ਪੂਰਾ ਸਾਲ ਕਿਵੇਂ ਕੀਤੀ ਜਾਂਦੀ ਹੈ ਬੈਂਗਣ ਦੀ ਖੇਤੀ

ਬੈਂਗਣ ਫ਼ਸਲ ਦੀ ਸਹੀ ਵਿਉਂਤਬੰਦੀ ਕਰਕੇ ਸਾਰਾ ਸਾਲ ਕਾਸ਼ਤ ਕੀਤੀ ਜਾ ਸਕਦੀ ਹੈ। ਬੈਂਗਣ ਤੋਂ ਸਾਰਾ ਸਾਲ ਫ਼ਲ ਪ੍ਰਾਪਤ ਕਰਨ ਲਈ ਹੇਠ ਲਿਖੇ ਕਾਸ਼ਤ ਦੇ ਢੰਗ ਵਰਤਣੇ ਚਾਹੀਦੇ ਹਨ।

ਸੁਰੰਗ ਖੇਤੀ: ਸੁਰੰਗ ਖੇਤੀ ਬੈਂਗਣ ਨੂੰ ਘੱਟ ਤਾਪਮਾਨ ਅਤੇ ਕੋਰੇ ਤੋਂ ਬਚਾਉਣ ਦਾ ਵਧੀਆ ਅਤੇ ਸਰਲ ਤਰੀਕਾ ਹੈ। ਇਹ ਫ਼ਸਲ ਅਗੇਤਾ ਅਤੇ ਜ਼ਿਆਦਾ ਝਾੜ ਦਿੰਦੀ ਹੈ, ਜਿਸ ਤੋਂ ਚੰਗੀ ਆਮਦਨ ਵੀ ਮਿਲਦੀ ਹੈ। ਇਸ ਫ਼ਸਲ ਲਈ ਨਵੰਬਰ ਦੇ ਪਹਿਲੇ ਪੰਦਰਵਾੜੇ ਪਨੀਰੀ ਖੇਤ ਵਿਚ ਲਗਾ ਦਿੱਤੀ ਜਾਂਦੀ ਹੈ ਅਤੇ ਸੁਰੰਗਾਂ ਬਣਾਉਣ ਲਈ ਬੂਟੇ 90 ਸੈਂ.ਮੀ. ਚੌੜਾ ਬੈਡਾਂ ਤੇ 30 ਸੈਂ.ਮੀ. ਦੀ ਦੂਰੀ ਤੇ ਲਗਾਏ ਜਾਂਦੇ ਹਨ। ਦਸੰਬਰ ਦੇ ਪਹਿਲੇ ਹਫ਼ਤੇ ਲੋਹੇ ਦੇ ਅਰਧ ਗੋਲਿਆਂ ਅਤੇ ਪਲਾਸਟਿਕ ਦੀ 50 ਮਾਈਕ੍ਰੋਨ ਮੋਟੀ ਸ਼ੀਟ ਨਾਲ ਬੂਟੇ ਢਕ ਦਿੱਤੇ ਜਾਂਦੇ ਹਨ। ਫ਼ਰਵਰੀ ਦੇ ਦੂਜੇ ਪੰਦਰਵਾੜੇ ਕੋਰਾ ਘਟ ਜਾਣ ਤੇ ਇਹ ਸ਼ੀਟ ਹਟਾ ਦਿੱਤੀ ਜਾਂਦੀ ਹੈ।

ਪਨੀਰੀ ਤਿਆਰ ਕਰਨਾ: ਇਕ ਏਕੜ ਦੀ ਫ਼ਸਲ ਲਈ 300 ਤੋਂ 400 ਗ੍ਰਾਮ ਬੀਜ ਕਾਫ਼ੀ ਹੁੰਦਾ ਹੈ। ਕਿਆਰੀਆਂ ਬਣਾਉਣ ਤੋਂ ਪਹਿਲਾਂ 10 ਕੁਇੰਟਲ ਗਲੀਸੜੀ ਰੂੜੀ ਜ਼ਮੀਨ ਵਿਚ ਮਿਲਾ ਲੈਣੀ ਚਾਹੀਦੀ ਹੈ ਅਤੇ ਕਿਆਰੀਆਂ ਨੂੰ ਬਿਜਾਈ ਤੋਂ ਘੱਟੋਘੱਟ 10 ਦਿਨ ਪਹਿਲਾਂ ਪਾਣੀ ਦਿਓ। ਜੇਕਰ ਜ਼ਮੀਨ ਬਿਮਾਰੀ ਵਾਲੀ ਹੋਵੇ ਤਾਂ ਇਸ ਨੂੰ 1.5-2.0 ਪ੍ਰਤੀਸ਼ਤ ਫਾਰਮਲੀਨ (15-20 ਮਿ.ਲਿ. ਪ੍ਰਤੀ ਲਿਟਰ ਪਾਣੀ) ਦੇ 4-5 ਲਿਟਰ ਘੋਲ ਪ੍ਰਤੀ ਵਰਗ ਮੀਟਰ ਨਾਲ ਗੜੁੱਚ ਕਰੋ ਅਤੇ ਪਲਾਸਟਿਕ ਦੀ ਕਾਲੀ ਚਾਦਰ ਨਾਲ 48-72 ਘੰਟੇ ਤੱਕ ਢਕ ਦਿਓ। ਇਸ ਤੋਂ ਬਾਅਦ ਮਿੱਟੀ ਨੂੰ 2-3 ਦਿਨ ਪਲਟਾ ਕੇ ਧੁੱਪ ਲਵਾਉ ਤਾਂ ਕਿ ਫਾਰਮਲੀਨ ਦਾ ਅਸਰ ਖ਼ਤਮ ਹੋ ਜਾਵੇ। ਪਨੀਰੀ ਤਿਆਰ ਕਰਨ ਲਈ 1.5 ਮੀਟਰ ਚੌੜੀਆਂ ਅਤੇ 20 ਸੈਂਟੀਮੀਟਰ ਉੱਚੀਆਂ ਕਿਆਰੀਆਂ ਬਣਾ ਕੇ ਸੋਧੇ (3 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ) ਹੋਏ ਬੀਜ ਦੀ 1-2 ਸੈਂਟੀਮੀਟਰ ਡੂੰਘਾਈ ਤੇ ਕਤਾਰਾਂ ਵਿਚ 5 ਸੈਂ.ਮੀ. ਦੀ ਵਿੱਥ ਤੇ ਬਿਜਾਈ ਕਰੋ। ਬੀਜ ਦੇ ਪੁੰਗਰਨ ਲਈ ਜ਼ਮੀਨ ਨੂੰ ਗਿੱਲਾ ਰਖੋ। ਉਖੇੜਾ ਰੋਗ ਤੋਂ ਬਚਾਉਣ ਲਈ, ਪਨੀਰੀ ਦੇ ਪੁੰਗਰਨ ਤੋਂ 5-7 ਦਿਨ ਬਾਅਦ ਕੈਪਟਾਨ (4 ਗ੍ਰਾਮ ਪ੍ਰਤੀ ਲਿਟਰ ਪਾਣੀ) ਦੇ ਘੋਲ ਨਾਲ ਗੜੁੱਚ ਕਰੋ ਅਤੇ ਹਫ਼ਤੇ ਬਾਅਦ ਇਸ ਨੂੰ ਫਿਰ ਦੁਹਰਾਓ। ਜਦ ਬੂਟੇ 3-4 ਪੱਤੇ ਕਢ ਲੈਣ ਤਾਂ ਖੇਤ ਵਿਚ ਲਾਉਣ ਲਈ ਤਿਆਰ ਹੋ ਜਾਂਦੇ ਹਨ। ਪਨੀਰੀ ਪੁੱਟਣ ਤੋਂ ਪਹਿਲਾਂ ਪਾਣੀ ਲਾਉਣਾ ਜ਼ਰੂਰੀ ਹੁੰਦਾ ਹੈ।

ਪਨੀਰੀ ਖੇਤ ਚ ਲਾਉਣਾ: ਬਿਜਾਈ ਤੋਂ ਉਪਰੰਤ ਲਗਭਗ 25-30 ਦਿਨ ਵਿਚ ਪਨੀਰੀ ਖੇੇਤ ਵਿਚ ਲਾਉਣ ਲਈ ਤਿਆਰ ਹੋ ਜਾਂਦੀ ਹੈ। ਬੈਂਗਣ ਦੀਆਂ ਵੱਖ-2 ਕਿਸਮਾਂ ਨੂੰ ਕਤਾਰਾਂ ਵਿਚ 60 ਸੈਂ. ਮੀ. ਅਤੇ ਬੂਟਿਆਂ ਵਿਚ 30-45 ਸੈਂ. ਮੀ. ਫ਼ਾਸਲਾ ਰੱਖ ਕੇ ਲਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ, ਪਰੰਤੂ ਜੇਕਰ ਖੇਤ ਵਿਚ ਪਾਵਰ ਵੀਡਰ ਚਲਾਉਣਾ ਹੋਵੇ ਤਾਂ ਕਤਾਰਾਂ ਦਾ ਫ਼ਾਸਲਾ 67.5 ਸੈਂ.ਮੀ. ਕਰ ਲੈਣਾ ਚਾਹੀਦਾ ਹੈ।

ਖਾਦਾਂ : ਦਸ ਟਨ ਰੂੜੀ ਦੀ ਖਾਦ 55 ਕਿਲੋ ਯੂਰੀਆ,155 ਕਿਲੋ ਸੁਪਰਫ਼ਾਸਫੇਟ ਅਤੇ 20 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਡਰਿੱਲ ਕਰੋ। ਸਾਰੀ ਖਾਦ ਪੌਦੇ ਖੇਤ ਵਿਚ ਲਾਉਣ ਸਮੇਂ ਡਰਿੱਲ ਨਾਲ ਪਾਓ। ਦੋ ਤੁੜਾਈਆਂ ਪਿਛੋਂ 55 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਫਿਰ ਪਾਓ।

ਮਾਦਾ ਅਤੇ ਨਰ ਲਾਈਨਾਂ ਦਾ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਲੈ ਕੇ 2:1 ਅਨੁਪਾਤ ਵਿਚ ਖੇਤ ਲਾਇਆ ਜਾਂਦਾ ਹੈ। ਸ਼ਾਮ ਵੇਲੇ ਮਾਦਾ ਫ਼ੁੱਲਾਂ ਦਾ ਖਸੀਕਰਨ ਕਰਕੇ, ਅਗਲੀ ਸਵੇਰ ਨਰ ਫ਼ੁਲਾਂ ਦਾ ਪਰਾਗ ਲਾਇਆ ਜਾਂਦਾ ਹੈ। ਪਰਪਰਾਗਨ ਕੀਤੇ ਫ਼ੁੱਲਾਂ ਤੇ ਟੈਗ ਪਾਉਣਾ ਜ਼ਰੂਰੀ ਹੁੰਦਾ ਹੈ। ਮਾਦਾ ਬੂਟਿਆਂ ਤੋਂ ਪੱਕੇ ਪੀਲੇ ਫ਼ਲ ਤੋੜ ਕੇ ਬੀਜ ਕੱਢ ਲਓ। ਬੀਜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸੁਕਾਉਣ ਉਪਰੰਤ ਪੈਕ ਕਰਕੇ ਸਟੋਰ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ