cause and prevention of mosaic disease

ਸਬਜ਼ੀਆਂ ਦਾ ਮੋਜ਼ੈਕ ਰੋਗ ਕੀ ਹੈ? ਜਾਣੋ ਇਸਦੇ ਕਾਰਨ ਅਤੇ ਰੋਕਥਾਮ

ਚਿਤਕਬਰਾ ਰੋਗ (ਮੋਜ਼ੇਕ): ਪੰਜਾਬ ਵਿੱਚ ਇਹ ਬਿਮਾਰੀ ਟਮਾਟਰ, ਮਿਰਚਾਂ, ਬੈਂਗਣ, ਲੋਬੀਆ, ਘੀਆ, ਕੱਦੂ, ਖੀਰਾ ਅਤੇ ਚੱਪਚ ਕੱਦੂ ਦਾ ਜ਼ਿਆਦਾ ਨੁਕਸਾਨ ਕਰਦੀ ਹੈ। ਇਸ ਵਿਸ਼ਾਣੂੰ ਰੋਗ ਦੀਆਂ ਕਈ ਕਿਸਮਾਂ ਮਿਲਦੀਆਂ ਹਨ। ਇਨ੍ਹਾਂ ਦੀ ਵੱਖ-ਵੱਖ ਨਿਸ਼ਾਨੀਆਂ ਹਨ। ਆਮ ਤੌਰ ’ਤੇ ਰੋਗੀ ਬੂਟਿਆਂ ਦੇ ਪੱਤੇ ਚਿੱਤਕਬਰੇ ਜਿਹੇ ਹੋ ਜਾਂਦੇ ਹਨ ਜਿਨ੍ਹਾਂ ਤੇ ਗੂੜ੍ਹੇ ਹਰੇ ਅਤੇ ਹਲਕੇ ਹਰੇ ਪੀਲੇ ਰੰਗ ਦੇ ਧੱਬੇ ਪੈ ਜਾਂਦੇ ਹਨ। ਪੱਤੇ ਛੋਟੇ ਅਤੇ ਬੇਢੱਬੇ ਹੋ ਜਾਂਦੇ ਹਨ। ਕਈ ਵਾਰ ਰੋਗੀ ਪੱਤਿਆਂ ਤੇ ਬੇਢੱਬੇ ਉਭਰਵੇਂ ਜਿਹੇ ਧੱਬੇ ਵੀ ਬਣ ਜਾਂਦੇ ਹਨ। ਅਜਿਹੇ ਧੱਬੇ ਕੱਦੂ ਜਾਤੀ ਦੀਆਂ ਸਬਜ਼ੀਆਂ ਦੇ ਪੱਤਿਆਂ ਅਤੇ ਫਲਾਂ ਤੇ ਆਮ ਹੀ ਵੇਖੇ ਜਾ ਸਕਦੇ ਹਨ। ਕਈ ਵਾਰ ਫਲਾਂ ਦੀ ਸ਼ਕਲ ਵੀ ਵਿਗੜ ਜਾਂਦੀ ਹੈ। ਇਸ ਰੋਗ ਹੇਠਾਂ ਆਏ ਪੱਤੇ ਕਈ ਵਾਰ ਬਾਂਦਰ ਦੇ ਪੰਜੇ ਵਰਗੀ ਸ਼ਕਲ ਅਖਤਿਆਰ ਕਰ ਲੈਂਦੇ ਹਨ। ਬਿਮਾਰੀ ਵਾਲੇ ਬੂਟੇ ਮਧਰੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਨੂੰ ਫਲ ਘੱਟ ਲਗਦਾ ਹੈ।

ਬਿਮਾਰੀ ਕਿਵੇਂ ਫੈਲਦੀ ਹੈ: ਆਮ ਤੌਰ ’ਤੇ ਬਿਮਾਰੀ ਬੀਜ ਰਾਹੀਂ ਆਉਂਦੀ ਹੈ। ਤੇਲਾ ਇਸ ਬਿਮਾਰੀ ਨੂੰ ਅੱਗੇ ਫੈਲਾਉਣ ਦਾ ਕੰਮ ਕਰਦਾ ਹੈ। ਇਹ ਰੋਗ ਖੇਤ ਵਿੱਚ ਕੰਮ ਕਰਨ ਵਾਲੇ ਆਦਮੀ ਅਤੇ ਕੰਮ ਲਈ ਵਰਤੇ ਜਾਣ ਵਾਲੇ ਸੰਦਾਂ ਰਾਹੀਂ ਵੀ ਇੱਕ ਬੂਟੇ ਤੋਂ ਦੂਜੇ ਬੂਟੇ ’ਤੇ ਫੈਲ ਜਾਂਦਾ ਹੈ।

ਰੋਕਥਾਮ: ਹਮੇਸ਼ਾ ਰੋਗ ਰਹਿਤ ਤਸਦੀਕਸ਼ੁਦਾ ਬੀਜ ਹੀ ਵਰਤੋ। ਰੋਗੀ ਬੂਟੇ ਪੁੱਟ ਕੇ ਚੰਗੀ ਤਰ੍ਹਾਂ ਨਸ਼ਟ ਕਰੋ। ਬਿਮਾਰ ਬੂਟਿਆਂ ਨੂੰ ਐਵੇਂ ਨਾ ਛੂਹੋ। ਖੇਤ ਦੁਆਲੇ ਉੱਗੇ ਨਦੀਨਾਂ ਨੂੰ ਨਸ਼ਟ ਕਰੋ। ਤੇਲੇ ਦੀ ਰੋਕਥਾਮ ਲਈ ਪਨੀਰੀ ਤੋਂ ਸ਼ੁਰੂ ਕਰਕੇ 10 ਦਿਨਾਂ ਦੇ ਵਕਫ਼ੇ ’ਤੇ ਰੋਗਰ ਜਾਂ ਮੈਟਾਸਿਸਟਾਕਸ 1 ਮਿਲੀਲਿਟਰ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਮਿਰਚਾਂ ਵਿੱਚ 400 ਮਿਲੀਲਿਟਰ ਮੈਲਾਥਿਆਨ ਨੂੰ 100-125 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ