ਜਾਣੋ ਕਿੰਨਾ ਲਾਭਕਾਰੀ ਹੈ ਆਂਵਲੇ ਦਾ ਫ਼ਲ

ਆਂਵਲੇ ਦੀ ਫ਼ਸਲ ਬਹੁਤ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਦੇ ਕੰਮ ਆਉਂਦੀ ਹੈ। ਆਂਵਲੇ ਤੋਂ ਅਨੀਮੀਆ, ਜ਼ਖਮਾਂ, ਦਸਤ, ਦੰਦ ਦੇ ਦਰਦ, ਬੁਖਾਰ ਆਦਿ ਦੇ ਇਲਾਜ਼ ਲਈ ਵਰਤਿਆ ਜਾਂਦਾ ਹੈ। ਇਸਦੇ ਫਲ ਵਿਟਾਮਿਨ-ਸੀ ਦੇ ਭਰਪੂਰ ਸ੍ਰੋਤ ਹਨ। ਆਂਵਲਾ ਦੇ ਹਰੇ ਫਲਾਂ ਨੂੰ ਆਚਾਰ ਬਣਾਉਣ ਲਈ ਵਰਤਿਆ ਜਾਂਦਾ ਹੈ। ਆਂਵਲੇ ਤੋਂ ਕਈ ਤਰ੍ਹਾਂ ਦੇ ਉਤਪਾਦ ਜਿਵੇਂ ਕਿ ਸ਼ੈਂਪੂ, ਵਾਲਾਂ ਦਾ ਤੇਲ, ਡਾਈ, ਟੂਥ ਪਾਊਡਰ ਅਤੇ ਚਿਹਰੇ ਤੇ ਲਾਉਣ ਲਈ ਕਰੀਮ ਆਦਿ ਬਣਾਏ ਜਾਂਦੇ ਹਨ। ਇਸ ਫਸਲ ਦੇ ਸਖਤ-ਪਨ ਕਾਰਨ ਇਸਨੂੰ ਕਈ ਕਿਸਮ ਦੀਆਂ ਮਿੱਟੀਆਂ ਵਿੱਚ ਉਗਾਇਆ ਜਾ ਸਕਦਾ ਹੈ। ਇਸ ਫਸਲ ਲਈ ਮਿੱਟੀ ਦਾ pH 6.5-9.5 ਹੋਣਾ ਚਾਹੀਦਾ ਹੈ। ਇਹ ਫਸਲ ਭਾਰੀ ਮਿੱਟੀ ਵਿੱਚ ਨਾ ਉਗਾਓ।

ਸਿਫ਼ਾਰਿਸ਼ ਕੀਤੀਆਂ ਕਿਸਮਾਂ :-

ਬਲਵੰਤ :- ਇਹ ਅਗੇਤੀ ਕਿਸਮ ਹੈ ਅਤੇ ਨਵੰਬਰ ਦੇ ਅੱਧ ਵਿਚ ਪੱਕ ਜਾਂਦੀ ਹੈ। ਇਸਦੇ ਫ਼ਲ ਚਪਟੇ ਗੋਲ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਸਦਾ ਔਸਤਨ ਝਾੜ 121 ਕਿੱਲੋ ਪ੍ਰਤੀ ਬੂਟਾ ਹੁੰਦਾ ਹੈ।

ਨੀਲਮ :- ਇਹ ਦਰਮਿਆਨੀ ਕਿਸਮ ਨਵੰਬਰ ਦੇ ਅਖੀਰ ਵਿਚ ਪੱਕਦੀ ਹੈ। ਇਸਦੇ ਫ਼ਲ ਦਰਮਿਆਨੀ ਤੋਂ ਵੱਡੇ ਆਕਾਰ ਦੇ ਅਤੇ ਤਿਕੋਨੀ ਸ਼ਕਲ ਦੇ ਹੁੰਦੇ ਹਨ। ਇਸਦਾ ਔਸਤਨ ਝਾੜ 121 ਕਿੱਲੋ ਪ੍ਰਤੀ ਬੂਟਾ ਹੁੰਦਾ ਹੈ।

ਕੰਚਨ :- ਇਹ ਪਿਛੇਤੀ ਕਿਸਮ ਹੈ ਅਤੇ ਦਿਸੰਬਰ ਦੇ ਅੱਧ ਵਿਚ ਪੱਕਦੀ ਹੈ। ਇਸਦਾ ਝਾੜ 111 ਕਿੱਲੋ ਪ੍ਰਤੀ ਬੂਟਾ ਹੁੰਦਾ ਹੈ।

ਬੂਟੇ ਤਿਆਰ ਕਰਨੇ : ਜਨਵਰੀ -ਫਰਵਰੀ ਮਹੀਨੇ ਵਿਚ ਦੇਸੀ ਆਂਵਲੇ ਦੇ ਫ਼ਲ ਇਕੱਠੇ ਕਰਕੇ ਮਾਰਚ ਦੇ ਪਹਿਲੇ ਪੰਦਰਵਾੜੇ ਵਿਚ ਬੀਜਾਂ ਨੂੰ ਬੀਜ ਦੇਣਾ ਚਾਹੀਦਾ ਹੈ। ਆਂਵਲੇ ਦੇ ਬੂਟੇ ਪੈਚ ਬਡਿੰਗ ਰਾਹੀਂ ਤਿਆਰ ਕੀਤੇ ਜਾਂਦੇ ਹਨ ਅਤੇ ਬੂਟੇ 4-5 ਸਾਲਾਂ ਵਿਚ ਫ਼ਲ ਦੇਣਾ ਸ਼ੁਰੂ ਕਰ ਦਿੰਦੇ ਹਨ।

ਬੂਟੇ ਲਗਾਉਣਾ :- ਆਮਲੇ ਦੇ ਬੂਟੇ ਫਰਵਰੀ-ਮਾਰਚ ਅਤੇ ਅਗਸਤ-ਸਤੰਬਰ ਵਿਚ ਲਗਾਏ ਜਾਂਦੇ ਹਨ। ਬੂਟੇ ਲਾਉਣ ਲਈ 1 x 1 ਮੀਟਰ ਆਕਾਰ ਦੇ ਟੋਏ ਪੁੱਟ ਕੇ ਮਿੱਟੀ ਅਤੇ ਰੂੜੀ ਬਰਾਬਰ ਮਾਤਰਾ ਵਿਚ ਰਲਾ ਕੇ ਭਰ ਦੇਣੇ ਚਾਹੀਦੇ ਹਨ। ਟੋਏ ਭਰਾਈ ਵੇਲੇ ਜਮੀਨ ਤੋਂ ਥੋੜੇ ਜਿਹੇ ਉੱਚੇ ਰੱਖਣੇ ਚਾਹੀਦੇ ਹਨ। ਪਾਣੀ ਲਗਾਉਣ ਤੋਂ ਬਾਦ ਟੋਇਆਂ ਦੀ ਮਿੱਟੀ ਬੈਠ ਜਾਂਦੀ ਹੈ ਅਤੇ ਇਹਨਾਂ ਨੂੰ ਫਿਰ ਤੋਂ ਪੂਰ ਕੇ ਬੂਟੇ ਲੈ ਦੇਣੇ ਚਾਹੀਦੇ ਹਨ। ਕਤਾਰ ਤੋਂ ਕਤਾਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 7.5 x 7.5 ਮੀਟਰ ਰੱਖਣਾ ਚਾਹੀਦਾ ਹੈ। ਇਸਦਾ ਚੰਗਾ ਝਾੜ ਲੈਣ ਲਈ ਘੱਟੋ – ਘੱਟ ਦੋ ਕਿਸਮਾਂ ਦੇ ਬੂਟੇ ਲਗਾਉਣੇ ਜਰੂਰੀ ਹੁੰਦੇ ਹਨ

ਖਾਦਾਂ :- ਜ਼ਮੀਨ ਦੀ ਤਿਆਰੀ ਸਮੇਂ ਮਿੱਟੀ ਵਿੱਚ 10 ਕਿੱਲੋ ਰੂੜੀ ਦੀ ਖਾਦ ਚੰਗੀ ਤਰ੍ਹਾਂ ਮਿਲਾਓ। ਖੇਤ ਵਿੱਚ ਨਾਈਟ੍ਰੋਜਨ 100 ਗ੍ਰਾਮ, ਫਾਸਫੋਰਸ 50 ਗ੍ਰਾਮ ਅਤੇ ਪੋਟਾਸ਼ੀਅਮ 100 ਗ੍ਰਾਮ ਪ੍ਰਤੀ ਪੌਦਾ ਪਾਓ। ਖਾਦਾਂ ਇੱਕ ਸਾਲ ਦੇ ਪੌਦੇ ਨੂੰ ਪਾਓ ਅਤੇ 10 ਸਾਲ ਤੱਕ ਖਾਦ ਦੀ ਮਾਤਰਾ ਵਧਾਉਂਦੇ ਰਹੋ। ਫਾਸਫੋਰਸ ਦੀ ਪੂਰੀ ਅਤੇ ਪੋਟਾਸ਼ੀਅਮ ਅਤੇ ਨਾਈਟ੍ਰੋਜਨ ਅੱਧੀ ਮਾਤਰਾ ਸ਼ੁਰੂਆਤੀ ਖਾਦ ਦੇ ਤੌਰ ‘ਤੇ ਜਨਵਰੀ-ਫਰਵਰੀ ਦੇ ਮਹੀਨੇ ਵਿੱਚ ਪਾਓ। ਬਾਕੀ ਬਚੀ ਅੱਧੀ ਖੁਰਾਕ ਅਗਸਤ ਮਹੀਨੇ ਪਾਓ। ਬੋਰੋਨ ਅਤੇ ਜ਼ਿੰਕ ਸਲਫੇਟ 100-500 ਗ੍ਰਾਮ, ਸੋਡੀਅਮ ਦੀ ਜ਼ਿਆਦਾ ਮਾਤਰਾ ਵਾਲੀ ਮਿੱਟੀ ਵਿੱਚ ਪੌਦੇ ਦੀ ਉਮਰ ਅਤੇ ਸਿਹਤ ਮੁਤਾਬਿਕ ਪਾਓ।

ਸਿੰਚਾਈ

ਗਰਮੀਆਂ ਵਿੱਚ ਸਿੰਚਾਈ 15 ਦਿਨਾਂ ਦੇ ਫਾਸਲੇ ‘ਤੇ ਕਰੋ ਅਤੇ ਸਰਦੀਆਂ ਵਿੱਚ ਅਕਤੂਬਰ-ਦਸੰਬਰ ਮਹੀਨੇ ਹਰ ਰੋਜ਼ ਤੁਪਕਾ ਸਿੰਚਾਈ ਦੁਆਰਾ 25-30 ਲੀਟਰ ਪਾਣੀ ਪ੍ਰਤੀ ਪੌਦਾ ਦਿਓ। ਮਾਨਸੂਨ ਵਾਲੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਫੁੱਲ ਨਿਕਲਣ ਸਮੇਂ ਸਿੰਚਾਈ ਨਾ ਕਰੋ।

ਫ਼ਸਲ ਦੀ ਕਟਾਈ

ਬਿਜਾਈ ਤੋਂ 7-8 ਸਾਲ ਬਾਅਦ ਪੌਦੇ ਝਾੜ ਦੇਣਾ ਸ਼ੁਰੂ ਕਰ ਦਿੰਦੇ ਹਨ। ਫਰਵਰੀ ਮਹੀਨੇ ਵਿੱਚ ਫਲ ਹਰੇ ਹੋਣ ‘ਤੇ ਅਤੇ ਜ਼ਿਆਦਾ ਤੋਂ ਜ਼ਿਆਦਾ ਵਿਟਾਮਿਨ ਸੀ ਦੀ ਮਾਤਰਾ ਹੋਣ ‘ਤੇ ਤੁੜਾਈ ਕੀਤੀ ਜਾਂਦੀ ਹੈ। ਤੁੜਾਈ ਪੌਦੇ ਨੂੰ ਜ਼ੋਰ-ਜ਼ੋਰ ਨਾਲ ਹਿਲਾ ਕੇ ਕੀਤੀ ਜਾਂਦੀ ਹੈ। ਜਦੋਂ ਫਲ ਪੂਰੀ ਤਰ੍ਹਾਂ ਪੱਕ ਜਾਂਦੇ ਹਨ ਤਾਂ ਇਨ੍ਹਾਂ ਦਾ ਰੰਗ ਹਲਕਾ ਹਰਾ-ਪੀਲਾ ਹੋ ਜਾਂਦਾ ਹੈ। ਨਵੇਂ ਉਤਪਾਦ ਬਣਾਉਣ ਲਈ ਅਤੇ ਬੀਜਾਂ ਦੀ ਪ੍ਰਾਪਤੀ ਲਈ ਪੱਕੇ ਹੋਏ ਫਲ ਵਰਤੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ