flowers in garden

ਬਾਗ਼ਾਂ ਦਾ ਸ਼ਿੰਗਾਰ: ਗੁਲਮੋਹਰ

ਰੰਗ ਹਮੇਸ਼ਾ ਇਨਸਾਨ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ, ਪ੍ਰੰਤੂ ਜੇਕਰ ਕਿਤੇ ਸ਼ੋਖ ਰੰਗ ਕੁਦਰਤ ਦੁਆਰਾ ਬਿਖੇਰੇ ਹੋਣ ਤਾਂ ਮਨੁੱਖ ਦਾ ਮੰਤਰ ਮੁਗਧ ਹੋਣਾ ਲਾਜ਼ਮੀ ਹੈ। ਅੱਤ ਦੀ ਗਰਮੀ ਵਿਚ ਖਿੜ੍ਹੀਆਂ ਹੋਈਆਂ ਗੁਲਮੋਹਰਾਂ ਸਾਡੀ ਰੂਹ ਨੂੰ ਸਕੂਨ ਦਿੰਦੀਆਂ ਹਨ ਅਤੇ ਅਹਿਸਾਸ ਕਰਵਾਉਂਦੀਆਂ ਹਨ ਕਿ ਖੂਬਸੂਰਤ ਦ੍ਰਿਸ਼ ਲੱਭਣ ਲਈ ਸੂਬੇ ਜਾਂ ਦੇਸ਼ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਸਗੋਂ ਕੁਦਰਤ ਨੇ ਸਾਡੇ ਲਈ ਧਰਤ ਦੇ ਇਸ ਟੁੱਕੜੇ ‘ਤੇ ਹੀ ਰੰਗਾਂ ਦੀ ਫੁਲਕਾਰੀ ਤਾਣ ਛੱਡੀ ਹੈ। ਬਗ਼ੀਚੀਆਂ ਜਾਂ ਸਾਡੇ ਆਲੇ-ਦੁਆਲੇ ਜਦ ਵੀ ਗੁਲਮੋਹਰਾਂ ਖਿੜ੍ਹਦੀਆਂ ਹਨ ਤਾਂ ਕਈ ਸੱਜਣਾਂ ਦੇ ਜਿਹਨ ‘ਚ ਸਵਾਲ ਖੜ੍ਹੇ ਹੁੰਦੇ ਹਨ ਕਿ ਗੁਲਮੋਹਰ ਕਿਹੜੇ-ਕਿਹੜੇ ਰੰਗ ਵਿੱਚ ਫੁੱਲ ਖਿੜਾਉਂਦੀ ਹੈ ਜਾਂ ਫਿਰ ਸਾਡੇ ਆਸ ਪਾਸ ਜਾਂ ਪੰਜਾਬ ਵਿੱਚ ਗੁਲਮੋਹਰ ਦੀਆਂ ਕਿੰਨੀਆਂ ਕਿਸਮਾਂ ਵੇਖਣ ਨੂੰ ਮਿਲਦੀਆਂ ਹਨ। ਅਜਿਹੇ ਸਵਾਲਾਂ ਦੇ ਜਵਾਬ ਵਜੋਂ ਹੀ ਮੈਂ ਗੁਲਮੋਹਰਾਂ ਬਾਰੇ ਜਾਣਕਾਰੀ ਸਾਂਝੀ ਕਰਨ ਦਾ ਮਨ ਬਣਾਇਆ।

ਦੋਸਤੋ! ਸਭ ਤੋਂ ਪਹਿਲੀ ਕਿਸਮ ਜੋ ਹਰ ਇਕ ਨੂੰ ਆਪਣੇ ਵੱਲ ਆਕਰਸ਼ਿਤ ਕੀਤੇ ਬਿਨਾਂ ਨਹੀਂ ਰਹਿ ਸਕਦੀ ਉਹ ਹੈ, ਲਾਲ ਗੁਲਮੋਹਰ ਜਿਸਦਾ ਵਿਗਿਆਨਿਕ ਨਾਮ Delonix Regia ਹੈ ਅਤੇ ਇਸਦੇ ਲਾਲ ਸੌ਼ਖ ਰੰਗ ਦੇ ਫੁੱਲ ਜਦ ਖਿੜ੍ਹਦੇ ਹਨ ਤਾਂ ਪੂਰੇ ਦਾ ਪੂਰਾ ਰੁੱਖ ਲਾਲ ਸੰਤਰੀ ਫੁਲਕਾਰੀ ਵਾਂਗ ਜਾਪਦਾ ਹੈ। ਗੁਲਮੋਹਰ ਦਾ ਫੁੱਲ ਦੁਨੀਆਂ ਦੇ ਪੰਜ ਸਭ ਤੋਂ ਖੂਬਸੂਰਤ ਫੁੱਲਾਂ ਵਿੱਚੋ ਇੱਕ ਗਿਣਿਆ ਜਾਂਦਾ ਹੈ। ਹਾਲਾਂਕਿ ਇਸਦਾ ਨਾਮ ਜਾਂ ਜ਼ਿਆਦਾਤਰ ਲਾਲ ਦੇ ਨਾਲ-ਨਾਲ ਕਈ ਰੁੱਖਾਂ ਉੱਪਰ ਸੰਤਰੀ, ਬਾਵਾ ਜਾਂ ਕਦੇ-ਕਦੇ ਤਾਂ ਪੀਲੇ ਰੰਗ ਵਿੱਚ ਵੀ ਇਹ ਕਿਸਮ ਖਿੜ੍ਹੀ ਹੋਈ ਨਜ਼ਰ ਆਉਂਦੀ ਹੈ। ਗੁਲਮੋਹਰ ਤੋਂ ਇਲਾਵਾ ਇਸਨੂੰ ਮੋਰ ਫੁੱਲ, ਅੱਗ ਦਰਖ਼ੱਤ ਜਾਂ ਜੰਗਲ ਦੀ ਅੱਗ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਗੁਲਮੋਹਰ ਦੇ ਫਰਨ ਵਰਗੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਕੇ ਫਰਵਰੀ-ਮਾਰਚ ਤੱਕ ਝੜਨ ਦੇ ਨਾਲ ਹੀ ਮਾਰਚ ਦੇ ਅਖੀਰਲੇ ਦਿਨੀ ਨਵੇਂ ਆਉਣੇ ਸ਼ੁਰੂ ਹੋ ਜਾਂਦੇ ਹਨ। ਲਾਲ ਸੰਧੂਰੀ ਤੇ ਕਿਰਮਚੀ ਰੰਗ ਦੇ ਫੁੱਲ ਅਪ੍ਰੈਲ ਦੇ ਅਖੀਰਲੇ ਹਫ਼ਤੇ ਤੋਂ ਸ਼ੁਰੂ ਹੋ ਕੇ ਮਈ ਮਹੀਨੇ ਵਿੱਚ ਪੂਰੇ ਜੋਬਨ ਤੇ ਪੁੱਜ ਜਾਂਦੇ ਹਨ। ਪੂਰੇ ਜੋਬਨ ਤੇ ਖਿੜ੍ਹੀ ਗੁਲਮੋਹਰ ਨੂੰ ਵੇਖ ਕੇ ਹੀ ਸ਼ਾਇਦ ਪ੍ਰੋ: ਮੋਹਨ ਸਿੰਘ ਨੇ ਲਿਖਿਆ ਸੀ:-

ਗੁਲਮੋਹਰ ਦਾ ਬੂਟਾ
ਖੜ੍ਹਾ ਸੁਹਾਵਣਾ
ਧੁਰ ਪਾਤਾਲੋਂ ਆਇਆ
ਧਰਤ-ਪਰਾਹੁਣਾ

ਲਾਲ ਗੁਲਮੋਹਰ ਤੋਂ ਬਾਅਦ ਵਾਰੀ ਆਉਂਦੀ ਹੈ ਨੀਲੀ ਗੁਲਮੋਹਰ ਦੀ। ਜਿਸਦੀ ਖੂਬਸੂਰਤੀ ਵੀ ਕਿਸੇ ਪਾਸਿਓਂ ਘੱਟ ਨਹੀਂ ਹੁੰਦੀ ਨੀਲੀ ਗੁਲਮੋਹਰ ਦਾ ਵਿਗਿਆਨਿਕਾਂ ਜੈੈਕਰੰਡਾ ਮੈਮੋਸੀਫੋਲੀਆ ਹੈ ਅਤੇ ਇਸਦੇ ਨੀਲੇ ਜਾਮਣੀ ਫੁੱਲਾਂ ਦਾ ਜਵਾਬ ਨਹੀਂ। ਬ੍ਰਾਜ਼ੀਲ ਮੂਲ ਦੇ ਇਸ ਰੁੱਖ ਨੂੰ ਭਾਰਤ ਵਿੱਚ ਪਹਿਲੀ ਵਾਰ ਕਲਕੱਤਾ ਬੋਟੈਨੀਕਲ ਗਾਰਡਨ ਵਿੱਚ ਸੰਨ 1841 ਦੌਰਾਨ ਲਿਆਂਦਾ ਗਿਆ ਸੀ, ਜੋ ਆਪਣੀ ਖੂਬਸੂਰਤ ਦਿੱਖ ਸਦਕਾ ਪੂਰੇ ਦੇਸ਼ ਵਿੱਚ ਪੁੱਜ ਗਿਆ। ਨੀਲੀ ਗੁਲਮੋਹਰ ਦੇ ਫੁੱਲ ਸਵੇਰੇ-ਸਵੇਰੇ ਸੂਰਜ ਚੜ੍ਹਣ ਦੇ ਨਾਲ ਹੀ ਖਿੜ੍ਹ ਉੱਠਦੇ ਹਨ ਅਤੇ ਇਸ ਰੂਪ ਦੇ ਫੁੱਲਾਂ ਨੂੰ ਜੇਕਰ ਰਸਤਿਆਂ ਦੇ ਨਾਲ-ਨਾਲ ਕਤਾਰਾਂ ਵਿੱਚ ਲਾਇਆ ਜਾਵੇ ਤਾਂ ਫੁੱਲ ਖਿੜ੍ਹਣ ਸਮੇਂ ਨਜ਼ਾਰਾ ਵੇਖਣ ਯੋਗ ਹੁੰਦਾ ਹੈ। ਸਾਡੇ ਸੂਬੇ ਵਿਚ ਰੰਗਾਂ ਦੇ ਮੁਤਾਬਿਕ ਰੁੱਖ ਪੌਦਿਆਂ ਦੀ ਵਿਉਂਤਬੰਦੀ ਚੁਨਿੰਦਾ ਕੁ ਲੋਕ ਹੀ ਕਰਦੇ ਹਨ। ਜੇਕਰ ਵੱਡੇ ਸਥਾਨਾਂ ਜਾਂ ਖਾਸ ਕਰ ਪਿੰਡ ਨੂੰ ਆਉਂਦੇ ਜਾਂਦੇ ਰਸਤਿਆਂ ਉੱਪਰ ਰੰਗਾਂ ਮੁਤਾਬਿਕ ਰੁੱਖ ਲਾਏ ਜਾਣ ਤਾਂ ਸੋਨੇ ‘ਤੇ ਸੁਹਾਗੇ ਵੱਲ ਗੱਲ ਹੋ ਸਕਦੀ ਹੈ। ਖੁਸ਼ੀ ਦੇ ਗੱਲ ਤਾਂ ਇਹ ਹੈ ਕਿ ਹੁਣ ਪਿੰਡ ਵਿੱਚੋਂ ਵੀ ਸਾਡੇ ਪਾਰਕ ਬਣਾਉਣ ਬਾਰੇ ਅਕਸਰ ਸਵਾਲ ਆਉਂਦੇ ਰਹਿੰਦੇ ਹਨ।

ਪੀਲੀ ਗੁਲਮੋਹਰ ਵੀ ਆਪਣੇ ਆਪ ਵਿਚ ਖਾਸ ਰੁੱਖ ਹੈ। ਕੁੱਝ ਲੋਕ ਤਾਂ ਲਾਲ ਗੁਲਮੋਹਰ ਦੇ ਪੀਲੇ ਰੰਗ ਨੂੰ ਵੀ ਪੀਲੀ ਗੁਲਮੋਹਰ ਕਹਿ ਦਿੰਦੇ ਹਨ। ਪ੍ਰੰਤੂ ਇਸਦਾ ਨਾਮ ਜ਼ਿਆਦਾ ਸਬੰਧ ਤਾਂਬ ਫਲੀ ਨਾਮੀ ਰੁੱਖ ਨਾਲ ਹੈ, ਜਿਸਦਾ ਵਿਗਿਆਨਿਕ ਨਾਮ Peltophorum Pterocarpum ਹੈ। ਇਸਦੇ ਪੱਤੇ ਦੋ ਖੰਭੀ ਅਤੇ ਕੁੱਝ-ਕੁੱਝ ਗੁਲਮੋਹਰ ਵਰਗੇ ਹੁੰਦੇ ਹਨ। ਪੀਲੀ ਗੁਲਮੋਹਰ ਮੌਸਮ ਦੇ ਮਿਜ਼ਾਜ਼ ਦੇ ਹਿਸਾਬ ਨਾਲ ਸਾਲ ਵਿੱਚ ਕਈ ਵਾਰ ਖਿੜ੍ਹੀ ਨਜ਼ਰ ਆਉਂਦੀ ਹੈ। ਪ੍ਰੰਤੂ ਮੁੱਖ ਤੌਰ ‘ਤੇ ਅਪ੍ਰੈਲ-ਮਈ-ਜੂਨ ਮਹੀਨਿਆਂ ਦੌਰਾਨ ਜ਼ਿਆਦਾ ਫੁੱਲ ਪੈਂਦੇ ਹਨ। ਝੁੰਡ ਵਿੱਚ ਲੱਗੇ ਰੁੱਖਾਂ ਹੇਠ ਅਕਸਰ ਪੀਲੇ ਰੰਗ ਵਿੱਚ ਰੰਗੀ ਹੋਈ ਨਜ਼ਰ ਆਉਂਦੀ ਹੈ। ਇਹ ਰੁੱਖ ਫੁੱਲਾਂ ਦੇ ਨਾਲ ਨਾਲ ਛਾਂ ਦਾ ਕੰਮ ਵੀ ਦਿੰਦਾ ਹੈ। ਪੀਲੀ ਗੁਲਮੋਹਰ ਨੂੰ ਤਾਂਬਾ ਫਲੀ ਦੇ ਨਾਂ ਨਾਲ ਇਸ ਕਰਕੇ ਜਾਣਿਆ ਜਾਂਦਾ ਹੈ, ਕਿਉਂਕਿ ਇਸ ਨੂੰ ਲੱਗਣ ਵਾਲੇ ਫੁੱਲ ਜੋ ਕਿ ਫਲੀਆਂ ਦੇ ਰੂਪ ਵਿੱਚ ਹੁੰਦੇ ਹਨ, ਉਨ੍ਹਾਂ ਦਾ ਰੰਗ ਪੱਕਣ ਉਪਰੰਤ ਤਾਂਬੇ ਜਿਹਾ ਜਾਂ ਜੰਗਾਲ ਦੀ ਤਰ੍ਹਾਂ ਪ੍ਰਤੀਤ ਹੁੰਦਾ ਹੈ ਇਸ ਦੇ ਕਾਂਟ-ਛਾਂਟ ਕਰਕੇ ਲੋੜੀਂਦੀ ਉੱਚਾਈ ਤਕ ਸੀਮਤ ਰੱਖ ਕੇ ਸੋਹਣਾ ਛੱਤਰ ਵੀ ਤਿਆਰ ਕੀਤਾ ਜਾ ਸਕਦਾ ਹੁੰਦਾ ਹੈ। ਸਮੱਸਿਆ ਦਰਅਸਲ ਇਹ ਹੈ ਕਿ ਸਾਡੀਆਂ ਜ਼ਿਆਦਾਤਰ ਨਰਸਰੀਆਂ ਵਿਚ ਅਜਿਹੇ ਰੁੱਖਾਂ ਦੀ ਉਪਲੱਬਧਤਾ ਘੱਟ ਹੁੰਦੀ ਹੈ ਅਤੇ ਲੋਕਾਂ ਦਾ ਰੁਝਾਨ ਵੀ ਘੱਟ ਵੇਖਣ ਨੂੰ ਮਿਲਦਾ ਹੈ।

ਇਸ ਤੋਂ ਪਹਿਲਾਂ ਆਪਾਂ ਲਾਲ , ਨੀਲੀ ਅਤੇ ਪੀਲੀ ਗੁਲਮੋਹਰ ਬਾਰੇ ਚਰਚਾ ਕਰ ਚੁੱਕੇ ਹਾਂ। ਹੁਣ ਵਾਰੀ ਆਉਂਦੀ ਹੈ ‘ਗੁਲਮੋਹਰੀ’ ਦੀ।ਗੁਲਮੋਹਰੀ ਵੱਡਾ ਰੁੱਖ ਨਾ ਹੋ ਕੇ ਸਗੋ ਛੋਟਾ ਝਾੜੀਨੁਮਾ ਪੌਦਾ ਕਹਿ ਸਕਦੇ ਹੈ ਇਸਦੇ ਫੁਲ ਸੰਤਰੀ-ਲਾਲ ਸ਼ੌਖ ,ਪੀਲੇ ਅਤੇ ਗੁਲਾਬੀ ਰੰਗਾਂ ਵਾਲੇ ਹੁੰਦੇ ਹਨ। ਹਾਲਾਂਕਿ ਇਸਦੇ ਗੁਲਾਬੀ ਰੰਗ ਦੇ ਫੁੱਲਾਂ ਵਾਲੀ ਕਿਸਮ ਵੇਖਣ ਨੂੰ ਬਹੁਤ ਘੱਟ ਮਿਲਦੀ ਹੈ। ਗੁਲਮੋਹਰੀ ਨੂੰ ਹੋਰਨਾਂ ਇਲਾਕਿਆਂ ਜਾਂ ਦੇਸ਼ਾਂ ਵਿੱਚ ਮੋਰ ਫੁੱਲ, ਰੈੱਡ ਬਰਡ ਆਫ਼ ਪੈਰਾਡਾਈਜ਼ ਜਾਂ ਪਰਾਈਡ ਆਫ਼ ਬਾਰਬਾਡੋਜ਼ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਗੁਲਮੋਹਰੀ ਦਾ ਵਿਗਿਆਨਿਕ ਨਾਂ Caesalpinia Pulcherrima ਹੈ ਅਤੇ ਇਹ ਗਰਮ ਰੁੱਤ ਤੋਂ ਲੈ ਕੇ ਬਰਸਾਤ ਰੁੱਤ ਤੱਕ ਹੁਸੀਨ ਰੰਗਾਂ ਦੇ ਫੁੱਲਾਂ ਨਾਲ ਲੱਦੀ ਹੋਈ ਨਜ਼ਰ ਆਉਂਦੀ ਹੈ। ਸਕੂਲਾਂ-ਕਾਲਜਾਂ ਜਾਂ ਸਾਂਝੀਆਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵਿੱਚ ਥਾਂ ਅਕਸਰ ਖੁੱਲ੍ਹੀ ਹੁੰਦੀ ਹੈ ਅਤੇ ਅਜਿਹੇ ਪੌਦੇ ਬਾਖੂਬੀ ਲਾਏ ਜਾ ਸਕਦੇ ਹੁੰਦੇ ਹਨ। ਦੋਸਤੋ ਸਾਡੀਆਂ ਬਗ਼ੀਚੀਆਂ ਵਿੱਚ ਅਸੀ ਅਨੇਕਾਂ ਕਿਸਮਾਂ ਦੇ ਰੁੱਖ ਪੌਦੇ ਅਕਸਰ ਲਾਉਂਦੇ ਹਾਂ। ਪਿਛਲੇ ਕੁੱਝ ਸਾਲਾਂ ਵਿੱਚ ਬਗ਼ੀਚੀਆਂ ਤਾਂ ਬੜੀਆਂ ਖੂਬਸੂਰਤ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਪ੍ਰੰਤੂ ਅਸੀਂ ਉਨ੍ਹਾਂ ਵਿੱਚ ਕੁਦਰਤੀ ਰੰਗ ਭਰਨੇ ਭੁਲਦੇ ਜਾ ਰਹੇ ਹਾਂ। ਕਹਿਣ ਤੋਂ ਭਾਵ ਪੌਦਿਆਂ ਦੀ ਚੋਣ ਕਰਨ ਸਮੇਂ ਜ਼ਿਆਦਾ ਤਰਜੀਹ ਫਾਈਕਸ ਜਾਂ ਪਾਮ ਜਾਤੀ ਨੂੰ ਹੀ ਦਿੱਤੀ ਜਾਣ ਲੱਗੀ ਹੈ। ਹਾਲਾਂਕਿ ਸਾਨੂੰ ਕੁਦਰਤ ਨੇ ਐਨੇ ਜ਼ਿਆਦਾ ਸੋਮ ਤੇ ਹੁਸੀਨ ਰੰਗ ਬਖਸ਼ੇ ਹਨ, ਜਿਨ੍ਹਾਂ ਵਿੱਚ ਬਗੀਚੀ ਹੀ ਨਹੀਂ ਬਲਕਿ ਪੂਰੀ ਧਰਤ ਸ਼ਿੰਗਾਰੀ ਨਜ਼ਰ ਆਉਂਦੀ ਹੈ। ਸੋ ਕੋਸ਼ਿਸ਼ ਕਰੀਏ ਸਾਡੀ ਧਰਤੀ ਉੱਪਰ ਕੁਦਰਤੀ ਰੰਗਾਂ ਦੀ ਫੁਲਕਾਰੀ ਤਾਣੀਏ ਤੇ ਰੱਬ ਦੇ ਰੰਗਾਂ ਵਿੱਚ ਰੰਗੇ ਜਾਈਏ।

ਬਲਵਿੰਦਰ ਸਿੰਘ ਲੱਖੇਵਾਲੀ
+91-98142-39041

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ