ਕੀ ਹੈ ਬੋਨਸਾਈ ਕਲਾ?

ਬੋਨਸਾਈ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਨਾਲ ਬਣਦਾ ਹੈ, ਬੋਨ ਅਤੇ ਸਾਈ। ਬੋਨ ਦਾ ਮਤਲਬ ਹੈ ਟਰੇਅ ਜਾਂ ਘੱਟ ਢੂੰਘਾਈ ਵਾਲਾ ਗਮਲਾ/ਬਰਤਨ ਅਤੇ ਸਾਈ ਦਾ ਮਤਲਬ ਪੌਦਾ ਲਗਾਉਣਾ ਹੁੰਦਾ ਹੈ। ਕੁੱਲ ਮਿਲਾ ਕੇ ਬੋਨਸਾਈ ਇੱਕ ਜੀਵਤ ਸ਼ਿਲਪ ਕਲਾ ਹੈ, ਜਿਸ ਦਾ ਇਤਿਹਾਸ ਤੇ ਸ਼ੁਰੂਆਤ ਸਦੀਆਂ ਪੁਰਾਣੀ ਹੈ। ਕੁੱਝ ਲੋਕਾਂ ਦਾ ਮੰਨਣਾ ਤਾਂ ਇਹ ਹੈ ਕਿ ਪ੍ਰਾਚੀਨ ਕਾਲ ਦੌਰਾਨ ਵੈਦ ਅਤੇ ਰਿਸ਼ੀ ਲੋਕਾਂ ਨੂੰ ਰੋਗੀਆਂ ਦੇ ਇਲਾਜ਼ ਲਈ ਜੋ ਔਸ਼ਧੀਆਂ ਤਿਆਰ ਕਰਨ ਲਈ ਰੁੱਖ-ਪੌਦਿਆਂ ਦੇ ਹਿੱਸੇ ਚਾਹੀਦੇ ਹੁੰਦੇ ਸਨ, ਉਹਨਾਂ ਨੂੰ ਇਕੱਤਰ ਕਰਨ ਖਾਤਰ ਜੰਗਲਾਂ ਵਿੱਚ ਜਾਣਾ ਪੈਂਦਾ ਸੀ ਤੇ ਵਾਰ-ਵਾਰ ਜੰਗਲ ‘ਚ ਭਟਕਣ ਨਾਲੋਂ ਉਹਨਾਂ ਲੋੜੀਂਦੇ ਪੌਦਿਆਂ ਦੇ ਬੀਜ ਅਤੇ ਕਲਮਾਂ ਆਦਿ ਗਮਲਿਆਂ ਵਿੱਚ ਲਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਹੌਲੀ-ਹੌਲੀ ਇਹ ਢੰਗ ਤਰੀਕਾ ਬੋਨਸਾਈ ਕਲਾ ਵਿੱਚ ਤਬਦੀਲ ਹੋ ਗਿਆ।

ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਬੋਨਸਾਈ ਕਲਾ ਦੀ ਸ਼ੁਰੂਆਤ ਪੁਰਾਤਨ ਏਸ਼ਿਆਈ ਸੱਭਿਆਚਾਰ ਵਿੱਚੋਂ ਹੋਈ। ਚੀਨ ਦੇਸ਼ ਵਿੱਚੋਂ ਇਸ ਦੀ ਉਪਜ ਮੰਨੀ ਜਾਂਦੀ ਹੈ ਅਤੇ ਇਸਦਾ ਵਿਕਾਸ ਜਾਪਾਨ ਵਿੱਚ ਹੋਇਆ ਜੋ ਸਮੇਂ ਦੇ ਚੱਲਦਿਆਂ ਪੂਰੇ ਵਿਸ਼ਵ ਵਿੱਚ ਮਕਬੂਲ ਹੋ ਗਿਆ। ਇਸ ਕਲਾ ਦੀ ਮਕਬੂਲੀਅਤ ਵਿੱਚ ਬੁੱਧ ਧਰਮ ਦੇ ਲੋਕਾਂ ਅਤੇ ਮੰਗੋਲ ਜਾਤੀ ਦੇ ਲੋਕਾਂ ਨੇ ਵੀ ਆਪਣਾ ਯੋਗਦਾਨ ਪਾਇਆ। ਬੋਨਸਾਈ ਕਲਾ ਨਾਲ ਤਿਆਰ ਕੀਤਾ ਵਿਸ਼ਵ ਦਾ ਸਭ ਤੋਂ ਪੁਰਾਣਾ ਪੌਦਾ ਜਾਪਾਨ ਦੇ ਟੋਕੀਓ ਸ਼ਹਿਰ ਵਿੱਚ ਮੌਜੂਦ ਹੈ ਅਤੇ ਉਸਦੀ ਉਮਰ ਤਕਰੀਬਨ 500 ਸਾਲ ਤੋਂ ਵੀ ਵੱਧ ਮੰਨੀ ਜਾਂਦੀ ਹੈ ਅਤੇ ਇਸ ਨੂੰ ਜਾਪਾਨੀ ਲੋਕਾਂ ਲਈ ਰਾਸ਼ਟਰੀ ਖਜ਼ਾਨਾ ਸਮਝਿਆ ਜਾਂਦਾ ਹੈ। ਭਾਰਤ ਵਿੱਚ ‘ਇੰਡੀਅਨ ਬੋਨਸਾਈ ਸੁਸਾਇਟੀ’ ਸੰਨ 1972 ਵਿੱਚ ਬੰਬੇ ਯਾਨੀ ਮੁੰਬਈ ਸ਼ਹਿਰ ਵਿਖੇ ਸਥਾਪਤ ਕੀਤੀ ਗਈ। ਸੰਨ 1990 ਦੌਰਾਨ ਭਾਰਤ ਵਿੱਚ ਪਹਿਲਾਂ ਬੋਨਸਾਈ ਗਾਰਡਨ ਕਮਲਾ ਨਹਿਰੂ ਪਾਰਕ, ਮੁੰਬਈ ਵਿਖੇ ਬਣਾਇਆ ਗਿਆ।

bonsaitree

ਸਰਲ ਸ਼ਬਦਾਂ ਵਿੱਚ ਜੇਕਰ ਗੱਲ ਕਰੀਏ ਤਾਂ ਬੋਨਸਾਈ ਦਾ ਮਤਲਬ ਵੱਡੇ-ਵੱਡੇ ਪਿੱਪਲ, ਬੋਹੜ, ਨਿੰਮ, ਇਮਲੀ ਆਦਿ ਵਰਗੇ ਪੌਦਿਆਂ ਨੂੰ ਛੋਟੇ ਗਮਲਿਆਂ ਵਿੱਚ ਉਗਾਇਆ ਜਾਂਦਾ ਹੈ। ਪਰ ਇਹ ਸਿਰਫ ਕਲਾ ਤੱਕ ਸੀਮਤ ਨਾ ਹੋ ਕੇ ਤਕਨੀਕੀ ਅਤੇ ਵਿਗਿਆਨਕ ਕੰਮ ਵੀ ਹੈ। ਕਿਸੇ ਵੀ ਪਿੱਪਲ, ਬੋਹੜ ਵਰਗੇ ਪੌਦੇ ਨੂੰ ਘੱਟ ਡੂੰਘੇ ਗਮਲੇ ਵਿੱਚ ਲਾਉਣ ਲਈ ਬੋਨਸਾਈ ਤਿਆਰ ਨਹੀਂ ਹੋ ਜਾਂਦੀ। ਸਭ ਤੋਂ ਪਹਿਲਾਂ ਤਾਂ ਇਹ ਗੱਲ ਸਾਫ਼ ਹੋਣੀ ਚਾਹੀਦੀ ਹੈ ਕਿ ਜੋ ਪੌਦਾ ਤਿਆਰ ਕਰਨਾ ਹੈ, ਉਸਨੂੰ ਦਿੱਖ/ਆਕਾਰ ਕਿਹੜੀ ਦੇਣੀ ਹੈ। ਇਸ ਕੰਮ ਇੱਕ-ਦੋ ਸਾਲ ਤੱਕ ਸੀਮਤ ਨਹੀਂ ਹੁੰਦਾ। ਇਸ ਬਿਹਤਰੀਨ ਬੋਨਸਾਈ ਤਿਆਰ ਕੇਨ ਖਾਤਰ ਵਰ੍ਹਿਆਂ ਦੀ ਮਿਹਨਤ ਲੱਗਦੀ ਹੈ। ਸੋ, ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਲਾਂ ਦੀ ਮਿਹਨਤ ਉਪਰੰਤ ਸਾਡੇ ਬਣਾਏ ਬੋਨਸਾਈ ਦਿੱਖ/ਸਟਾਈਲ ਕਿੱਦਾਂ ਦੀ ਹੋਵੇਗੀ? ਤਕਨੀਕੀ ਤੌਰ ‘ਤੇ ਇਹ ਸਟਾਈਲ ਮੁੱਖ ਰੂਪ ਵਿੱਚ ਛੇ-ਸੱਤ ਤਰ੍ਹਾਂ ਦੇ ਹੁੰਦੇ ਹਨ, ਜਿਹਨਾਂ ਬਾਰੇ ਵਿਸਥਾਰਥ ਚਰਚਾ ਇੱਕ ਲੇਖ ਵਿੱਚ ਕਰਨੀ ਮੁਮਕਿਨ ਨਹੀਂ ਹੈ। ਪ੍ਰੰਤੂ ਫਿਰ ਵੀ ਜੋ ਮੁੱਢਲੀਆਂ ਗੱਲਾਂ ਜਾਂ ਤਕਨੀਕੀ ਪੱਖਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ, ਉਹ ਇਸ ਪ੍ਰਕਾਰ ਹਨ:

ਗਮਲਿਆਂ ਦੀ ਚੋਣ: ਬੋਨਸਾਈ ਲਈ ਆਮ ਗਮਲੇ ਨਹੀਂ ਵਰਤੇ ਜਾਂਦੇ। ਖਾਸ ਕਰ ਉਹਨਾਂ ਦੀ ਢੂੰਘਾਈ ਬਹੁਤ ਜ਼ਿਆਦਾ ਨਹੀਂ ਹੁੰਦੀ, ਪ੍ਰੰਤੂ ਉਹ ਗੋਲਾਕਾਰ, ਅੰਡਾਕਾਰ, ਚੋਕੰਨੇ, ਛੇਕੰਨੇ ਆਦਿ ਕਿਸੇ ਵੀ ਦਿੱਖ ਵਾਲੇ ਹੋ ਸਕਦੇ ਹਨ।

ਪੌਦੇ ਦੀ ਚੋਣ: ਬੋਨਸਾਈ ਤਿਆਰ ਕਰਨ ਲਈ ਪੌਦੇ ਦੀ ਚੋਣ ਸਭ ਤੋਂ ਅਹਿਮ ਪੱਖ ਹੈ ਕਿਉਂਕਿ ਹਰ ਪੌਦੇ ਨੂੰ ਦਾ ਵਿਕਾਸ ਤੇ ਦਿੱਖ ਅਲੱਗ ਹੁੰਦੀ ਹੈ ਤੇ ਹਰ ਪੌਦੇ ਨੂੰ ਬੋਨਸਾਈ ਰੂਪ ਨਹੀਂ ਦਿੱਤਾ ਜਾ ਸਕਦਾ। ਸਾਡੀਆਂ ਵਾਤਾਵਰਨ ਹਾਲਾਤਾਂ ਵਿੱਚ ਜਿਹੜੇ ਪੌਦਿਆਂ ਨੂੰ ਇਸ ਕੰਮ ਲਈ ਵਰਤਿਆ ਜਾ ਸਕਦਾ ਹੁੰਦਾ ਹੈ, ਉਹ ਹਨ: ਪਿੱਪਲ, ਬੋਹੜ, ਪਿਲਕਣ, ਚਿਲਕਣ, ਸ਼ਹਿਤੂਤ, ਚੀਲ੍ਹ, ਆੜੂ, ਅਨਾਰ, ਨਾਰੰਗੀ, ਚਾਈਨਾ ਰੋਜ਼, ਵਿਸਟੀਰੀਆ, ਜੂਨੀਪਰਸ, ਕਰੌਂਦਾ, ਨਿੰਮ, ਅੰਬ, ਬੋਗਨਵਿਲੀਆ, ਅਡੀਨੀਅਮ, ਬੋਤਲਬੁਰਸ਼ ਆਦਿ ਮੁੱਖ ਰੂਪ ਵਿੱਚ ਹਨ।

ਪੌਦੇ ਲਗਾਉਣਾ: ਗਮਲਿਆਂ ਵਿੱਚ ਸਿਰਫ਼ ਮਿੱਟੀ ਹੀ ਨਹੀਂ ਪੈ ਜਾਂਦੀ ਸਗੋਂ ਗਮਲੇ ਵਿ, ਪ੍ਰੰਤੂ ਉਹ ਗੋਲਾਕਾਰ, ਅੰਡਾਕਾਰ, ਚੋਕੰਨੇ, ਛੇਕੰਨੇ ਆਦਿ ਕਿਸੇ ਵੀ ਦਿੱਖ ਵਾਲੇ ਹੋ ਸਕਦੇ ਹਨਚਲੀ ਮੋਰੀ ਨੂੰ ਢਕਣ ਉਪਰੰਤ ਹੇਠਲੀ ਤਹਿ ਬਹੁਤ ਬਾਰੀਕ ਕੰਕਰ ਪੱਥਰ ਆਦਿ ਦੀ ਹੋਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਮਿੱਟੀ ਗਲੀ ਹੋਈ ਗੋਬਰ ਦੀ ਖਾਦ ਆਦਿ ਦਾ ਮਿਸ਼ਰਣ ਤਿਆਰ ਕਰਨ ਉਪਰੰਤ ਹੀ ਪੌਦਾ ਲਾਇਆ ਜਾਂਦਾ ਹੈ।

ਪੌਦੇ ਲਾਉਣ ਤੋਂ ਬਾਅਦ ਹੀ ਅਸਲ ਕੰਮ ਸ਼ੁਰੂ ਹੁੰਦਾ ਹੈ ਕਿ ਉਸਦੀ ਕਾਂਟ-ਛਾਂਟ ਸਮੇਂ ਸਿਰ ਸਹੀ ਢੰਗ ਨਾਲ ਕਰਨੀ ਚਾਹੀਦੀ ਹੈ। ਕੁੱਝ ਸਮਾਂ ਪਾ ਕੇ ਜੜ੍ਹਾਂ ਦਾ ਗੁੱਛਾ ਬਣ ਜਾਂਦਾ ਹੈ, ਫਿਰ ਰੀ-ਪੋਟਿੰਗ ਦੀ ਜ਼ਰੂਰਤ ਪੈਂਦੀ ਹੈ ਅਤੇ ਭਾਵ ਇਹ ਕਿ ਪੌਦੇ ਨੂੰ ਗਮਲੇ ਵਿੱਚੋਂ ਬਾਹਰ ਕੱਢ ਕੇ ਉਸ ਦੀਆਂ ਵਾਧੂ ਜੜ੍ਹਾਂ ਦੀ ਕਾਂਟ-ਛਾਂਟ ਕੀਤੀ ਜਾਂਦੀ ਹੈ। ਖਾਦ ਦਾ ਵੀ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਵਾਧਾ ਠੀਕ ਤਰੀਕੇ ਨਾਲ ਹੋਵੇ। ਪੌਦੇ ਨੂੰ ਖੂਬਸੂਰਤ ਤੇ ਵਿਲੱਖਣ ਦਿੱਖ ਦੇਣ ਲਈ ਵਾਇਰਿੰਗ ਯਾਨੀ ਤਾਰਾਂ ਦੀ ਲਪੇਟ ਕੀਤੀ ਜਾਂਦੀ ਹੈ, ਜਿਸ ਲਈ ਤਾਂਬੇ ਜਾਂ ਐਲੂਮੀਨੀਅਮ ਦੀ ਤਾਰ ਨੂੰ ਵਰਤਿਆ ਜਾਂਦਾ ਹੈ। ਸਾਰੇ ਕੰਮਾਂ ਨੂੰ ਸਹੀ ਰੂਪ ਵਿੱਚ ਕਰਨ ਲਈ ਅਨੇਕਾਂ ਤਰ੍ਹਾਂ ਦੇ ਔਜ਼ਾਰਾਂ ਦੀ ਜ਼ਰੂਰਤ ਪੈਂਦੀ ਹੈ, ਜੋ ਮਾਰਕੀਟ ਵਿੱਚ ਆਸਾਨੀ ਨਾਲ ਮਿਲ ਜਾਂਦੇ ਹਨ। ਗਰਮ-ਸਰਦ ਰੁੱਤ ਦੇ ਹਿਸਾਬ ਨੂੰ ਦੇਖਦਿਆਂ ਹੀ ਪਾਣੀ ਲਾਇਆ ਜਾਂਦਾ ਹੈ। ਸਭ ਕੰਮ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਉਪਰੰਤ ਇਸ ਗੱਲ ਵੀ ਬੜੀ ਅਹਿਮ ਹੈ ਕਿ ਪੌਦਿਆਂ ਨੂੰ ਪ੍ਰਦਰਸ਼ਿਤ ਕਿਸ ਤਰ੍ਹਾਂ ਕੀਤਾ ਜਾਵੇ ਤਾਂ ਜੋ ਤੁਹਾਡਾ ਤੇ ਹਰ ਵੇਖਣ ਵਾਲੇ ਦਾ ਮਨ ਮੋਹ ਲੈਣ। ਬੋਨਸਾਈ ਬਣਾਉਣਾ ਬਹੁਤ ਕਠਿਨ ਕੰਮ ਨਹੀਂ ਹੈ ਪਰ ਸਬਰ-ਸੰਤੋਖ ਤੇ ਮਿਹਨਤ ਇਸ ਦੀਆਂ ਮੁੱਖ ਲੋੜਾਂ ਹਨ ਜਾਂ ਫਿਰ ਤੁਸੀਂ ਮੋਟੀ ਰੁਕਣ ਖ਼ਰਚ ਕਰਕੇ ਬਣੇ ਬਣਾਏ ਬੋਨਸਾਈ ਬਾਜ਼ਾਰ ਯਾਨੀ ਵੱਡੀਆਂ ਨਰਸਰੀਆਂ ਵਿੱਚੋਂ ਖਰੀਦ ਕੇ ਆਪਣਾ ਝੱਸ ਪੂਰਾ ਕਰ ਸਕਦੇ ਹੋ।

ਡਾ. ਬਲਵਿੰਦਰ ਸਿੰਘ ਲੱਖੇਵਾਲੀ
9814239041

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ