pregnant cattle

ਜਾਣੋ ਪਸ਼ੂਆਂ ਵਿੱਚ ਸੂਣ ਤੋਂ ਬਾਅਦ ਆਉਣ ਵਾਲੀਆਂ ਬਿਮਾਰੀਆਂ ਬਾਰੇ

ਆਮ ਤੌਰ ‘ਤੇ ਲਵੇਰੀ ਸੂਣ ਦੇ ਮੌਕੇ ਤੱਕ ਤੰਦਰੁਸਤ ਹੁੰਦੀ ਹੈ ਤੇ ਕੱਟੜੂ ਵੀ ਅਸਾਨੀ ਨਾਲ ਬਾਹਰ ਆ ਜਾਂਦਾ ਹੈ, ਪਰ ਖੂਨ ਵਿੱਚ ਖ਼ਾਸ ਤੱਤਾਂ ਦੀ ਘਾਟ ਕਾਰਨ ਉਹ ਕੁੱਝ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੀ ਹੈ ਪਰ ਜੇਕਰ ਸੂਣ ਤੋਂ 2-3 ਮਹੀਨੇ ਤੇ ਸੂਣ ਵੇਲੇ ਕੁੱਝ ਗੱਲਾਂ ਦਾ ਧਿਆਨ ਰੱਖ ਲਿਆ ਜਾਵੇ ਤਾਂ ਇਹ ਸਮੱਸਿਆਵਾਂ ਨਹੀ ਆਉਦੀਆਂ।

ਸੂਤਕੀ ਬੁਖ਼ਾਰ : ਇਹ ਬਿਮਾਰੀ ਜ਼ਿਆਦਾ ਦੁੱਧ ਦੇਣ ਵਾਲੀਆਂ ਲਵੇਰੀਆਂ ਵਿੱਚ ਹੀ ਹੁੰਦੀ ਹੈ। ਮੱਝਾਂ, ਗਾਵਾਂ ਵਿੱਚ ਤੀਜੇ ਤੋਂ ਸੱਤਵੇਂ ਸੂਏ ਤੱਕ ਇਹ ਬਿਮਾਰੀ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਸੂਤਕੀ ਬੁਖ਼ਾਰ ਖੂਨ ਵਿੱਚ ਕੈਲਸ਼ੀਅਮ ਦੀ ਘਾਟ ਕਾਰਨ ਹੁੰਦਾ ਹੈ। ਸੂਣ ਤੋਂ ਬਾਅਦ ਕੈਲਸ਼ੀਅਮ ਦੀ ਜ਼ਰੂਰਤ ਵੱਧ ਜਾਂਦੀ ਹੈ ਪਰ ਕੈਲਸ਼ੀਅਮ ਘੱਟ ਹੋਣ ਕਾਰਨ ਪਸ਼ੂ ਨੂੰ ਇਹ ਬਿਮਾਰੀ ਹੋ ਜਾਂਦੀ ਹੈ, ਜਿਸ ਨਾਲ ਮੋਕ ਲੱਗ ਜਾਂਦੀ ਹੈ ਜਾਂ ਅੰਤੜੀਆਂ ਵਿੱਚ ਸੋਜ ਹੋ ਜਾਂਦੀ ਹੈ । ਸੂਤਕੀਬੁਖ਼ਾਰ ਨੂੰ ਕੈਲਸ਼ੀਅਮ ਬਰੋਗਲੂਕੋਨੇਟ ਨਾਲ ਠੀਕ ਕੀਤਾ ਜਾ ਸਕਦਾ ਹੈ। ਸੂਣ ਤੋਂ ਕੁੱਝ ਦਿਨ ਪਹਿਲਾਂ ਖੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਘਟਾ ਕੇ ਅਨਾਜ ਦੀ ਮਾਤਰਾ ਵਧਾ ਦਿਓ। ਆਖਰੀ ਦੋ ਹਫ਼ਤਿਆਂ ਵਿੱਚ ਡਿਸੀਰੋਲ ( 5 ਗ੍ਰਾਮ ) ਦਾ ਪੈਕਟ ਦਾਣੇ ਵਿੱਚ ਰਲਾ ਕੇ ਦਸ ਦਿਨਾਂ ਲਈ ਦਿਓ।

ਸੁਣ ਉਪਰੰਤ ਪਿਸ਼ਾਬ ਵਿੱਚ ਲਹੂ ਆਉਣਾ:  ਇਹ ਬਿਮਾਰੀ ਵੀ ਤੀਸਰੇ ਸੂਏ ਵਿੱਚ ਜ਼ਿਆਦਾ ਹੁੰਦੀ ਹੈ। ਖੂਨ ਵਿੱਚ ਫਾਸਫੋਰਸ ਦੀ ਕਮੀ ਕਾਰਨ ਲਾਲ ਰਕਤਾਣੂ ਫਟ ਜਾਂਦੇ ਹਨ ਤੇ ਉਹਨਾਂ ਵਿੱਚਲੀ ਲਾਲ ਰੰਗ ਦੀ ਹੀਮੋਗਲੋਬਿਨ ਗੁਰਦਿਆਂ ਰਾਹੀਂ ਪਿਸ਼ਾਬ ਵਿੱਚ ਆ ਜਾਂਦੀ ਹੈ ਜਿਸ ਨਾਲ ਪਿਸ਼ਾਬ ਦਾ ਰੰਗ ਲਾਲ ਹੋ ਜਾਂਦਾ ਹੈ। ਇਸ ਵਿੱਚ ਪਸ਼ੂ ਨੂੰ ਬੁਖਾਰ ਨਹੀ ਹੁੰਦਾ ਪਰ ਪਸ਼ੂ ਪੱਠੇ ਖਾਣਾ ਬੰਦ ਕਰ ਦਿੰਦੇ ਹਨ । ਇਸ ਦਾ ਇਲਾਜ ਜਲਦੀ ਕਰਾ ਦੇਣਾ ਚਾਹੀਦਾ ਹੈ ਨਹੀਂ ਤਾਂ ਗੁਰਦੇ ਆਪਣਾ ਕੰਮ ਕਰਨਾ ਬੰਦ ਕਰ ਸਕਦੇ ਹਨ । ਇਸ ਬਿਮਾਰੀ ਦਾ ਇਲਾਜ ਸੋਡੀਅਮ ਐਸਿਡ ਫਾਸਫੇਟ ਨਾਲ ਸਫਲਤਾਪੂਰਵਕ ਕੀਤਾ ਜਾ ਸਕਦਾ ਹੈ।

ਕੀਟੋਸਿਸ : ਗੱਭਣ ਪਸ਼ੂਆਂ ਨੂੰ ਆਖਰੀ ਤਿਮਾਹੀ ਵਿੱਚ ਜ਼ਿਆਦਾ ਊਰਜਾ ਵਾਲੀ ਖੁਰਾਕ ਦੇਣੀ ਬਹੁਤ ਜ਼ਰੂਰੀ ਹੈ। ਸੂਣ ਤੋਂ ਬਾਅਦ ਪਹਿਲੇ ਦਿਨ ਲਵੇਰੀ ਨੂੰ ਤਿੰਂਨ ਕਿਲੋ ਦੇ ਕਰੀਬ ਦਲੀਆ ਜ਼ਰੂਰ ਖਵਾਓ। ਅਜਿਹਾ ਨਾ ਕਰਨ ਤੇ ਖੂਨ ਵਿੱਚ ਗੁਲੂਕੋਜ ਦੀ ਮਾਤਰਾ ਘੱਟ ਜਾਂਦੀ ਹੈ ਤੇ ਕੀਟੋਨ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਨਾਲ ਪਸ਼ੂ ਪੱਠੇ ਖਾਣਾ ਬੰਦ ਕਰ ਦਿੰਦਾ ਹੈ ਤੇ ਤੂੜੀ ਤੇ ਸੁੱਕਾ ਘਾਹ ਖਾਂਦਾ ਰਹਿੰਦਾ ਹੈ । ਪਸ਼ੂ ਦੁੱਧ ਵੀ ਬਹੁਤ ਘੱਟ ਦਿੰਦਾ ਹੈ । ਪਸ਼ੂ ਵਾਰ-ਵਾਰ ਦੰਦ ਕਰੀਚਦਾ ਹੈ। ਇਸ ਦੇ ਇਲਾਜ ਲਈ ਸੰਘਣਾ ਗੁਲੂਕੋਜ਼ ਦਾ ਘੋਲ ਖੂਨ ਵਾਲੀ ਨਾੜੀ ਵਿੱਚ ਚੜਾਉਣਾ ਪੈਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ