਧੋੜੀਆਂ ਵਿੱਚ ਹੀ ਇਸ ਬਿਮਾਰੀ ਤੇ ਪੀ ਏ ਯੂ ਲੁਧਿਆਣਾ ਵੱਲੋਂ ਸਿਫਾਰਿਸ਼ ਉੱਲੀਨਾਸ਼ਕ ਨੇਟੀਵੋ 75 ਡਬਲਯੂ ਜੀ (ਟ੍ਰਾਈਫਲੋਕਸੀਸਟ੍ਰੋਬਿਨ+ਟੈਬੂਕੋਨਾਜੋਲ) 120 ਗ੍ਰਾਮ ਜਾਂ ਟਿਲਟ/ਸ਼ਾਈਨ/ਸਟਿਲਟ/ਬੰਪਰ/ਕੰਮਪਾਸ/ਮਾਰਕਜੋਲ 25 ਈ ਸੀ(ਪ੍ਰੋਪੀਕੋਨਾਜੋਲ) 200 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਨਾਲ ਮਿਲਾ ਕੇ ਛਿੜਕਾਅ ਕਰੋ।ਜੇਕਰ ਲੋੜ ਪਵੇ ਤਾਂ 10-15 ਦਿਨ ਬਾਅਦ ਛਿੜਕਾਅ ਦੁਬਾਰਾ ਕਰੋ ਤਾਂ ਜੋ ਟੀਸੀ ਵਾਲੇ ਪੱਤੇ ਰੋਗ ਰਹਿਤ ਰਹਿਣ ਤੇ ਵਧੀਆ ਝਾੜ ਮਿਲ ਸਕੇ।

ਕਿਸਾਨਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਪੀਲੀ ਕੁੰਗੀ ਦੇ ਨੁਕਸਾਨ ਤੋਂ ਬਚਣ ਦੇ ਲਈ ਆਪਣੇ ਖੇਤ ਦਾ ਲਗਾਤਾਰ ਸਰਵੇਖਣ ਕਰੋ ਅਤੇ ਜਿਥੇ ਵੀ ਤੁਹਾਨੂੰ ਇਸਦਾ ਹਮਲਾ ਨਜ਼ਰ ਆਏ ਤਾ ਸਪਰੇ ਕਰਕੇ ਆਪਣੇ ਖੇਤ ਨੂੰ ਨੁਕਸਾਨ ਤੋਂ ਬਚਾਓ|ਦਵਾਈਆਂ ਦੀ ਵਰਤੋਂ ਸਹੀ ਸਮੇ ਅਤੇ ਸਹੀ ਮਾਤਰਾ ਵਿਚ ਹੀ ਕਰੋ|

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ