ਸਰਦੀਆਂ ਵਿੱਚ ਫਲਦਾਰ ਬੂਟਿਆਂ ਨੂੰ ਹੋਣ ਵਾਲੇ ਨੁਕਸਾਨ ਤੋਂ ਕਿਵੇਂ ਬਚਾਈਏ ?

ਸਰਦੀ ਰੁੱਤ ਦੀ ਸ਼ੁਰੂਆਤ ਵਿੱਚ ਹੀ ਤਾਪਮਾਨ ਡਿਗਣਾ ਸ਼ੁਰੂ ਕਰ ਦਿੰਦਾ ਹੈ, ਜਿਸਦੇ ਨਤੀਜੇ ਵਜੋਂ ਫਲਦਾਰ ਬੂਟਿਆਂ ਦੇ ਉਪਰ ਕਾਫੀ ਅਸਰ ਪੈਂਦਾ ਹੈ। ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਉਹਨਾਂ ਦੇ ਪੱਤੇ ਝੜਨਾ ਸ਼ੁਰੂ ਕਰ ਦਿੰਦੇ ਹਨ। ਕੋਰੇ ਦੇ ਨੁਕਸਾਨ ਦੀ ਸੰਭਾਵਨਾ ਖਾਸ ਤੌਰ ‘ਤੇ ਦਸੰਬਰ ਦੇ ਅਖੀਰ ਤੋਂ ਫਰਵਰੀ ਦੇ ਅੱਧ ਤੱਕ ਹੁੰਦੀ ਹੈ। ਇਸ ਲਈ ਇਸ ਮੌਸਮ ਵਿੱਚ ਫਲਦਾਰ ਬੂਟਿਆਂ ਦਾ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਇਸਦਾ ਸਿੱਧਾ ਅਸਰ ਝਾੜ ਤੇ ਪੈਂਦਾ ਹੈ। ਬੂਟਿਆਂ ਨੂੰ ਠੰਡ ਤੋਂ ਬਚਾਉਣ ਲਈ ਵੱਖ ਵੱਖ ਤਰੀਕੇ ਵਰਤੇ ਜਾਂਦੇ ਹਨ ਜੋ ਕਿ ਹੇਠਾਂ ਦਿੱਤੇ ਹੋਏ ਹਨ:-

ਛੋਟੇ ਬੂਟਿਆਂ ਨੂੰ ਢੱਕਣਾ:- ਛੋਟੇ ਬੂਟਿਆਂ ਨੂੰ ਪਰਾਲੀ ਨਾਲ ਢੱਕਣਾ ਚਾਹੀਦਾ ਹੈ। ਇਹਨਾਂ ਨੂੰ ਦੱਖਣ-ਪੂਰਬੀ ਦਿਸ਼ਾ ਵੱਲ ਖੁੱਲ੍ਹਾ ਰੱਖਣਾ ਚਾਹੀਦਾ ਹੈ ਤਾਂ ਜੋ ਬੂਟਿਆਂ ਨੂੰ ਸੂਰਜ ਦੀ ਰੌਸ਼ਨੀ ਅਤੇ ਹਵਾ ਮਿਲ ਸਕੇ। ਨਰਸਰੀ ਵਿੱਚ ਵੀ ਬੂਟਿਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬੂਟੇ ਨੂੰ ਸ਼ਾਮ ਨੂੰ ਪੋਲੀਥੀਨ ਸ਼ੀਟ ਨਾਲ ਢੱਕਿਆ ਜਾ ਸਕਦਾ ਹੈ ਅਤੇ ਦਿਨ ਦੇ ਸਮੇਂ ਸ਼ੀਟ ਨੂੰ ਹਟਾ ਦੇਣਾ ਚਾਹੀਦਾ ਹੈ।

ਸਿੰਚਾਈ :- ਸਰਦੀਆਂ ਦੌਰਾਨ ਬੂਟਿਆਂ ਨੂੰ ਹਲਕੀ ਅਤੇ ਲਗਾਤਾਰ ਸਿੰਚਾਈ ਇਹਨਾਂ ਨੂੰ ਕੋਰੇ ਦੇ ਪ੍ਰਭਾਵ ਤੋਂ ਬਚਾਅ ਕਰਦੀ ਹੈ। ਇਸ ਨਾਲ 1-2° ਤਾਪਮਾਨ ਵੱਧ ਜਾਂਦਾ ਹੈ ਅਤੇ ਨੁਕਸਾਨ ਦੀ ਸੰਭਾਵਨਾ ਘੱਟ ਜਾਂਦੀ ਹੈ।

ਹਵਾ ਰੋਕਣ ਵਾਲੇ ਰੁੱਖ ਲਾਉਣਾ:- ਬਾਗ਼ ਦੇ ਉੱਤਰ-ਪੱਛਮੀ ਦਿਸ਼ਾ ਵੱਲ ਲੰਬੇ ਅਤੇ ਦਰਮਿਆਨੇ ਰੁੱਖ ਲਾਉਣੇ ਚਾਹੀਦੇ ਹਨ ਜੋ ਪੌਦਿਆਂ ਨੂੰ ਠੰਡ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਇਸਦੇ ਵਿੱਚ ਤੁਸੀਂ ਅੰਬ, ਸ਼ਹਿਤੂਤ, ਪੋਪਲਰ ਅਤੇ ਸਫੈਦੇ ਦੀ ਬਿਜਾਈ ਕਰ ਸਕਦੇ ਹੋ।

ਧੂੰਆਂ ਕਰਨਾ:- ਜਦੋ ਵੀ ਕੋਰਾ ਪੈਣ ਦੀ ਸੰਭਾਵਨਾ ਲੱਗ ਰਹੀ ਹੋਵੇ ਤਾਂ ਸ਼ਾਮ ਨੂੰ ਲੱਕੜੀਆਂ ਜਲ ਕੇ ਧੂੰਆਂ ਕਰਨਾ ਚਾਹੀਦਾ ਹੈ। ਇਹ ਬੂਟਿਆਂ ਦੇ ਉਪਰ ਇਕ ਸਕ੍ਰੀਨ ਬਣਾਉਂਦਾ ਹੈ ਜੋ ਕੋਰੇ ਦੇ ਅਸਰ ਨੂੰ ਰੋਕਦਾ ਹੈ।

ਬੂਟਿਆਂ ਦੇ ਤਣਿਆਂ ਨੂੰ ਲਪੇਟਣਾ:- ਠੰਡੀ ਹਵਾ ਜ਼ਮੀਨ ਦੇ ਪੱਧਰ ਦੇ ਬਹੁਤ ਨੇੜੇ ਹੁੰਦੀ ਹੈ। ਇਹ ਠੰਡੀ ਹਵਾ ਸ਼ਾਖਾਵਾਂ ਅਤੇ ਛੋਟੇ ਰੁੱਖਾਂ ਦੇ ਤਣੇ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਹਨਾਂ ਤਣਿਆ ਦੀ ਰੱਖਿਆ ਕਰਨ ਲਈ ਬੋਰੀ ਨੂੰ ਤਣਿਆਂ ਦੇ ਦੁਆਲੇ ਲਪੇਟ ਦਿਓ।

ਫਲਦਾਰ ਬੂਟੇ ਲਾਉਣ ਲਈ ਢੁੱਕਵੀਂ ਯੋਜਨਾ :- ਬੂਟੇ ਲਾਉਣ ਵੇਲੇ ਵਿਉਂਤਬੰਦੀ ਇਸ ਤਰੀਕੇ ਨਾਲ ਕੀਤੀ ਜਾਵੇ ਕਿ ਪਪੀਤੇ ਜਿਹੇ ਨਾਜ਼ੁਕ ਬੂਟੇ ਅਜਿਹੇ ਸਥਾਨ ‘ਤੇ ਲਗਾਏ ਜਾਣੇ ਚਾਹੀਦੇ ਹਨ, ਜਿੱਥੇ ਘਰਾਂ ਦੀ ਸੁਰੱਖਿਆ ਜਾਂ ਲੰਬੇ ਰੁੱਖ ਉਨ੍ਹਾਂ ਨੂੰ ਠੰਡ ਦੀ ਮਾਰ ਤੋਂ ਬਚਾ ਸਕਦੇ ਹੋਣ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ