ਆਪਣੀ ਘਰੇਲੂ ਬਗ਼ੀਚੀ ਨੂੰ ਬਣਾਓ ਬਿਮਾਰੀ-ਮੁਕਤ ਅਤੇ ਹਰਿਆ-ਭਰਿਆ

ਜੇਕਰ ਤੁਹਾਡੇ ਘਰ ਵਿੱਚ ਵੀ ਬਗ਼ੀਚੀ ਹੈ ਤਾਂ ਤੁਸੀਂ ਇਹ ਗੱਲ ਤਾਂ ਜਾਣਦੇ ਹੋਵੋਗੇ ਕਿ ਉਸ ਵਿੱਚ ਕੀਟਾਂ ਤੋਂ ਕਿਵੇਂ ਬਚਾਅ ਕਰ ਸਕਦੇ ਹੋ। ਅਸੀਂ ਤੁਹਾਨੂੰ ਕੁੱਝ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਵਰਤ ਕੇ ਤੁਸੀਂ ਘਰੇਲੂ ਬਗ਼ੀਚੀ ਦੇ ਕੀਟਾਂ ਅਤੇ ਰਸ ਚੂਸਣ ਵਾਲੇ ਕੀਟਾਂ ਤੋਂ ਬਚਾਅ ਕਰ ਸਕਦੇ ਹੋ, ਜਿਵੇਂ ਕਿ ਚੇਪਾ, ਮਿਲੀ ਬੱਗ, ਮਕੌੜਾ ਜੂੰ ਆਦਿ।

• ਸਿਉਂਕ ਤੋਂ ਬਚਾਅ

ਜੇਕਰ ਬਗ਼ੀਚੀ ਦੀ ਮਿੱਟੀ ‘ਚ ਸਿਉਂਕ ਹੈ ਤਦ ਕੋਈ ਵੀ ਪੌਦਾ ਲੱਗਣ ਤੋਂ ਪਹਿਲਾਂ ਟੋਆ ਤਿਆਰ ਕਰਕੇ ਕੁੱਝ ਦਿਨ ਧੁੱਪ ਲੱਗਣ ਦਿਓ। ਫਿਰ ਖਾਦ ਮਿੱਟੀ ਦੇ ਮਿਸ਼ਰਣ ਵਿੱਚ 1-2 ਮੁੱਠੀ ਨਿੰਮ ਦੀ ਖ਼ਲ ਦਾ ਚੂਰਣ ਮਿਲਾ ਕੇ ਟੋਆ ਭਰੋ ਅਤੇ ਪੌਦੇ ਦਾ ਰੋਪਣ ਕਰੋ। ਇਸ ਨਾਲ ਸਿਉਂਕ ‘ਤੇ ਕੰਟਰੋਲ ਹੁੰਦਾ ਹੈ।

• ਪੱਤੇ ਖਾਣ ਵਾਲੀ ਸੁੰਡੀ

ਜੇਕਰ ਤੁਹਾਨੂੰ ਬਗ਼ੀਚੀ ‘ਚ ਕੁੱਝ ਪੱਤੇ ਕੁਤਰੇ ਹੋਏ ਨਜ਼ਰ ਆਉਂਦੇ ਹਨ, ਤਾਂ ਸੁੰਡੀ ਵੀ ਪੱਤੇ ਦੀ ਸਤਹਿ ‘ਤੇ ਦਿਖ ਜਾਵੇਗੀ। ਇਸਦੇ ਨਿਯੰਤਰਣ ਲਈ ਲਸਣ ਬਹੁਤ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਅੱਧਾ ਕੱਪ ਕੁੱਟੇ ਲਸਣ ਨੂੰ ਅੱਧੇ ਲੀਟਰ ਪਾਣੀ ਵਿੱਚ ਮਿਲਾ ਕੇ 1 ਜਾਂ 2 ਘੰਟੇ ਲਈ ਮਿਲਾ ਕੇ ਰੱਖ ਦਿਓ। ਫਿਰ ਇਸਨੂੰ ਛਾਣ ਕੇ ਇੱਕ ਸਪਰੇਅ ਬੋਤਲ ਵਿੱਚ ਭਰ ਲਓ ਅਤੇ ਪੌਦਿਆਂ ‘ਤੇ ਸਪਰੇਅ ਕਰੋ। ਨਿੰਮ ਵੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਬੇਹੱਦ ਉਪਯੋਗੀ ਹੈ। ਬਗ਼ੀਚੀ ਦਾ ਸਰਵੇਖਣ ਕਰਦੇ ਰਹੋ ਤਾਂ ਕਿ ਕੀੜੇ-ਬਿਮਾਰੀ ਦਾ ਸ਼ੁਰੂਆਤੀ ਅਵਸਥਾ ‘ਚ ਹੀ ਪਤਾ ਲੱਗ ਜਾਵੇ, ਤਾਂ ਕੰਟਰੋਲ ਅਸਾਨੀ ਨਾਲ ਕੀਤਾ ਜਾ ਸਕਦਾ ਹੈ।

• ਰਸ ਚੂਸਣ ਵਾਲੇ ਕੀੜੇ

ਨਿੰਮ ਸਪਰੇਅ ਦਾ ਪੌਦਿਆਂ ‘ਤੇ 15 ਦਿਨ ਦੇ ਅੰਤਰਾਲ ‘ਤੇ 2-3 ਵਾਰ ਛਿੜਕਾਅ ਕਰਨ ਨਾਲ ਰਸ ਚੂਸਣ ਵਾਲੇ ਕੀਟਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਨਿੰਮ ਦੀਆਂ ਪੱਤੀਆਂ ਤੋਂ ਤਿਆਰ ਇਹ ਸਪਰੇਅ ਕੀਟਾਂ ‘ਤੇ ਅਸਰਦਾਰ ਸਾਬਿਤ ਹੁੰਦੀ ਹੈ।

ਇਸ ਤੋਂ ਇਲਾਵਾ ਤੁਸੀਂ ਆਪਣੀ ਬਗ਼ੀਚੀ ਨੂੰ ਹਰਿਆ-ਭਰਿਆ ਰੱਖਣ ਲਈ ਹੇਠ ਲਿਖੇ ਉਪਾਅ ਕਰ ਸਕਦੇ ਹੋ:

•ਪੌਦਿਆਂ ਦੀ ਹਰਿਆਲੀ ਬਣਾਈ ਰੱਖਣ ਲਈ ਸਮੇਂ-ਸਮੇਂ ‘ਤੇ ਉਚਿੱਤ ਮਾਤਰਾ ‘ਚ ਪਾਣੀ ਪਾਉਂਦੇ ਰਹੋ।
•ਜੇਕਰ ਤੁਹਾਨੂੰ ਪੌਦਿਆਂ ਦੇ ਪੱਤਿਆਂ ‘ਤੇ ਕੀੜੇ ਨਜ਼ਰ ਆਉਣ ਤਾਂ ਉਨ੍ਹਾਂ ਨੂੰ ਹੱਥ ਨਾਲ ਕੱਢ ਦਿਓ ਅਤੇ ਪੱਤਿਆਂ ‘ਤੇ ਪਾਣੀ ਪਾਓ।
•ਨਿੰਮ ਦੇ ਪੱਤਿਆਂ ਨੂੰ ਪਾਣੀ ‘ਚ ਪਾਓ ਅਤੇ ਇਸ ਨੂੰ 24 ਘੰਟੇ ਲਈ ਰੱਖੋ ਫਿਰ ਹਰ ਦੋ ਦਿਨ ਬਾਅਦ ਤੁਸੀਂ ਇਸਨੂੰ ਪੌਦਿਆਂ ‘ਤੇ ਛਿੜਕੋ।
•ਪੌਦਿਆਂ ਨੂੰ ਉਚਿੱਤ ਧੁੱਪ ਦੀ ਲੋੜ ਹੁੰਦੀ ਹੈ, ਇਸ ਲਈ ਸਮੇਂ-ਸਮੇਂ ‘ਤੇ ਉਨ੍ਹਾਂ ਨੂੰ ਧੁੱਪ ਮਿਲਦੀ ਰਹੇ।
•ਬੇਰੰਗ ਪੱਤਿਆਂ ਨੂੰ ਹੱਥ ਨਾਲ ਕੱਢ ਦਿਓ।
•ਪੌਦਿਆਂ ਦੀਆਂ ਜੜ੍ਹਾਂ ਤੋਂ ਕੀੜੇ-ਮਕੌੜਿਆਂ ਨੂੰ ਦੂਰ ਰੱਖਣ ਲਈ ਇਸਦੀ ਸਤਹਿ ‘ਤੇ ਕਾਲੀ ਮਿਰਚ ਦਾ ਪਾਊਡਰ ਪਾ ਦਿਓ।
•ਕੀੜਿਆਂ ਨੂੰ ਡਰਾਉਣ ਲਈ ਤੁਸੀਂ ਆਪਣੀ ਬਗ਼ੀਚੀ ਵਿੱਚ ਨਕਲੀ ਤਿਤਲੀਆਂ ਵੀ ਚਿਪਕਾ ਸਕਦੇ ਹੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ