ਬੋਨਸਾਈ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਨਾਲ ਬਣਦਾ ਹੈ, ਬੌਨ ਅਤੇ ਸਾਈ। ਬੌਨ ਦਾ ਮਤਲਬ ਟਰੇਅ ਅਤੇ ਘੱਟ ਡੂੰਘਾਈ ਵਾਲਾ ਗਮਲਾ/ਬਰਤਨ ਅਤੇ ਸਾਈ ਦਾ ਮਤਲਬ ਪੌਦਾ ਲਗਾਉਣਾ ਹੁੰਦਾ ਹੈ। ਕੁੱਲ ਮਿਲਾ ਕੇ ਬੋਨਸਾਈ ਇੱਕ ਜੀਵਨ ਸ਼ਿਲਪਕਲਾ ਹੈ, ਜਿਸ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਕੁੱਝ ਲੋਕਾਂ ਦਾ ਮੰਨਣਾ ਹੈ ਕਿ ਪ੍ਰਾਚੀਨ ਕਾਲ ਦੌਰਾਨ ਵੈਦ ਅਤੇ ਰਿਸ਼ੀ ਇਲਾਜ ਦੇ ਲਈ ਜੋ ਦਵਾਈਆਂ ਤਿਆਰ ਕਰਨ ਲਈ ਰੁੱਖ ਅਤੇ ਪੌਦਿਆਂ ਦੇ ਜੋ ਹਿੱਸੇ ਚਾਹੀਦੇ ਹੁੰਦੇ ਸਨ ਉਨ੍ਹਾਂ ਨੂੰ ਇਕੱਠੇ ਕਰਨ ਲਈ ਜੰਗਲਾਂ ਵਿੱਚ ਜਾਣਾ ਪੈਂਦਾ ਸੀ ਅਤੇ ਵਾਰ–ਵਾਰ ਜੰਗਲਾਂ ਵਿੱਚ ਭਟਕਣ ਨਾਲੋਂ ਉਨ੍ਹਾਂ ਨੇ ਜਰੂਰੀ ਪੌਦਿਆਂ ਦੇ ਬੀਜ ਅਤੇ ਕਲਮਾਂ ਆਦਿ ਨੂੰ ਗਮਲਿਆਂ ਵਿੱਚ ਲਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਹੋਲੀ–ਹੋਲੀ ਇਹ ਤਰੀਕਾ ਬੋਨਸਾਈ ਢੰਗ ਵਿੱਚ ਤਬਦੀਲ ਹੋ ਗਿਆ।
ਸਪੱਸ਼ਟ ਸ਼ਬਦਾਂ ਵਿੱਚ ਗੱਲ ਕਰੀਏ ਤਾਂ ਬੋਨਸਾਈ ਦਾ ਮਤਲਬ ਵੱਡੇ–ਵੱਡੇ ਪਿੱਪਲ, ਬੋਹੜ, ਨਿੰਮ, ਇਮਲੀ ਆਦਿ ਵਰਗੇ ਪੌਦਿਆਂ ਨੂੰ ਛੋਟੇ–ਛੋਟੇ ਗਮਲਿਆਂ ਵਿੱਚ ਉਗਾਇਆ ਜਾਂਦਾ ਹੈ।
ਗਮਲਿਆਂ ਦੀ ਚੋਣ: ਬੋਨਸਾਈ ਲਈ ਆਮ ਗਮਲੇ ਦੀ ਵਰਤੋਂ ਨਹੀਂ ਕੀਤੀ ਜਾਂਦੀ। ਖਾਸ ਕਰਕੇ ਉਨ੍ਹਾਂ ਦੀ ਡੂੰਘਾਈ ਬਹੁਤ ਜ਼ਿਆਦਾ ਨਹੀਂ ਹੁੰਦੀ, ਪ੍ਰੰਤੂ ਉਹ ਗੋਲਾਕਾਰ, ਅੰਡਾਕਾਰ, ਚਾਰਕੋਨੇ, ਛੇਕੋਨੇ ਆਦਿ ਕਿਸੇ ਵੀ ਦਿੱਖ ਵਾਲੇ ਹੋ ਸਕਦੇ ਹਨ।
ਪੌਦੇ ਦੀ ਚੋਣ: ਬੋਨਸਾਈ ਤਿਆਰ ਕਰਨ ਲਈ ਪੌਦੇ ਦੀ ਚੋਣ ਸਭ ਤੋਂ ਅਹਿਮ ਪੱਖ ਹੈ, ਕਿਉਂਕਿ ਹਰ ਪੌਦੇ ਦਾ ਵਿਕਾਸ ਅਤੇ ਦਿੱਖ ਅਲੱਗ ਹੀ ਹੁੰਦੀ ਹੈ ਅਤੇ ਹਰ ਪੌਦੇ ਨੂੰ ਬੋਨਸਾਈ ਰੂਪ ਦਿੱਤਾ ਵੀ ਨਹੀ ਜਾ ਸਕਦਾ। ਸਾਡੀਆਂ ਵਾਤਾਵਰਨ ਹਾਲਤਾਂ ਵਿੱਚ ਜਿਹੜੇ ਪੌਦਿਆਂ ਨੂੰ ਇਸ ਕੰਮ ਲਈ ਵਰਤਿਆ ਜਾ ਸਕਦਾ ਹੈ– ਪਿੱਪਲ, ਬੋਹੜ, ਪਿਲਕਣ, ਚਿਲਕਣ, ਸ਼ਹਿਤੂਤ, ਚੀਲ੍ਹ, ਆੜੂ, ਅਨਾਰ, ਨਾਰੰਗੀ, ਚਾਈਨਾ ਰੋਜ਼, ਵਿਸਟੀਰੀਆ, ਜੂਨੀਪਰਸ, ਕਰੌਂਦਾ, ਨਿੰਮ, ਅੰਬ, ਬੋਗਨਵਿਲੀਆ, ਅਡੀਨੀਅਮ, ਬੋਤਲਬੁਰਸ਼ ਆਦਿ ਮੁੱਖ ਰੂਪ ਵਿੱਚ ਹਨ।
ਪੌਦੇ ਲਗਾਉਣਾ: ਗਮਲਿਆਂ ਵਿੱਚ ਸਿਰਫ਼ ਮਿੱਟੀ ਹੀ ਨਹੀਂ ਪਾਈ ਜਾਂਦੀ ਸਗੋਂ ਗਮਲੇ ਵਿਚਲੀ ਮੋਰੀ ਨੂੰ ਢਕਣ ਉਪਰੰਤ ਹੇਠਲੀ ਤਹਿ ਬਹੁਤ ਬਰੀਕ ਕੰਕਰ, ਪੱਥਰ ਆਦਿ ਦੀ ਹੋਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਮਿੱਟੀ, ਗਲੀ ਹੋਈ ਗੋਬਰ ਦੀ ਖਾਦ ਆਦਿ ਦਾ ਮਿਸ਼ਰਣ ਤਿਆਰ ਕਰਨ ਉਪਰੰਤ ਪੌਦਾ ਲਾਇਆ ਜਾ ਸਕਦਾ ਹੈ।
ਪੌਦੇ ਲਾਉਣ ਤੋਂ ਬਾਅਦ ਹੀ ਅਸਲ ਕੰਮ ਸ਼ੁਰੂ ਹੁੰਦਾ ਹੈ ਕਿ ਉਸ ਦੀ ਕਾਂਟ–ਛਾਂਟ ਸਮੇਂ ਸਿਰ ਅਤੇ ਸਹੀ ਢੰਗ ਨਾਲ ਕਰਨੀ ਚਾਹੀਦੀ ਹੈ। ਕੁੱਝ ਸਮਾਂ ਪਾ ਕੇ ਜੜ੍ਹਾਂ ਦਾ ਗੁੱਛਾ ਬਣ ਜਾਂਦਾ ਹੈ, ਫਿਰ ਰੀ–ਪੋਟਿੰਗ ਦੀ ਜ਼ਰੂਰਤ ਪੈਂਦੀ ਹੈ, ਮਤਲਬ ਪੌਦੇ ਨੂੰ ਗਮਲੇ ਵਿੱਚ ਕੱਢ ਕੇ ਉਸ ਦੀਆਂ ਵਾਧੂ ਜੜ੍ਹਾਂ ਦੀ ਕਾਂਟ–ਛਾਂਟ ਕੀਤੀ ਜਾਂਦੀ। ਖਾਦ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਵਾਧਾ ਸਹੀ ਤਰੀਕੇ ਨਾਲ ਹੋਵੇ। ਪੌਦੇ ਨੂੰ ਖੂਬਸੂਰਤ ਅਤੇ ਵਿਲੱਖਣ ਦਿੱਖ ਦੇਣ ਲਈ ਵਾਇਰਿੰਗ ਮਤਲਬ ਤਾਰਾਂ ਦੀ ਲਪੇਟ ਕੀਤੀ ਜਾਂਦੀ ਹੈ, ਜਿਸ ਲਈ ਤਾਂਬੇ ਦੀ ਤਾਰ ਜਾਂ ਐਲੂਮੀਨੀਅਮ ਦੀ ਤਾਰ ਨੂੰ ਵਰਤਿਆ ਜਾਂਦਾ ਹੈ। ਸਾਰੇ ਕੰਮਾਂ ਨੂੰ ਸਹੀ ਰੂਪ ਵਿੱਚ ਕਰਨ ਲਈ ਅਨੇਕਾਂ ਤਰਾਂ ਦੇ ਔਜ਼ਾਰਾਂ ਦੀ ਲੋੜ ਪੈਂਦੀ ਹੈ ਜੋ ਆਸਾਨੀ ਨਾਲ ਮਾਰਕੀਟ ਵਿੱਚੋਂ ਮਿਲ ਜਾਂਦੇ ਹਨ। ਗਰਮ–ਸਰਦ ਰੁੱਤ ਦੇ ਹਿਸਾਬ ਨੂੰ ਦੇਖ ਕੇ ਹੀ ਪਾਣੀ ਲਾਇਆ ਜਾਂਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ