ਕੁਦਰਤੀ ਖੇਤੀ ਵਿਚ ਬੀਜ ਅੰਮ੍ਰਿਤ ਦੀ ਵਰਤੋਂ ਬੀਜਾਂ ਨੂੰ ਰੋਗ ਅਤੇ ਕੀਟਾਣੂ ਰਹਿਤ ਕਰਨ ਲਈ ਕੀਤੀ ਜਾਂਦੀ ਹੈ। ਬੀਜ ਅੰਮ੍ਰਿਤ ਨਾਲ ਸੋਧੇ ਹੋਏ 100 ਵਿਚੋਂ 90 ਬੀਜ ਉੱਗ ਜਾਂਦੇ ਹਨ। ਜਦੋਂ ਕਿ ਜ਼ਹਿਰ (ਰਸਾਇਣਾਂ)ਨਾਲ ਸੋਧੇ ਹੋਏ ਬੀਜਾਂ ਵਿਚ ਇਹ ਗਿਣਤੀ ਕਿਤੇ ਘੱਟ ਹੁੰਦੀ ਹੈ। ਕਣਕ ਦੇ 40 ਅਤੇ ਝੋਨੇ ਦੇ 20 ਕਿੱਲੋ ਬੀਜਾਂ ਲਈ ਹੇਠ ਲਿਖੇ ਅਨੁਸਾਰ ਬੀਜ ਅੰਮ੍ਰਿਤ ਬਣਾਓ।
ਲੋੜੀਂਦਾ ਸਮਾਨ:
1. ਦੇਸੀ ਗਾਂ ਜਾਂ ਮੱਝ ਦਾ ਗੋਬਰ : 1 ਕਿੱਲੋ
2. ਦੇਸੀ ਗਾਂ ਜਾਂ ਮੱਝ ਦਾ ਪਿਸ਼ਾਬ : 1 ਲਿਟਰ
3. ਕੱਚਾ ਦੁੱਧ : 100 ਮਿ.ਲੀ.
4. ਸਾਦਾ ਪਾਣੀ : 2.5 ਲਿਟਰ
5. ਚੂਨਾ : 50 ਗ੍ਰਾਮ
ਵਿਧੀ:
ਦੇਸੀ ਗਾਂ ਜਾਂ ਮੱਝ ਦੇ ਗੋਬਰ, ਪਿਸ਼ਾਬ, ਕੱਚੇ ਦੁੱਧ ਅਤੇ 2 ਲਿਟਰ ਪਾਣੀ ਨੂੰ ਇੱਕ ਬਰਤਨ ਵਿੱਚ ਘੋਲ ਦਿਓ। ਹੁਣ ਦੂਜੇ ਬਰਤਨ ਵਿੱਚ ਬਚਿਆ ਹੋਇਆ ਅੱਧਾ ਲਿਟਰ ਪਾਣੀ ਅਤੇ 50 ਗ੍ਰਾਮ ਚੂਨਾ ਘੋਲ ਦਿਓ| ਦੋਹਾਂ ਮਿਸ਼ਰਣਾ ਨੂੰ ਢੱਕ ਕੇ 24 ਘੰਟਿਆਂ ਤੱਕ ਇਸੇ ਤਰ੍ਹਾਂ ਅਲੱਗ-ਅਲੱਗ ਪਏ ਰਹਿਣ ਦਿਓ। ਹੁਣ ਦੋਹਾਂ ਮਿਸ਼ਰਣਾਂ ਨੂੰ ਇੱਕ ਵੱਖਰੇ ਭਾਂਡੇ ਵਿਚ ਕੱਪੜੇ ਨਾਲ ਨਿਚੋੜ ਲਓ। ਬੀਜ ਅੰਮ੍ਰਿਤ ਤਿਆਰ ਹੈ।
ਵਰਤੋਂ:
1. ਬੀਜ ਅੰਮ੍ਰਿਤ ਨੂੰ ਕਣਕ ਬੀਜਾਂ ਉਪਰ ਛਿੜਕਦੇ ਹੋਏ ਦੋਹਾਂ ਹੱਥਾਂ ਨਾਲ ਪੋਲਾ-ਪੋਲਾ ਮੱਲਦੇ ਰਹੋ।
2. ਉਸ ‘ਤੋਂ ਬਾਅਦ ਬੀਜਾਂ ਨੂੰ ਦੋ ਘੰਟਿਆਂ ਲਈ ਛਾਵੇਂ ਸੁਕਾ ਕੇ ਬਿਜਾਈ ਕਰ ਦਿਓ।
3. ਜਿਸ ਪਾਣੀ ਵਿੱਚ ਝੋਨੇ ਦੇ ਬੀਜ ਨੂੰ ਪੁੰਗਰਾਉਣ ਲਈ ਰੱਖਿਆ ਜਾਂਦਾ ਹੈ, ਉਸ ਪਾਣੀ ਵਿਚ ਬੀਜ ਅੰਮ੍ਰਿਤ ਪਾ ਦਿਓ।
4. ਬੀਜਾਂ ਵਿੱਚ ਨਮੀ ਆਉਣ ਤੋਂ ਬਾਅਦ ਪਨੀਰੀ ਲਈ ਬੀਜ ਦਿਓ।
5. ਦਾਲਾਂ ਅਤੇ ਨਰਮ ਸੁਭਾਅ ਦੇ ਬੀਜਾਂ ਲਈ ਬੀਜ ਅੰਮ੍ਰਿਤ ਬਣਾਉਂਦੇ ਸਮੇਂ ਚੂਨੇ ਦੀ ਵਰਤੋਂ ਨਾ ਕਰੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ