milch

ਜਾਣੋ, ਲਵੇਰੀਆਂ ਨੂੰ ਦੁੱਧੋਂ ਸੁਕਾਉਣ ਦੀ ਪ੍ਰਕਿਰਿਆ ਬਾਰੇ

ਦੁੱਧ ਦੇ ਰਹੀ ਗੱਭਣ ਗਾਂ/ਮੱਝ ਨੂੰ ਸੂਣ ਤੋਂ 2 ਮਹੀਨੇ ਪਹਿਲਾਂ ਚੋਣਾ ਬੰਦ ਕਰ ਦੇਣਾ ਚਾਹੀਦਾ ਹੈ, ਤਾਂ ਕਿ ਉਸ ਨੂੰ ਆਰਾਮ ਮਿਲ ਸਕੇ ਅਤੇ ਪਿਛਲੇ ਸੂਏ ਵਿੱਚ ਜੋ ਹਵਾਨੇ ਅੰਦਰ ਦੁੱਧ ਕੋਸ਼ਾਂ ਦੀ ਟੁੱਟ ਭੱਜ ਹੋਈ ਹੈ, ਉਹ ਠੀਕ ਹੋ ਸਕੇ ਅਤੇ ਪਸ਼ੂ ਸੂਣ ਪਿੱਛੋਂ ਦੁੱਧ ਪੂਰੀ ਮਾਤਰਾ ਵਿੱਚ ਪੈਦਾ ਕਰ ਸਕੇ। ਪਰ ਕਈ ਵਾਰ ਕੁੱਝ ਪਸ਼ੂਆਂ ਨੂੰ ਦੁੱਧੋਂ ਸੁਕਾਉਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਦੁੱਧੋਂ ਸੁਕਾਉਣ ਦੇ ਕੁੱਝ ਤਰੀਕੇ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ:

ਖੁਰਾਕ ਘਟਾਉਣਾ: ਲਵੇਰੀ ਨੂੰ ਦੁੱਧ ਸਕਾਉਣ ਲਈ ਕੁੱਝ ਦਿਨ ਪਸ਼ੂ ਦਾ ਦਾਣਾ ਬੰਦ ਕਰ ਦਿਓ ਅਤੇ ਹਰੇ ਪੱਠੇ ਵੀ ਘੱਟ ਪਾਓ। ਜਦੋਂ ਉਹ ਦੁੱਧ ਦੇਣੋ ਹੱਟ ਜਾਵੇ ਤਾਂ ਫਿਰ ਉਸ ਨੂੰ ਦਾਣਾ ਪਾਉਣਾ ਸ਼ੁਰੂ ਕਰ ਦਿਓ।

ਇੱਕ ਡੰਗ ਹੀ ਚੋਣਾ: ਲਵੇਰੀ ਨੂੰ ਕੁੱਝ ਦਿਨਾਂ ਵਾਸਤੇ ਇੱਕ ਡੰਗ ਹਰ ਰੋਜ਼ ਚੋਵੋ, ਫਿਰ ਇੱਕ ਦਿਨ ਛੱਡ ਕੇ ਇੱਕ ਡੰਗ ਚੋਵੋ। ਫਿਰ 2-3 ਦਿਨਾਂ ਦੇ ਫ਼ਾਸਲੇ ‘ਤੇ 1 ਡੰਗ ਚੋਵੋ। ਇਸ ਨਾਲ ਹੌਲੀ-ਹੌਲੀ ਅਖੀਰ ਲਵੇਰੀ ਦੁੱਧ ਦੇਣਾ ਬੰਦ ਕਰ ਦੇਵੇਗੀ।

ਪੂਰਾ ਦੁੱਧ ਨਾ ਚੋਣਾ: ਇਸ ਤਰੀਕੇ ਨਾਲ ਪਸ਼ੂ ਦਾ ਪੂਰਾ ਦੁੱਧ ਚੋਇਆ ਨਹੀ ਜਾਂਦਾ, ਸਗੋਂ ਕੁੱਝ ਦੁੱਧ ਹਵਾਨੇ ਵਿੱਚ ਹੀ ਛੱਡ ਦਿੱਤਾ ਜਾਂਦਾ ਹੈ। ਕੁੱਝ ਦਿਨ ਪੂਰਾ ਦੁੱਧ ਨਾ ਚੋਣ ਕਾਰਨ ਪਸ਼ੂ ਦਾ ਦੁੱਧ ਘੱਟ ਜਾਂਦਾ ਹੈ ਅਤੇ ਉਸ ਨੂੰ ਚੋਣਾ ਬੰਦ ਕਰ ਦਿੱਤਾ ਜਾਂਦਾ ਹੈ। ਸੱਜਰ ਸੂਈ ਗਾਂ/ਮੱਝ, ਜਿਸ ਨੂੰ ਦੁੱਧ ਦਾ ਬੁਖਾਰ ਹੋਣ ਦਾ ਡਰ ਹੋਵੇ, ਉਸ ਲਈ ਇਹ ਤਰੀਕਾ ਅਪਣਾਇਆ ਜਾਂਦਾ ਹੈ।

ਚੁਆਈ ਫੌਰਨ ਬੰਦ ਕਰ ਦੇਣੀ: ਇਹ ਤਰੀਕਾ ਉਦੋਂ ਅਪਣਾਇਆ ਜਾਂਦਾ ਹੈ, ਜਦੋਂ ਪਸ਼ੂ ਥੱਲੇ ਦੁੱਧ ਬਹੁਤ ਘੱਟ ਹੋਵੇ, ਪਰ ਹਵਾਨਾ ਬਿਲਕੁਲ ਸਹੀ ਹੋਵੇ ਅਤੇ ਕੋਈ ਸੋਜ ਜਾਂ ਜ਼ਖਮ ਵੀ ਨਾ ਹੋਵੇ। ਲਵੇਰੀ ਨੂੰ ਅਖ਼ੀਰਲੀ ਵਾਰ ਚੋਣ ਵੇਲੇ ਹਵਾਨਾ ਬਿਲਕੁੱਲ ਖਾਲੀ ਕਰ ਦੇਵੋ ਅਤੇ ਲਾਲ ਦਵਾਈ ਦੇ ਘੋਲ ਨਾਲ ਹਵਾਨੇ ਨੂੰ ਚੰਗੀ ਤਰਾਂ ਧੋ ਲਵੋ। ਥਣਾਂ ਨੂੰ ਚੰਗੀ ਤਰ੍ਹਾਂ ਸੁਕਾ ਲੈਣ ਤੋਂ ਬਾਅਦ ਥਣਾਂ ਵਿੱਚ ਕਿਰਮ ਨਾਸ਼ਕ ਦਵਾਈ ਦਿਓ, ਪਰ ਇਹ ਸਭ ਡਾਕਟਰ ਦੀ ਸਲਾਹ ਨਾਲ ਹੀ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ