ਵਰਟੀਕਲ ਗਾਰਡਨ ਲੈਂਡਸਕੇਪਿੰਗ ਲਈ ਨਵੀਂ ਵਿਧੀ

ਵਰਟੀਕਲ ਗਾਰਡਨ, ਛੋਟੇ ਗ਼ਮਲਿਆਂ ਵਿੱਚ ਸਜਾਵਟੀ ਬੂਟੇ ਲਗਾ ਕੇ ਉਨ੍ਹਾਂ ਨੂੰ ਕੰਧ ’ਤੇ ਲਗਾਏ ਹੋਏ ਸਟੈਂਡ ’ਤੇ ਸਜਾ ਕੇ ਸ਼ਹਿਰਾਂ ਨੂੰ ਹਰਿਆ-ਭਰਿਆ ਕਰਨ ਦੀ ਇੱਕ ਨਵੀਂ ਵਿਧੀ ਹੈ। ਇਸ ਰਾਹੀਂ ਕੰਧ ਨਾਲ ਸਿਰਫ਼ ਵਰਟੀਕਲ ਜਗ੍ਹਾ ਦੀ ਹੀ ਲੋੜ ਹੁੰਦੀ ਹੈ। ਬਹੁਮੰਜਿਲਾਂ ਇਮਾਰਤਾਂ ਕਾਰਨ ਬੂਟੇ ਲਗਾਉਣ ਲਈ ਖੁੱਲੀ ਜਗ੍ਹਾ ਲੱਭਣੀ ਔਖੀ ਹੋ ਗਈ ਹੈ। ਇਸ ਸਮੱਸਿਆ ਦਾ ਹੱਲ ਵਰਟੀਕਲ ਗਾਰਡਨ (ਖੜ੍ਹਾ ਬਗ਼ੀਚਾ) ਹੈ। ਲੰਬੇ ਸਮੇਂ ਤੋਂ ਸਜਾਵਟੀ ਵੇਲਾਂ ਰਾਹੀਂ ਸੀਮਿਤ ਜਗ੍ਹਾ ਦੀ ਲੈਂਡਸਕੇਪਿੰਗ ਕੀਤੀ ਜਾ ਰਹੀ ਹੈ ਪਰ ਹਰਿਆਲੀ ਲਈ ਘਰ ਦੇ ਅੰਦਰ ਦੀਆਂ ਕੰਧਾਂ ਦੇ ਨਾਲ-ਨਾਲ ਬਾਹਰਲੀਆਂ ਕੰਧਾਂ ਦੀ ਵਰਤੋਂ ਵੀ ਵਧ ਰਹੀ ਹੈ। ਛਾਂ ਪਸੰਦ ਬੂਟੇ ਜਿਵੇਂ ਕਿ ਮਨੀ ਪਲਾਂਟ, ਹੈਡੇਰਾ ਹੈਲਿਕਸ, ਜ਼ੈਬਰੀਨਾ, ਮੌਨਸਟੇਰਾ, ਫਿਲੋਡੈਂਡਰੋਨਾ, ਸੌਂਗ ਆਫ ਇੰਡੀਆ ਤੇ ਸਿਲਵਰ ਡਸਟ ਆਦਿ ਵਰਗੇ ਰੰਗ-ਬਿਰੰਗੇ ਬੂਟੇ ਵਰਟੀਕਲ ਗਾਰਡਨ ਬਣਾਉਣ ਲਈ ਵਰਤੇ ਜਾਂਦੇ ਹਨ। ਇਹ ਵਰਟੀਕਲ ਗਾਰਡਨ ਤੁਹਾਡੇ ਘਰ ਨੂੰ ਖ਼ੂਬਸੂਰਤ ਬਣਾਉਣ ਲਈ ਬਾਲਕੋਨੀ ਅਤੇ ਵਰਾਂਡੇ ਆਦਿ ਦੀਆਂ ਕੰਧਾਂ ’ਤੇ ਬਣਾਏ ਜਾ ਸਕਦੇ ਹਨ। ਇਨ੍ਹਾਂ ਵਿੱਚ ਕੁਝ ਸਬਜ਼ੀਆਂ, ਚਿਕਤਿਸਕ ਬੂਟਿਆਂ ਜਾਂ ਫੁੱਲਾਂ ਵਾਲੇ ਬੂਟੇ ਵੀ ਲਗਾਏ ਜਾ ਸਕਦੇ ਹਨ। ਇਹ ਬੂਟੇ ਸੂਖਮ ਵਾਤਾਵਰਨ (ਮਾਈਕਰੋਕਲਾਈਮੇਟ) ਨੂੰ ਸੁਧਾਰਨ ਅਤੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਵਿੱੱਚ ਵੀ ਮਦਦ ਕਰਦੇ ਹਨ।

ਵਰਟੀਕਲ ਗਾਰਡਨ, ਕਾਰਬਨ ਡਾਈਆਕਸਾਈਡ ਨੂੰ ਘਟਾ ਕੇ ਅਤੇ ਆਕਸੀਜਨ ਦੀ ਮਾਤਰਾ ਨੂੰ ਵਧਾ ਕੇ ਵਾਤਾਵਰਨ ਦਾ ਸਤੁੰਲਨ ਬਣਾਉਣ ਵਿੱਚ ਸਹਾਈ ਹੁੰਦੇ ਹਨ। ਇਹ ਬੂਟੇ ਉਸ ਖੇਤਰ ਦੀ ਹਵਾ ਦੀ ਗੁਣਵੱਤਾ ਨੂੰ ਸੁਧਾਰਨ ਲਈ ਕੁਦਰਤੀ ਫਿਲਟਰ ਵਜੋਂ ਕੰਮ ਕਰਦੇ ਹਨ। ਵਰਟੀਕਲ ਗਾਰਡਨ ਕੁਦਰਤੀ ਤੌਰ ’ਤੇ ਊਰਜਾ ਦੀ ਘੱਟ ਲਾਗਤ ਨਾਲ ਇਮਾਰਤ ਦੇ ਤਾਪਮਾਨ ਨੂੰ 5 ਤੋਂ 60 ਸੈਂਟੀਗਰੇਡ ਘਟਾਉਣ ਜਾਂ ਵਧਾਉਣ ਵਿੱਚ ਮਦਦ ਕਰਦੇ ਹਨ। ਇਸ ਤਰ੍ਹਾਂ ਦੇ ਬਗ਼ੀਚੇ ਪਾਣੀ ਦੀ ਕੁਸ਼ਲ ਵਰਤੋਂ ਅਤੇ ਤੁਪਕਾ ਸਿੰਜਾਈ ਵਿਧੀ ਰਾਹੀਂ ਆਸਾਨੀ ਨਾਲ ਬਣਾਏ ਜਾ ਸਕਦੇ ਹਨ। ਵਰਟੀਕਲ ਗਾਰਡਨ ਵਿੱਚ ਬੂਟਿਆਂ ਨੂੰ ਪਲਾਸਟਿਕ ਦੇ ਗ਼ਮਲਿਆਂ, ਕੋਲਡ ਡਰਿੰਕ ਦੀਆਂ ਖਾਲੀ ਬੋਤਲਾਂ, ਪਲਾਸਟਿਕ ਜਾਂ ਕੈਨਵਸ ਬੈਗ, ਗ਼ਮਲਿਆਂ ਦੇ ਸਟੈਂਡ, ਟੋਕਰੀਆਂ, ਲਟਕਣ ਵਾਲੇ ਗ਼ਮਲਿਆਂ ਵਿੱਚ ਲਗਾਇਆ ਜਾ ਸਕਦਾ ਹੈ।

ਜ਼ਿਆਦਾਤਰ ਵਰਟੀਕਲ ਗਾਰਡਨ ਬਣਾਉਣ ਲਈ ਉਤਰੀ ਦਿਸ਼ਾ ਦੀਆਂ ਕੰਧਾਂ ਉੱਤੇ ਛਾਂ ਪਸੰਦ ਬੂਟੇ ਤਰਤੀਬਵਾਰ ਲਗਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਦੇ ਬਗ਼ੀਚੇ ਉਨ੍ਹਾਂ ਥਾਵਾਂ ’ਤੇ ਵੀ ਵਿਕਸਿਤ ਕੀਤੇ ਜਾ ਸਕਦੇ, ਜਿੱਥੇ ਬੂਟੇ ਲਗਾਉਣ ਦਾ ਹੋਰ ਕੋਈ ਵੀ ਤਰੀਕਾ ਸੰਭਵ ਨਹੀਂ ਹੁੰਦਾ। ਇਸ ਲਈ ਕੰਧ ਅਤੇ ਗ਼ਮਲਿਆਂ ਦਾ ਰੰਗ ਹਲਕਾ ਹੋਣਾ ਚਾਹੀਦਾ ਹੈ। ਬੂਟੇ ਉਹ ਚੁਣੇ ਜਾਣ ਜੋ ਘੱਟ ਰੋਸ਼ਨੀ ਜਾਂ ਛਾਂ ਵਿੱਚ ਚੰਗੀ ਤਰ੍ਹਾਂ ਵਧਣ-ਫੁੱਲਣ। ਘਰ ਦੇ ਅੰਦਰ ਵਰਟੀਕਲ ਗਾਰਡਨ ਬਣਾਉਣ ਲਈ ਛਾਂ ਪਸੰਦ, ਗੂੜੇ ਹਰੇ ਪੱਤਿਆਂ ਵਾਲੇ ਬੂਟੇ ਲਗਾਏ ਜਾਂਦੇ ਹਨ। ਘਰ ਦੇ ਬਾਹਰ ਰੰਗਦਾਰ ਪੱਤਿਆਂ, ਦੋ ਰੰਗੇ ਪੱਤੇ ਜਾਂ ਫੁੱਲਾਂ ਵਾਲੇ ਪੱਕੇ ਬੂਟਿਆਂ ਦੀ ਚੋਣ ਕੀਤੀ ਜਾਂਦੀ ਹੈ।

ਵਰਟੀਕਲ ਗਾਰਡਨ ਵਾਲੀਆਂ ਇਮਾਰਤਾਂ ਮਹਿਮਾਨਾਂ ਅਤੇ ਇਸ ਦੇ ਵਸਨੀਕਾਂ ਦਾ ਵੀ ਸਵਾਗਤ ਕਰਦੀਆਂ ਹਨ। ਤੱਥਾਂ ਦੇ ਆਧਾਰ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਪੌਦੇ ਹਵਾ ਵਿੱਚੋਂ ਅਸਥਿਰ ਜੈਵਿਕ ਮਿਸ਼ਰਣਾਂ ਨੂੰ ਹਟਾ ਕੇ ਅੰਦਰੂਨੀ ਹਵਾ ਦੀ ਗੁਣਵੱਤਾ ਵਿੱਚ ਵੀ ਸੁਧਾਰ ਲਿਆਉਂਦੇ ਸਨ। ਫਰਨ, ਪੀਸੂ, ਲਿਲੀ, ਸੈਂਸੇਬੇਰੀਆ, ਕਲੋਰੋਫਾਈਟਮ, ਟਰੇਡਸਕੈਂਸ਼ੀਆ, ਸਿਨਗੋਨਿਅਮ, ਐਸਪੈਰੇਗਸ, ਉਫਿਉਪੋਗਨ, ਰੋਹਿਉ ਤੇ ਜ਼ੈਫੀਰੈਂਥਸ ਆਦਿ ਪੌਦੇ ਵੀ ਵਰਟੀਕਲ ਗਾਰਡਨ ਬਣਾਉਣ ਲਈ ਵਰਤੇ ਜਾ ਸਕਦੇ ਹਨ।
ਵਰਟੀਕਲ ਗਾਰਡਨ ਬਣਾਉਣ ਲਈ ਮਿੱਟੀ ਦਾ ਮਿਸ਼ਰਣ (ਪੌਟਿੰਗ ਮੀਡੀਆ) ਭਾਰ ਵਿੱਚ ਹਲਕਾ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਪੌਦੇ ਦੇ ਵਿਕਾਸ ਲਈ ਜੈਵਿਕ ਪਦਾਰਥ ਸ਼ਾਮਲ ਹੋਣੇ ਚਾਹੀਦੇ ਹਨ। ਕੋਕੋਪੀਟ ਅਤੇ ਵਰਮੀ ਕੰਪੋਸਟ ਦਾ ਮਿਸ਼ਰਣ 1:1 ਦੇ ਅਨੁਪਾਤ ਵਿੱਚ ਪੌਦਿਆਂ ਦੇ ਵਿਕਾਸ ਲਈ ਬਹੁਤ ਵਧੀਆ ਹੈ। ਵਰਟੀਕਲ ਗਾਰਡਨ ਦੇ ਉੱਪਰ ਵਾਲੇ ਪਾਸੇ ਉਨ੍ਹਾਂ ਬੂਟਿਆਂ ਦੀ ਚੋਣ ਕਰੋ ਜਿਨ੍ਹਾਂ ਨੂੰ ਪਾਣੀ ਦੀ ਲੋੜ ਘੱਟ ਹੁੰਦੀ ਹੈ। ਸਵੈ-ਚਾਲਤ ਟਾਈਮਰ ਵਰਤ ਕੇ ਤੁਪਕਾ ਸਿੰਜਾਈ ਵਿਧੀ ਰਾਹੀਂ ਨਿਯਮਤ ਪਾਣੀ ਅਤੇ ਪੌਸ਼ਟਿਕ ਤੱਤਾਂ ਦੀ ਮਾਤਰਾ ਗ਼ਮਲਿਆਂ ਵਿੱਚ ਸੰਤੁਲਿਤ ਰੱਖੀ ਜਾਂਦੀ ਹੈ। ਵਰਟੀਕਲ ਗਾਰਡਨ ਵਿੱਚ ਬੂਟਿਆਂ ਦੇ ਆਕਾਰ ਨੂੰ ਬਣਾਏ ਰੱਖਣ ਲਈ ਲੋੜ ਮੁਤਾਬਕ ਕਾਂਟ-ਛਾਂਟ ਕੀਤੀ ਜਾਂਦੀ ਹੈ ਅਤੇ ਸੁੱਕੇ ਮਰੇ ਹੋਏ ਬੂਟਿਆਂ ਦੀਆਂ ਥਾਵਾਂ ਨੂੰ ਭਰਨ ਲਈ ਨਿਯਮਤ ਤੌਰ ’ਤੇ ਧਿਆਨ ਰੱਖਿਆ ਜਾਂਦਾ ਹੈ।

*ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ, ਪੀਏਯੂ।
ਪਰਮਿੰਦਰ ਸਿੰਘ ਤੇ ਹ.ਸ. ਗਰੇਵਾਲ*
ਸੰਪਰਕ: 97795-81523

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ