ਖੇਤੀ ਵਿੱਚ ਬਦਲ ਰਹੇ ਸਮੀਕਰਨ ਅਨੁਸਾਰ ਪੰਜਾਬ ਵਿੱਚ ਕਣਕ, ਝੋਨੇ ਹੇਠਲੇ ਰਕਬੇ ਨੂੰ ਘਟਾ ਕੇ ਫਲਾਂ ਹੇਠ ਰਕਬਾ ਵਧਾਉਣਾ ਸਮੇਂ ਦੀ ਮੁਖ ਲੋੜ ਹੈ। ਇਸ ਲਈ ਫਲਾਂ ਦੀਆਂ ਢੁੱਕਵੀਆਂ ਕਿਸਮਾਂ ਦੀ ਰੋਗ ਰਹਿਤ ਪੌਦ ਤਿਆਰ ਕਰਨਾ ਬਹੁਤ ਹੀ ਜ਼ਰੂਰੀ ਹੈ। ਫਲਾਂ ਦੀ ਔਸਤ ਪੈਦਾਵਾਰ ਦੇ ਘੱਟ ਹੋਣ ਦਾ ਮੁੱਖ ਕਾਰਨ ਬਿਮਾਰੀ ਰਹਿਤ, ਸਿਹਤਮੰਦ ਫਲਦਾਰ ਬੂਟਿਆਂ ਦੀ ਪੌਦ ਦੀ ਅਣਹੋਂਦ ਹੈ। ਨੌਜਵਾਨ ਸਿਖਲਾਈ ਲੈ ਕੇ ਫਲਾਂ ਦੀ ਸਿਹਤਮੰਦ ਪੌਦ ਤਿਆਰ ਕਰਨ ਨੂੰ ਇੱਕ ਕਿਤੇ ਦੇ ਤੌਰ ’ਤੇ ਵੀ ਅਪਣਾਅ ਸਕਦੇ ਹਨ।
ਫਲਦਾਰ ਬੂਟਿਆਂ ਦਾ ਨਸਲੀ ਵਾਧਾ ਕਰਨ ਦੇ ਮੁੱਖ ਪੰਜ ਢੰਗ ਹਨ:
- ਬੀਜ ਰਾਹੀਂ
- ਕਲਮਾਂ ਰਾਹੀਂ
- ਦਾਬ ਰਾਹੀਂ
- ਅੱਖ ਚਾੜ੍ਹ ਕੇ
- ਪਿਉਂਦ ਰਾਹੀਂ
ਬੀਜ ਰਾਹੀਂ: ਫਲਦਾਰ ਬੂਟਿਆਂ ਜਿਵੇਂ ਕਿ ਪਪੀਤਾ, ਫਾਲਸਾ ਅਤੇ ਜਾਮਨ ਦਾ ਜਿਨਸੀ ਵਾਧਾ ਬੀਜ ਦੁਆਰਾ ਹੀ ਕੀਤਾ ਜਾਂਦਾ ਹੈ। ਬੀਜ ਤੋਂ ਤਿਆਰ ਕੀਤੇ ਬੂਟਿਆਂ ਨੂੰ ਭਾਵੇਂ ਬਿਮਾਰੀ ਘੱਟ ਲਗਦੀ ਹੈ ਪਰ ਫਲ ਦੀ ਗੁਣਵੱਤਾ ਅਤੇ ਝਾੜ ’ਤੇ ਮਾੜਾ ਅਸਰ ਪੈਂਦਾ ਹੈ। ਪਰ ਜੜ੍ਹ–ਮੁੱਢ ਤਿਆਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਬੀਜ ਰਾਹੀਂ ਹੈ। ਬੀਜ ਨੂੰ ਬਿਜਾਈ ਤੋਂ ਪਹਿਲਾਂ 3.0 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਉ। ਪਪੀਤੇ ਦੀ ਪਨੀਰੀ ਜੁਲਾਈ ਦੇ ਦੂਜੇ ਹਫ਼ਤੇ ਤੋਂ ਸਤੰਬਰ ਦੇ ਤੀਜੇ ਹਫ਼ਤੇ 25 ਤੋਂ 10 ਸੈਂਟੀਮੀਟਰ ਆਕਾਰ ਦੇ ਪਲਾਸਟਿਕ ਦੇ ਲਿਫਾਫਿਆਂ ਵਿੱਚ ਤਿਆਰ ਕੀਤੀ ਜਾਂਦੀ ਹੈ। ਇਨ੍ਹਾਂ ਲਿਫਾਫਿਆਂ ਵਿੱਚ 8-10 ਛੇਕ ਕੀਤੇ ਜਾਂਦੇ ਹਨ ਤਾਂ ਕਿ ਵਾਧੂ ਪਾਣੀ ਬਾਹਰ ਨਿਕਲ ਆਵੇ। ਲਿਫਾਫਿਆਂ ਨੂੰ ਰੂੜੀ ਦੀ ਖਾਦ, ਮਿੱਟੀ ਅਤੇ ਰੇਤ ਦੀ ਬਰਾਬਰ ਮਾਤਰਾ ਵਿੱਚ ਮਿਲਾ ਕੇ ਭਰ ਲਉ।
ਕਲਮਾਂ ਰਾਹੀ: ਅੰਗੂਰ ਅਤੇ ਅਨਾਰ ਦਾ ਨਸਲੀ ਵਾਧਾ ਕਲਮਾਂ ਰਾਹੀਂ ਕੀਤਾ ਜਾਂਦਾ ਹੈ। ਕਲਮ 15-20 ਸੈਂਟੀਮੀਟਰ ਲੰਬੀ ਇੱਕ ਸਾਲ ਪੁਰਾਣੀ ਟਾਹਣੀ ਜੋ ਪੈਨਸਲ ਦੀ ਮੋਟਾਈ ਦੀ ਹੋਵੇ ਅਤੇ 3-5 ਅੱਖਾਂ ਵਾਲੀ ਬਣਾਉਣੀ ਚਾਹੀਦੀ ਹੈ। ਕਲਮ ਦਾ ਉਪਰਲਾ ਟੱਕ ਤਿਰਛਾ ਅਤੇ ਹੇਠਲਾ ਟੱਕ ਗੋਲ ਹੋਣਾ ਚਾਹੀਦਾ ਹੈ। ਕਲਮ ਦਾ ਇੱਕ ਤਿਹਾਈ ਹਿੱਸਾ ਜ਼ਮੀਨ ਤੋਂ ਉਪਰ ਹੋਣਾ ਚਾਹੀਦਾ ਹੈ ਅਤੇ ਬਾਕੀ ਜ਼ਮੀਨ ਦੇ ਥੱਲੇ। ਇੱਕ ਸਾਲ ਵਿੱਚ ਬੂਟਾ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦਾ ਹੈ।
ਵਾਯੂ ਦਾਬ/ਗੁੱਟੀ: ਇਸ ਢੰਗ ਨਾਲ ਲੀਚੀ ਦਾ ਵਾਧਾ ਕੀਤਾ ਜਾਂਦਾ ਹੈ। ਇੱਕ ਸਾਲ ਪੁਰਾਣੀ ਟਾਹਣੀ ਦੇ ਸਿਰੇ ਵੱਲੋਂ ਇੱਕ ਫੁੱਟ ਪਿੱਛੇ ਨੂੰ 2.5 ਸੈਂਟੀਮੀਟਰ ਗੋਲਾਈ ਵਿੱਚ ਛਿੱਲੜ ਉਤਾਰ ਦਿੱਤੀ ਜਾਂਦੀ ਹੈ। ਇਸ ਹਿੱਸੇ ਨੂੰ ਸਫੈਗਨਮ ਘਾਹ ਨਾਲ ਢੱਕ ਕੇ ਪੋਲੀਥੀਨ ਵਿੱਚ ਲਪੇਟ ਕੇ ਪਾਸਿਆਂ ਤੋਂ ਕੱਸ ਕੇ ਬੰਨ੍ਹ ਦਿੱਤਾ ਜਾਂਦਾ ਹੈ। 3-4 ਹਫ਼ਤਿਆਂ ਬਾਅਦ ਕੱਟੇ ਹਿੱਸੇ ’ਤੇ ਜੜ੍ਹਾਂ ਨਿਕਲ ਆਉਂਦੀਆਂ ਹਨ। ਇਸ ਟਾਹਣੀ ਨੂੰ ਬੂਟੇ ਤੋਂ ਅਲੱਗ ਕਰਕੇ ਨਰਸਰੀ ਵਿੱਚ ਲਗਾ ਦਿੱਤਾ ਜਾਂਦਾ ਹੈ। ਬਾਰਾਮਾਸੀ ਨਿੰਬੂ ਦੇ ਬੂਟੇ ਵੀ ਇਸ ਵਿਧੀ ਰਾਹੀਂ ਤਿਆਰ ਕੀਤੇ ਜਾ ਸਕਦੇ ਹਨ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ