ਨਵਾਂ ਖਰਗੋਸ਼ ਖਰੀਦਣ ਸਮੇਂ ਧਿਆਨ ਰੱਖਣ-ਯੋਗ ਗੱਲਾਂ

ਇਸ ਸਮੇਂ ਸੰਸਾਰ ਵਿੱਚ ਖਰਗੋਸ਼ਾਂ ਦੀਆਂ 50 ਸਥਾਪਿਤ ਅਤੇ 90 ਤਰ੍ਹਾਂ ਦੀਆਂ ਰੰਗਦਾਰ ਕਿਸਮਾਂ ਉਪਲੱਬਧ ਹਨ। ਸਾਰੀਆਂ ਪ੍ਰਜਾਤੀਆਂ ਵਾਲਾਂ ਦੇ ਰੰਗ, ਵਿਕਾਸ ਦਰ, ਪ੍ਰੋੜ ਭਾਰ ਆਦਿ ਵਪਾਰਕ ਗੁਣਾਂ ਕਾਰਨ ਵੱਖ ਹਨ। ਜਦ ਕਦੇ ਵੀ ਖਰਗੋਸ਼-ਪਾਲਣ ਲਈ ਸ਼ੁਰੂਆਤੀ ਖਰਗੋਸ਼ (Parental Stock) ਖਰੀਦੋ, ਤਾਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ:

• ਖਰਗੋਸ਼ਾਂ ਦੀ ਵੰਸ਼ਾਵਲੀ/ਕੁਲ ਜਾਂ ਨਸਲ(Pedigree) ਅਤੇ ਉਤਪਾਦਨ ਦਾ ਰਿਕਾਰਡ ਜ਼ਰੂਰ ਲਓ, ਕਿਉਂਕਿ ਪ੍ਰਜਣਨ ਲਈ ਇਹ ਰਿਕਾਰਡ ਜ਼ਰੂਰੀ ਹਨ।

•  ਖਰਗੋਸ਼ ਦੀ ਉਮਰ 6-7 ਮਹੀਨੇ ਤੋਂ 1 ਸਾਲ ਤੱਕ ਹੋਣੀ ਚਾਹੀਦੀ ਹੈ, ਕਿਉਂਕਿ ਖਰਗੋਸ਼ਾਂ ਦੀ ਉਤਪਾਦਨ ਉਮਰ ਲਗਭਗ 4 ਸਾਲ ਹੈ।

• ਇਹ ਜਾਂਚ ਕਰ ਲਓ ਕਿ ਖਰਗੋਸ਼ ਨੂੰ ਕੋਈ ਬਿਮਾਰੀ, ਲਾਗ ਜਾਂ ਖਾਨਦਾਨੀ ਵਿਕਲਾਂਗਤਾ ਨਾ ਹੋਵੇ, ਤਾਂ ਜੋ ਫਾਰਮ ਵਿੱਚ ਇਨ੍ਹਾਂ ਸਭ ਸਮੱਸਿਆਵਾਂ ਨੂੰ ਰੋਕਿਆ ਜਾ ਸਕੇ।

• ਵਪਾਰਕ ਖਰਗੋਸ਼-ਪਾਲਣ ਲਈ ਅੰਤਰ-ਪ੍ਰਜਣਨ(Inbreeding) ਹਾਨੀਕਾਰਕ ਹੈ, ਇਸ ਲਈ ਖਰਗੋਸ਼ ਖਰੀਦਣ ਸਮੇਂ ਇਸ ਗੱਲ ਦਾ ਧਿਆਨ ਰੱਖੋ।

• ਪ੍ਰਜਣਨ(Breeding) ਰਿਕਾਰਡ ਸਭ ਤੋਂ ਵੱਧ ਮਹੱਤਵਪੂਰਨ ਹੈ, ਕਿਉਂਕਿ ਇਹੀ ਖਰਗੋਸ਼ਾਂ ਦੀ ਉਤਪਾਦਨ ਸਮਰੱਥਾ ‘ਤੇ ਸਿੱਧਾ ਪ੍ਰਭਾਵ ਪਾਏਗਾ।

• ਨਵੇਂ ਖਰੀਦੇ ਖਰਗੋਸ਼ਾਂ ਨੂੰ ਲਗਭਗ 1 ਹਫ਼ਤੇ ਲਈ ਵੱਖ ਰੱਖੋ, ਜਿਸ ਨਾਲ ਜੇਕਰ ਉਨ੍ਹਾਂ ਨਾਲ ਕੋਈ ਬਿਮਾਰੀ ਆ ਗਈ ਹੋਵੇ, ਤਾਂ ਪਤਾ ਲੱਗ ਜਾਵੇ।

•    ਨਵੇਂ ਖਰੀਦੇ ਖਰਗੋਸ਼ਾਂ ਵਿੱਚ ਲਗਭਗ ਇੱਕ ਹਫ਼ਤੇ ਤੱਕ ਪ੍ਰਜਣਨ ਨਾ ਕਰਾਓ। ਇਸ ਨਾਲ ਉਨ੍ਹਾਂ ਨੂੰ ਨਵੇਂ ਮਾਹੌਲ ਵਿੱਚ ਢਲਣ ਦਾ ਸਮਾਂ ਮਿਲ ਜਾਂਦਾ ਹੈ।

•  ਸੰਭਵ ਹੋਵੇ ਤਾਂ ਖਰਗੋਸ਼ਾਂ ਨੂੰ ਵੱਖ-ਵੱਖ ਜਗ੍ਹਾ ਤੋਂ ਖਰੀਦੋ, ਤਾਂ ਜੋ ਉਨ੍ਹਾਂ ਵਿੱਚ ਵੰਸ਼ ਜਾਂ ਕੁਲ ਦੀ ਵਿਭਿੰਨਤਾ ਰਹੇ।

•  ਖਰੀਦੇ ਗਏ ਖਰਗੋਸ਼ ਵੰਸ਼(ਨਸਲ) ਦੇ ਤੌਰ ‘ਤੇ ਸ਼ੁੱਧ ਹੋਣੇ ਚਾਹੀਦੇ ਹਨ, ਚਾਹੇ ਬਾਅਦ ਵਿੱਚ ਪ੍ਰਜਾਤੀਆਂ ਦਾ ਆਪਸ ਵਿੱਚ ਸੰਕਰੀਕਰਣ/ਹਾਈਬ੍ਰਿਡ(Cross-Breed) ਕਰਵਾਉਣਾ ਹੋਵੇ।

•    ਖਰਗੋਸ਼-ਪਾਲਣ ਦੇ ਕਾਰੋਬਾਰ ਦੀ ਸ਼ੁਰੂਆਤ ਥੋੜ੍ਹੇ ਖਰਗੋਸ਼ਾਂ ਨਾਲ ਕਰੋ ਅਤੇ ਹੌਲੀ-ਹੌਲੀ ਪ੍ਰਜਣਨ ਦੁਆਰਾ ਇਨ੍ਹਾਂ ਦੀ ਸੰਖਿਆ ਵਧਾਉਂਦੇ ਰਹੋ। ਇਸ ਨਾਲ ਦੋ ਲਾਭ ਹਨ: ਪਹਿਲਾ ਖਰਗੋਸ਼-ਪਾਲਕ ਨੂੰ ਅਸਲ-ਤਜ਼ਰਬਾ ਹੁੰਦਾ ਰਹੇਗਾ ਅਤੇ ਜੇਕਰ ਜਾਨਵਰ ਖਰੀਦਣ ਸਮੇਂ  ਕੋਈ ਗਲਤੀ ਹੋਈ ਹੋਵੇ ਤਾਂ ਸੁਧਾਰੀ ਜਾ ਸਕਦੀ ਹੈ। ਦੂਜਾ ਲਾਭ ਹੈ ਕਿ ਸ਼ੁਰੂਆਤ ਵਿੱਚ ਖਰਚ ਘੱਟ ਹੋਵੇਗਾ, ਜਿਸ ਨਾਲ ਆਰਥਿਕ ਤੌਰ ‘ਤੇ ਸਮੱਸਿਆ ਨਹੀਂ ਹੁੰਦੀ।

•    ਖਰੀਦਣ ਤੋਂ ਬਾਅਦ ਖਰਗੋਸ਼ਾਂ ਨੂੰ ਲਿਜਾਣ ਲਈ ਉਨ੍ਹਾਂ ਦੇ ਆਰਾਮ ਦਾ ਖਾਸ ਧਿਆਨ ਰੱਖੋ, ਕਿਉਂਕਿ ਆਵਾਜਾਈ-ਤਣਾਅ ਨਾਲ ਸਰੀਰ ਦੀ ਰੋਗ-ਰੋਧੀ ਸਮਰੱਥਾ ਘੱਟ ਜਾਂਦੀ ਹੈ, ਜਿਸਦੇ ਸਿੱਟੇ ਵਜੋਂ ਨਿਮੋਨੀਆ ਅਤੇ ਅੰਤੜੀਆਂ ਦੀ ਸੋਜ ਵਰਗੀਆਂ ਬਿਮਾਰੀਆਂ ਆ ਜਾਂਦੀਆਂ ਹਨ।

•    ਖਰਗੋਸ਼ਾਂ ਦੀ ਢੋਆ-ਢੁਆਈ ਸਮੇਂ ਹਰ 2 ਘੰਟੇ ਬਾਅਦ ਸਾਫ਼ ਪਾਣੀ ਪੀਣ ਲਈ ਦਿੰਦੇ ਰਹੋ ਅਤੇ ਰਸਤੇ ਵਿੱਚ ਆਹਾਰ ਦੇ ਤੌਰ ‘ਤੇ ਘਾਹ ਦੀ ਵੱਧ ਵਰਤੋਂ ਕਰੋ।

•    ਆਵਾਜਾਈ ਲਈ ਉਚਿੱਤ ਪਿੰਜਰੇ ਵਿੱਚ ਜਗ੍ਹਾ ਅਨੁਕੂਲ ਅਤੇ ਹਵਾਦਾਰ ਹੋਣੀ ਚਾਹੀਦੀ ਹੈ। ਅਜਿਹਾ ਨਾ ਹੋਣ ‘ਤੇ ਖਰਗੋਸ਼ ਮਰ ਵੀ ਸਕਦੇ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ