ਕੀ ਹੈ ਖਸ ਦਾ ਪੌਦਾ ਅਤੇ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਇਸ ਦੀ ਖੇਤੀ?

ਖਸ ਕੀ ਹੈ- ਇਹ ਇੱਕ ਖੁਸ਼ਬੂਦਾਰ ਘਾਹ ਹੁੰਦਾ ਹੈ, ਜਿਸ ਨੂੰ ਅੰਗਰੇਜੀ ਵਿੱਚ vetiver ਕਿਹਾ ਜਾਂਦਾ ਹੈ। ਗੁੱਛਿਆ ਵਿੱਚ ਉੱਗਣ ਵਾਲੇ ਇਹਨਾ ਪੌਦਿਆਂ ਦੀ ਉਚਾਈ 5—6 ਫੁੱਟ ਤੱਕ ਹੋ ਸਕਦੀ ਹੈ। ਇਸ ਦੇ ਪੌਦੇ ਦੇਖਣ ਵਿੱਚ ਸਰਕੰਡੇ ਅਤੇ ਸਰਪਤ ਦੇ ਪੌਦੇ ਵਰਗੇ ਲੱਗਦੇ ਹਨ। ਪੁਰਾਣੇ ਸਮੇਂ ਵਿੱਚ ਗਰਮੀ ਤੋਂ ਬਚਣ ਲਈ ਖਸ ਦੇ ਪਰਦੇ ਬਣਵਾਏ ਜਾਂਦੇ ਸਨ, ਜਿਸ ਨੂੰ ਪਾਣੀ ਵਿੱਚ ਭਿਓਂ ਕੇ ਰੱਖਦੇ ਸਨ। ਜਦੋਂ ਗਰਮੀਆਂ ਵਿੱਚ ਲੂੰ ਵਰਗੀ ਹਵਾ ਇਹਨਾਂ ਵਿੱਚੋਂ ਲੰਘ ਕੇ ਕਮਰੇ ਵਿੱਚ ਆਉਂਦੀ ਸੀ ਤਾਂ ਠੰਡੀ ਹੋ ਜਾਂਦੀ ਅਤੇ ਇਸ ਦੀ ਖੁਸ਼ਬੂ ਨਾਲ ਕਮਰਾ ਮਹਿਕ ਜਾਂਦਾ ਸੀ। ਅੱਜ ਵੀ ਖਸ ਦਾ ਘਾਹ, ਗਰਮੀਆਂ ਵਿੱਚ ਕੂਲਰ ਦੀਆਂ ਦੁਕਾਨਾਂ ਤੋਂ ਮਿਲ ਜਾਂਦਾ ਹੈ। ਜਦੋਂ ਵੀ ਤੁਸੀਂ ਆਪਣੇ ਕੂਲਰ ਦਾ ਘਾਹ ਭਰਵਾਓ ਤਾਂ ਥੋੜਾ ਨਾਲ ਖਸ ਦਾ ਘਾਹ ਵੀ ਮਿਲਾ ਲਿਓ। ਇਸ ਨਾਲ ਗਜਬ ਦੀ ਖੁਸ਼ਬੂ ਅਤੇ ਠੰਡਕ ਮਿਲਦੀ ਹੈ।

ਖਸ ਦਾ ਪੌਦਾ- ਖਸ ਦਾ ਪੌਦਾ ਪਾਣੀ ਵਾਲੀ ਜਗਾ ਜਿਵੇਂ ਝੀਲ, ਤਾਲਾਬ, ਨਦੀ ਅਦਿ ਦੇ ਕਿਨਾਰੇ ‘ਤੇ ਆਪਣੇ ਆਪ ਉੱਗ ਜਾਂਦਾ ਹੈ। ਉੱਤਰ ਭਾਰਤ ਦੇ ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਅਤੇ ਦੱਖਣੀ ਭਾਰਤ ਦੇ ਕੇਰਲਾ, ਕਰਨਾਟਕ ਆਦਿ ਰਾਜਾਂ ਵਿੱਚ ਖਸ ਦੀ ਖੇਤੀ ਕੀਤੀ ਜਾਂਦੀ ਹੈ।

ਖਸ ਦਾ ਤੇਲ- ਖਸ ਦੀਆਂ ਜੜਾਂ ਤੋਂ ਤੇਲ ਕੱਢਿਆ ਜਾਂਦਾ ਹੈ, ਇਸ ਤੋਂ ਪਰਫਿਊਮ, ਸ਼ਰਬਤ, ਦਵਾਈਆਂ, ਸਾਬਣ ਅਤੇ ਕਾੱਸਮੈਟਿਕ ਬਣਾਏ ਜਾਂਦੇ ਹਨ। ਖਸ ਦਾ ਅਤਰ ਅਰਬ ਅਤੇ ਹੋਰ ਦੇਸ਼ਾਂ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ। ਇਹ ਤੇਲ ਕਈ ਦੇਸ਼ਾਂ ਵਿੱਚ ਨਿਰਯਾਤ ਕੀਤਾ ਜਾਂਦਾ ਹੈ।

ਆਓ ਜਾਣਦੇ ਹਾਂ ਖਸ ਦੇ ਫਾਇਦਿਆਂ ਬਾਰੇ-

• ਖਸ ਦੀ ਖੁਸ਼ਬੂ ਨਾਲ ਰੋਗ ਪ੍ਰਤੀਰੋਧਕ ਸਮਰੱਥਾ ਵੱਧਦੀ ਹੈ, ਨਰਵਸ ਸਿਸਟਮ ਸ਼ਾਂਤ ਹੁੰਦਾ ਹੈ। ਖਸ ਦੇ ਤੇਲ ਦੀ ਖੁਸ਼ਬੂ ਤਣਾਅ ਨੂੰ ਦੂਰ ਕਰਨ, ਨੀਂਦ ਲਿਆਉਣ ਵਿੱਚ ਮਦਦਗਾਰ ਹੁੰਦੀ ਹੈ।

• ਇਸ ਤੋਂ ਇਲਾਵਾ ਖਸ ਦੀ ਵਰਤੋਂ ਦਿਲ ਦੇ ਰੋਗ, ਉਲਟੀ, ਚਮੜੀ ਰੋਗ, ਬੁਖ਼ਾਰ, ਸਿਰ ਦਰਦ, ਪਿਸ਼ਾਬ ਦੀ ਜਲਣ, ਸਾਹ ਦੇ ਰੋਗ, ਪਿਤ ਰੋਗ, ਹਾਰਮੋਨਸ ਵਰਗੀਆਂ ਸਮੱਸਿਆਵਾਂ ਵਿੱਚ ਵੀ ਫਾਇਦੇਮੰਦ ਹੈ।

• ਖਸ ਦੀ ਤਾਸੀਰ ਠੰਡੀ ਹੁੰਦੀ ਹੈ, ਇਸ ਕਰਕੇ ਖਸ ਦੀ ਵਰਤੋਂ ਗਰਮੀਆਂ ਵਿੱਚ ਸ਼ਰਬਤ ਬਣਾਉਣ ਲਈ ਕੀਤੀ ਜਾਦੀ ਹੈ। ਇਸ ਨਾਲ ਦਿਮਾਗ ਅਤੇ ਸਰੀਰ ਵਿੱਚ ਤਾਜਗੀ ਆਉਂਦੀ ਹੈ ਅਤੇ ਗਰਮੀਆਂ ਵਿੱਚ ਚਮੜੀ ਦੀਆਂ ਸਮੱਸਿਆਵਾਂ ਵੀ ਠੀਕ ਹੁੰਦੀਆਂ ਹਨ।

• ਖਸ ਦੇ ਤੇਲ ਦੀ ਮਾਲਿਸ਼ ਕਰਨ ਨਾਲ ਪਿੱਠ ਦਰਦ ਅਤੇ ਮੋਚ ਵਿੱਚ ਆਰਾਮ ਮਿਲਦਾ ਹੈ। ਖਸ ਦੇ ਤੇਲ ਦੀ ਅਰੋਮਾਥੈਰੇਪੀ ਵਿੱਚ ਵੀ ਵਰਤੋਂ ਕੀਤੀ ਜਾਂਦੀ ਹੈ।

• ਖਸ ਦੇ ਪੌਦੇ ਲਗਾਉਣ ਦਾ ਸਭ ਤੋਂ ਵੱਧ ਫਾਇਦਾ ਵਾਤਾਵਰਣ ਨੂੰ ਹੁੰਦਾ ਹੈ। ਪੁਰਾਣੇ ਸਮੇਂ ਵਿੱਚ ਭਾਰਤੀ ਕਿਸਾਨ ਖਸ ਦੇ ਪੌਦੇ ਲਗਾ ਕੇ ਜ਼ਮੀਨ ਦੇ ਭੂ-ਖੋਰ ਰੋਕਦੇ, ਮਤਲਬ ਮਿੱਟੀ ਅਤੇ ਪਾਣੀ ਦੀ ਸੰਭਾਲ ਕਰਦੇ ਆ ਰਹੇ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ