ਛੋਟੇ ਪੱਤਿਆਂ ਦਾ ਰੋਗ (ਲਿਟਲ ਲੀਫ): ਇਹ ਮਾਈਕੋਪਲਾਜ਼ਮਾ ਦਾ ਰੋਗ ਹੈ। ਜੋ ਬੈਂਗਣਾਂ ਦੀ ਫ਼ਸਲ ਦਾ ਕਾਫੀ ਨੁਕਸਾਨ ਕਰਦਾ ਹੈ। ਇਸ ਰੋਗ ਦਾ ਬਹੁਤਾ ਪਤਾ ਬੂਟੇ ਦੇ ਫੁੱਲ ਕੱਢਣ ਸਮੇਂ ਲੱਗਦਾ ਹੈ ਅਤੇ ਇਹ ਰੋਗ ਮੁੱਢੀ ਫਸਲ ਤੋਂ ਵਧੇਰੇ ਹੁੰਦਾ ਹੈ। ਪੱਤੇ ਬਹੁਤ ਛੋਟੇ ਨਿਕਲਦੇ ਹਨ। ਤਣੇ ਵਿੱਚ ਵਧੇਰੇ ਗੱਠਾਂ ਅਤੇ ਟਾਹਣੀਆਂ ਦੀ ਬਜਾਏ ਫੁਟਾਰਾ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਕਰਕੇ ਬੂਟੇ ਝਾੜੀਨੁਮਾ ਸ਼ਕਲ ਅਖਤਿਆਰ ਕਰ ਲੈਂਦੇ ਹਨ। ਅਜਿਹੇ ਬੂਟੇ ਨੂੰ ਫੁੱਲ ਅਤੇ ਫਲ ਨਹੀਂ ਲੱਗਦੇ, ਜੇ ਲੱਗਦੇ ਹਨ ਤਾਂ ਹਰੇ ਅਤੇ ਛੋਟੇ ਆਕਾਰ ਦੇ ਹੁੰਦੇ ਹਨ। ਜੇਕਰ ਬਿਮਾਰੀ ਅਗੇਤੀ ਆ ਜਾਵੇ ਤਾਂ ਫਸਲ ਦਾ ਝਾੜ ਬਹੁਤ ਘਟ ਜਾਂਦਾ ਹੈ।
ਬਿਮਾਰੀ ਕਿਵੇਂ ਫੈਲਦੀ ਹੈ: ਬਿਮਾਰੀ ਕਈ ਪ੍ਰਕਾਰ ਦੇ ਬੂਟਿਆਂ ਜਿਵੇਂ ਧਤੂਰਾ ਆਦਿ ’ਤੇ ਪੱਲਦੀ ਰਹਿੰਦੀ ਹੈ। ਪੱਤਿਆਂ ਦੇ ਟਿੱਡੇ (ਹੌਪਰ), ਰੋਗੀ ਤੋਂ ਨਰੋਏ ਬੂਟੇ ਤੇ ਜਾ ਕੇ ਇਸ ਬਿਮਾਰੀ ਨੂੰ ਅੱਗੇ ਫੈਲਾਉਂਦੇ ਹਨ।
ਰੋਕਥਾਮ: ਇਸ ਬਿਮਾਰੀ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਬਿਮਾਰ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰ ਦਿਓ। ਟਿੱਡੇ ਦੀ ਰੋਕਥਾਮ ਵਾਸਤੇ ਫ਼ਸਲ ਤੇ ਮੈਲਾਥਿਆਨ/ ਮੈਟਾਸਿਸਟਾਕਸ 250 ਮਿਲੀਲਿਟਰ 100-125 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।
ਵਿਸ਼ਾਣੂ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਬੀਜ ਹਮੇਸ਼ਾ ਰੋਗ ਰਹਿਤ ਫ਼ਸਲ ਤੋਂ ਹੀ ਤਿਆਰ ਕਰੋ। ਬੂਟੇ ਜੰਮਣ ਤੋਂ ਬਾਅਦ ਲਗਪਗ ਹਰ ਰੋਜ਼ ਆਪਣੇ ਖੇਤਾਂ ਦਾ ਨਿਰੀਖਣ ਕਰਦੇ ਰਹੋ ਅਤੇ ਬਿਮਾਰੀ ਵਾਲੇ ਬੂਟੇ ਪੁੱਟ ਕੇ ਨਸ਼ਟ ਕਰੋ ਕਿਉਂਕਿ ਵਿਸ਼ਾਣੂ ਜਿਊਂਦੇ ਸੈੱਲਾਂ ਵਿੱਚ ਹੀ ਵਧਦਾ-ਫੁਲਦਾ ਅਤੇ ਜਾਨਦਾਰ ਹੁੰਦਾ ਹੈ। ਜੇ ਸੰਭਵ ਹੋ ਸਕੇ ਤਾਂ ਪਨੀਰੀ ਨੂੰ ਰਸ ਚੂਸਣ ਵਾਲੇ ਕੀੜਿਆਂ ਤੋਂ ਮੁਕਤ ਰੱਖਣ ਲਈ ਜਾਲੀ ਦਾ ਉਪਯੋਗ ਕੀਤਾ ਜਾ ਸਕਦਾ ਹੈ। ਜੇ ਤੁਸੀਂ ਸ਼ੁਰੂ ਵਿੱਚ ਇਹ ਰੋਗੀ ਬੂਟੇ ਪੁੱਟਣ ਤੋਂ ਖੁੰਝ ਗਏ ਤਾਂ ਕੀੜੇ ਇਨ੍ਹਾਂ ਰੋਗਾਂ ਨੂੰ ਸਾਰੇ ਖੇਤਾਂ ਵਿੱਚ ਫੈਲਾਅ ਕੇ ਤੁਹਾਡੀਆਂ ਆਸਾਂ ’ਤੇ ਪਾਣੀ ਫੇਰ ਦੇਣਗੇ ਕਿਉਂਕਿ ਬਿਮਾਰੀ ਵਾਲੀ ਫ਼ਸਲ ਨੂੰ ਫਲ ਬਹੁਤ ਥੋੜ੍ਹਾ ਅਤੇ ਘਟੀਆ ਮਿਆਰ ਦਾ ਲੱਗਦਾ ਹੈ। ਇਸ ਦਾ ਮੰਡੀ ਵਿੱਚ ਪੂਰਾ ਮੁੱਲ ਵੀ ਨਹੀਂ ਮਿਲਦਾ। ਜ਼ਿਆਦਾਤਰ ਵਿਸ਼ਾਣੂ ਰੋਗ ਰਸ ਚੂਸਣ ਵਾਲੇ ਕੀੜਿਆਂ ਰਾਹੀਂ ਅੱਗੇ ਫੈਲਦੇ ਹਨ। ਇਸ ਲਈ ਖੇਤ ਵਿੱਚ ਅਜਿਹੇ ਕੀੜਿਆਂ ਦੀ ਗਿਣਤੀ ’ਤੇ ਕਾਬੂ ਰੱਖੋ। ਇਨ੍ਹਾਂ ਕੀੜਿਆਂ ਦੀ ਰੋਕਥਾਮ ਵਾਸਤੇ ਸਿਫ਼ਾਰਸ਼ ਕੀਤੀਆਂ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ