ਠੂਠੀ ਰੋਗ ਜਾਂ ਗੁੱਛਾ ਮੁੱਛਾ ਰੋਗ (ਲੀਫ ਕਰਲ): ਮਿਰਚ, ਸ਼ਿਮਲਾ ਮਿਰਚ ਅਤੇ ਟਮਾਟਰਾਂ ਦੀ ਬਰਸਾਤ ਵਾਲੀ ਫ਼ਸਲ ਤੇ ਇਹ ਰੋਗ ਆਮ ਵੇਖਣ ਨੂੰ ਮਿਲਦਾ ਹੈ। ਜੇ ਇਸ ਦਾ ਹਮਲਾ ਅਗੇਤਾ ਹੋ ਜਾਵੇ ਤਾਂ ਫ਼ਸਲ ਦਾ ਬਹੁਤ ਨੁਕਸਾਨ ਹੁੰਦਾ ਹੈ। ਇਸ ਰੋਗ ਤੋਂ ਪ੍ਰਭਾਵਿਤ ਬੂਟਿਆਂ ਦੇ ਪੱਤੇ ਆਕਾਰ ਵਿੱਚ ਛੋਟੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਦੀ ਸ਼ਕਲ ਵਿਗੜ ਜਾਂਦੀ ਹੈ। ਬਾਅਦ ਵਿੱਚ ਪੱਤੇ ਪੀਲੇ ਤੇ ਬੇਰੰਗੇ ਹੋ ਜਾਂਦੇ ਹਨ। ਰੋਗੀ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟੇ ਮਧਰੇ ਕੱਦ ਦੇ ਰਹਿ ਜਾਂਦੇ ਹਨ ਅਤੇ ਝਾੜੀ ਦੀ ਸ਼ਕਲ ਧਾਰਨ ਕਰ ਲੈਂਦੇ ਹਨ। ਰੋਗੀ ਬੂਟਿਆਂ ਨੂੰ ਫਲ ਬਹੁਤ ਘੱਟ ਲੱਗਦਾ ਹੈ ਅਤੇ ਜੇ ਫਲ ਲੱਗਦੇ ਹਨ ਤਾਂ ਉਹ ਛੋਟਾ ਅਤੇ ਬੇਢੱਬਾ ਹੁੰਦਾ ਹੈ ਜਾਂ ਕਈ ਵਾਰ ਅਜਿਹੇ ਬੂਟਿਆਂ ਨੂੰ ਫਲ ਲੱਗਦਾ ਹੀ ਨਹੀਂ।
ਬਿਮਾਰੀ ਕਿਵੇਂ ਫੈਲਦੀ ਹੈ: ਇਹ ਬਿਮਾਰੀ ਚਿੱਟੀ ਮੱਖੀ ਰਾਹੀਂ ਬਿਮਾਰ ਬੂਟਿਆਂ ਤੋਂ ਨਰੋਏ ਬੂਟਿਆਂ ’ਤੇ ਫੈਲਦੀ ਹੈ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਮੱਛਰ ਮਲੇਰੀਆਂ ਫੈਲਾਉਂਦਾ ਹੈ। ਜਦੋਂ ਚਿੱਟੀ ਮੱਖੀ ਬਿਮਾਰ ਬੂਟੇ ਤੋਂ ਰਸ ਚੂਸਦੀ ਹੈ ਤਾਂ ਵਿਸ਼ਾਣੂੰ ਦੇ ਕਣ ਚਿੱਟੀ ਮੱਖੀ ਦੇ ਅੰਦਰ ਚਲੇ ਜਾਂਦੇ ਹਨ ਅਤੇ ਜਦੋਂ ਇਹ ਮੱਖੀ ਦੂਜੇ ਨਰੋਏ ਬੂਟੇ ਤੋਂ ਰਸ ਚੂਸਦੀ ਹੈ ਤਾਂ ਉੱਥੇ ਵਿਸ਼ਾਣੂੰ ਦੇ ਕਣ ਨਰੋਏ ਬੂਟੇ ਵਿੱਚ ਦਾਖ਼ਲ ਹੋ ਜਾਂਦੇ ਹਨ। ਇਸ ਤਰ੍ਹਾਂ ਇਹ ਰੋਗ ਚਿੱਟੀ ਮੱਖੀ ਰਾਹੀਂ ਸਾਰੇ ਖੇਤ ਵਿੱਚ ਫੈਲ ਜਾਂਦਾ ਹੈ। ਵਿਸ਼ਾਣੂੰ ਦੇ ਕਣ ਚਿੱਟੀ ਮੱਖੀ ਦੇ ਅੰਦਰ ਕਈ ਦਿਨ੍ਹਾਂ ਤੱਕ ਜਿਊਂਦੇ ਰਹਿ ਸਕਦੇ ਹਨ।
ਰੋਕਥਾਮ: ਬੀਜ ਹਮੇਸ਼ਾ ਰੋਗ ਰਹਿਤ ਬੂਟਿਆ ਤੋਂ ਲਵੋ। ਖੇਤ ਵਿੱਚ ਨਜ਼ਰ ਆਉਣ ’ਤੇ ਰੋਗੀ ਬੂਟੇ ਪੁੱਟ ਕੇ ਨਸ਼ਟ ਕਰ ਦਿਓ। ਆਮ ਤੌਰ ’ਤੇ ਇਹ ਵੇਖਣ ਵਿੱਚ ਆਇਆ ਹੈ ਕਿ ਕਈ ਵਾਰ ਕਿਸਾਨ ਰੋਗੀ ਬੂਟੇ ਨੂੰ ਖੇਤ ਵਿੱਚੋਂ ਤਾਂ ਕੱਢ ਦਿੰਦੇ ਹਨ ਪਰ ਉਸ ਨੂੰ ਚੰਗੀ ਤਰ੍ਹਾਂ ਨਸ਼ਟ ਨਹੀਂ ਕਰਦੇ ਜਾਂ ਖੇਤ ਵਿੱਚ ਹੀ ਛੱਡ ਦਿੰਦੇ ਹਨ। ਅਜਿਹਾ ਨਹੀਂ ਕਰਨਾ ਚਾਹੀਦਾ, ਸਗੋਂ ਇਸ ਰੋਗੀ ਬੂਟੇ ਨੂੰ ਮਿੱਟੀ ਵਿੱਚ ਦੱਬ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ ਤਾਂ ਜੋ ਮੱਖੀ ਇਸ ਤੋਂ ਰਸ ਨਾ ਚੂਸ ਸਕੇ।
*ਪੌਦਾ ਰੋਗ ਵਿਭਾਗ, ਪੀਏਯੂ।
ਸੰਪਰਕ: 94637-47280
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ