ਜੀਵਾਣੂ ਖਾਦ ਕੀ ਹੈ?
ਜੀਵਾਣੂ ਖਾਦ, ਉਹ ਖਾਦ ਹੁੰਦੀ ਹੈ, ਜਿਸ ਵਿੱਚ ਸੂਖਮ ਜੀਵ ਹੁੰਦੇ ਹਨ ਜਿਹਨਾਂ ਨਾਲ ਪੌਦਿਆਂ ਨੂੰ ਖੁਰਾਕੀ ਤੱਤ ਮੁਹੱਈਆ ਕਰਵਾਏ ਜਾਂਦੇ ਹਨ। ਇਹ ਜੀਵਾਣੂ ਹਵਾ ਵਿਚਲੀ ਨਾਈਟ੍ਰੋਜਨ ਨੂੰ ਉਪਲੱਬਧ ਕਰਵਾਉਣ ਜਾਂ ਮਿੱਟੀ ਵਿੱਚੋਂ ਅਣਘੁਲੀ ਫਾਸਫੋਰਸ ਨੂੰ ਘੁਲਣਸ਼ੀਲ ਬਣਾਉਣ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਸੂਖਮ ਜੀਵਾਂ ਦੀ ਕਿਰਿਆਵਾਂ ਨਾਲ ਕਈ ਹਾਰਮੋਨ ਬਣਦੇ ਹਨ ਜੋ ਕਿ ਪੌਦਿਆਂ ਨੂੰ ਵਧਣ ਫੁੱਲਣ ਵਿੱਚ ਮਦਦ ਕਰਦੇ ਹਨ ਅਤੇ ਇਹ ਜੀਵਾਣੂ ਖਾਦ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਦੀ ਹੈ।
ਸਿਫ਼ਾਰਿਸ਼ ਕੀਤੀਆਂ ਜੀਵਾਣੂ ਖਾਦਾਂ:
1. ਰਾਇਜੋਬੀਅਮ ਜੀਵਾਣੂ ਖਾਦ- ਇਹ ਖਾਦ ਮਟਰ, ਮੂੰਗੀ, ਮਾਂਹ, ਅਰਹਰ, ਸੋਇਆਬੀਨ, ਬਰਸੀਮ ਅਤੇ ਲੁਸਰਨ ਲਈ ਵਰਤੀ ਜਾਂਦੀ ਹੈI
2. ਪੀ.ਜੀ.ਪੀ.ਆਰ ਅਤੇ ਰਾਇਜੋਬੀਅਮ ਜੀਵਾਣੂ ਖਾਦ- ਇਹ ਖਾਦ ਗਰਮ ਰੁੱਤ ਮੂੰਗੀ,ਛੋਲੇ ਅਤੇ ਮਸਰ ਲਈ ਵਰਤੀ ਜਾਂਦੀ ਹੈI
3. ਕੰਮਸ਼ੋਰਸ਼ੀਅਮ ਜੀਵਾਣੂ ਖਾਦ- ਇਹ ਖਾਦ ਮੱਕੀ, ਕਮਾਦ, ਹਲਦੀ, ਆਲੂ ਅਤੇ ਪਿਆਜ਼ ਲਈ ਵਰਤੀ ਜਾਂਦੀ ਹੈI
4. ਐਜ਼ੋਰਾਇਜੋਬੀਅਮ ਜੀਵਾਣੂ ਖਾਦ- ਇਹ ਖਾਦ ਝੋਨੇ ਲਈ ਵਰਤੀ ਜਾਂਦੀ ਹੈI
5. ਅਜ਼ੋ-ਐਸ ਜੀਵਾਣੂ ਖਾਦ- ਇਹ ਖਾਦ ਕਣਕ ਲਈ ਵਰਤੀ ਜਾਂਦੀ ਹੈI
ਜੀਵਾਣੂ ਖਾਦ ਵਰਤਣ ਦੇ ਢੰਗ:
ਬੀਜ ਨੂੰ ਲਗਾਉਣਾ (ਮੱਕੀ, ਕਣਕ, ਗਰਮ ਰੁੱਤ ਮੂੰਗੀ, ਮਾਂਹ, ਛੋਲੇ, ਮਸਰ, ਮਟਰ, ਮੂੰਗੀ, ਅਰਹਰ, ਸੋਇਆਬੀਨ, ਬਰਸੀਮ ਅਤੇ ਲੁਸਰਨ): ਇੱਕ ਏਕੜ ਲਈ ਸਿਫ਼ਾਰਿਸ਼ ਜੀਵਾਣੂ ਖਾਦ ਦੇ ਪੈਕਟ ਨੂੰ ਅੱਧਾ ਲੀਟਰ ਪਾਣੀ ਵਿੱਚ ਘੋਲ ਲਵੋ, ਉਪਰੰਤ ਜੀਵਾਣੂ ਖਾਦ ਦੇ ਘੋਲ ਅਤੇ ਬੀਜਾਂ ਨੂੰ ਸਾਫ਼ ਫਰਸ਼ ਉੱਤੇ ਜਾਂ ਤਰਪਾਲ ਉੱਤੇ ਚੰਗੀ ਤਰ੍ਹਾਂ ਮਿਲਾ ਲਵੋ। ਬੀਜ ਨੂੰ ਛਾਵੇਂ ਸੁੱਕਾ ਕੇ ਜਲਦੀ ਬੀਜ ਦੇਵੋ।
ਮਿੱਟੀ ਵਿੱਚ ਲਗਾਉਣਾ (ਕਮਾਦ, ਹਲਦੀ, ਆਲੂ ਅਤੇ ਪਿਆਜ): ਫ਼ਸਲ ਬੀਜਣ ਤੋਂ ਪਹਿਲਾਂ ਜੀਵਾਣੂ ਖਾਦ ਨੂੰ ਮਿੱਟੀ ਵਿੱਚ ਮਿਲਾ ਕੇ ਸਿਆੜਾਂ ਵਿੱਚ ਪਾਓ।
ਪਨੀਰੀ ਨੂੰ ਲਗਾਉਣਾ (ਝੋਨਾ): ਇੱਕ ਏਕੜ ਲਈ ਸਿਫ਼ਾਰਿਸ਼ ਜੀਵਾਣੂ ਖਾਦ ਦੇ ਪੈਕਟ ਨੂੰ ਦਸ ਲੀਟਰ ਪਾਣੀ ਵਿੱਚ ਘੋਲ ਲਓ ਅਤੇ ਇੱਕ ਏਕੜ ਦੀ ਪਨੀਰੀ ਨੂੰ 45 ਮਿੰਟ ਲਈ ਘੋਲ ਵਿੱਚ ਰੱਖਣ ਤੋ ਬਾਅਦ ਬੀਜ ਦਿਉ।
ਜੀਵਾਣੂ ਖਾਦ ਵਰਤਨ ਸਮੇਂ ਸਾਵਧਾਨੀਆਂ:
• ਫ਼ਸਲ ਅਨੁਸਾਰ ਸਿਫ਼ਾਰਿਸ਼ ਕੀਤੀ ਜੀਵਾਣੂ ਖਾਦ ਹੀ ਵਰਤੋ।
• ਜੀਵਾਣੂ ਖਾਦ ਦਾ ਲਿਫ਼ਾਫ਼ਾ ਧੁੱਪ ਅਤੇ ਗਰਮੀ ਤੋਂ ਦੂਰ ਠੰਢੀ ਥਾਂ ‘ਤੇ ਹੀ ਰੱਖੋ ਅਤੇ ਲਗਾਉਣ ਸਮੇਂ ਹੀ ਖੋਲ੍ਹੋ।
• ਜੀਵਾਣੂ ਖਾਦ ਨੂੰ ਮਿਆਦ ਪੁੱਗਣ ਤੋਂ ਪਹਿਲਾਂ ਹੀ ਵਰਤੋਂ।
• ਬੀਜਾਂ ਨੂੰ ਜੀਵਾਣੂ ਖਾਦ ਲਾਉਣ ਤੋਂ ਬਾਅਦ ਧੁੱਪ ਵਿੱਚ ਨਾ ਰੱਖੋ ਅਤੇ ਬਿਜਾਈ ਜਲਦੀ ਕਰ ਦਿਉ।
ਸਿਫ਼ਾਰਿਸ਼ ਕੀਤੀਆਂ ਗਈਆਂ ਜੀਵਾਣੂ ਖਾਦਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਮਿਲਦੀਆਂ ਹਨ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ